ਪੁਰਾਤਨ ਸਮੇਂ ਤੋਂ ਹੀ ਭਾਰਤ ਨੂੰ ਉੱਚ ਨੈਤਿਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਵਜੋਂ ਜਾਣਿਆ ਜਾਂਦਾ ਹੈ ਪਰ ਅੱਜ ਲੋਕ ਆਪਣੇ ਉੱਚ ਪੁਰਾਤਨ ਆਦਰਸ਼ਾਂ ਨੂੰ ਭੁੱਲ ਕੇ ਅਨੈਤਿਕ ਅਤੇ ਅਣਮਨੁੱਖੀ ਕਾਰਿਆਂ ’ਚ ਸ਼ਾਮਲ ਹੋ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ।
ਇੱਥੋਂ ਤੱਕ ਕਿ ਨਾਰੀ ਜਾਤੀ ਨੂੰ ਵੀ ਇਹ ਦਰਿੰਦੇ ਆਪਣਾ ਸ਼ਿਕਾਰ ਬਣਾ ਰਹੇ ਹਨ। ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਇਸੇ ਸਾਲ ਦੀਆਂ ਹੇਠਲੀਆਂ ਚੰਦ ਉਦਾਹਰਣਾਂ ਤੋਂ ਸਪੱਸ਼ਟ ਹੈ :
* 6 ਫਰਵਰੀ, 2024 ਨੂੰ ਦਿੱਲੀ ਦੇ ਨੇਬਸਰਾਏ ਇਲਾਕੇ ’ਚ ਸਿੱਕਮ ਦੀ ਇਕ ਲੜਕੀ ਨਾਲ ਉਸ ਦੇ ਹੀ ਪ੍ਰੇਮੀ ਨੇ ਜਬਰ-ਜ਼ਨਾਹ ਕਰਨ ਪਿੱਛੋਂ ਲੋਹੇ ਦੀ ਰਾਡ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ’ਤੇ ਉਬਲਦੀ ਹੋਈ ਦਾਲ ਡੋਲ੍ਹ ਦਿੱਤੀ, ਜਿਸ ਨਾਲ ਉਸ ਦਾ ਚਿਹਰਾ ਅਤੇ ਹੱਥ ਸੜ ਗਏ।
ਫਿਰ ਉਹ ਲੜਕੀ ਨੂੰ ਤੜਫਦੀ ਹੋਈ ਛੱਡ ਕੇ ਕਮਰਾ ਬਾਹਰ ਤੋਂ ਬੰਦ ਕਰ ਕੇ ਚਲਾ ਗਿਆ। ਰੋਂਦੀ-ਚੀਕਦੀ ਲੜਕੀ ਦੀਆਂ ਚੀਕਾਂ ਕਿਸੇ ਤਰ੍ਹਾਂ ਮਕਾਨ ਮਾਲਕ ਤੱਕ ਪਹੁੰਚੀਆਂ ਤਾਂ ਉਸ ਨੇ ਆ ਕੇ ਉਸ ਨੂੰ ਬਾਹਰ ਕੱਢਿਆ। ਲੜਕੀ ਦੇ ਸਰੀਰ ’ਤੇ ਸੱਟਾਂ ਦੇ 20 ਨਿਸ਼ਾਨ ਪਾਏ ਗਏ।
* 3 ਮਾਰਚ ਨੂੰ ਸ਼ਿਵਪੁਰੀ (ਮੱਧ ਪ੍ਰਦੇਸ਼) ਦੇ ‘ਕਰੈਰਾ’ ’ਚ ਬੇਖੌਫ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਅਗਵਾ ਕਰਨ ਪਿੱਛੋਂ ਉਸ ਨੂੰ ਬਰਫ ਦੀ ਸਿਲ਼ ’ਤੇ ਲਿਟਾ ਕੇ ਗਾਲ੍ਹਾਂ ਕੱਢਦੇ ਹੋਏ ਇਕ ਘੰਟਾ ਕੁੱਟਿਆ। ਉਸ ਤੋਂ ਆਪਣੇ ਪੈਰ ਧੁਆਏ ਅਤੇ ਮੂੰਹ ’ਤੇ ਪਿਸ਼ਾਬ ਕਰਨ ਦਾ ਵੀਡੀਓ ਬਣਾਉਣ ਪਿੱਛੋਂ ਉਸ ਨੂੰ ਇਸੇ ਹਾਲਤ ’ਚ ਸੜਕ ’ਤੇ ਸੁੱਟ ਕੇ ਫਰਾਰ ਹੋ ਗਏ।
* 20 ਮਾਰਚ ਨੂੰ ਉੱਜੈਨ (ਮੱਧ ਪ੍ਰਦੇਸ਼) ’ਚ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਇਕ ਨੌਜਵਾਨ ਨੂੰ ਰੁੱਖ ਨਾਲ ਬੰਨ੍ਹ ਕੇ ਉਸ ਨੂੰ ਜੁੱਤੀਆਂ-ਚੱਪਲਾਂ ਦੀ ਮਾਲਾ ਪਹਿਨਾਉਣ ਅਤੇ ਪਿਸ਼ਾਬ ਪਿਆਉਣ ਦੇ ਦੋਸ਼ ’ਚ ਕੁਝ ਦਬੰਗਾਂ ਵਿਰੁੱਧ ਕੇਸ ਦਰਜ ਕੀਤਾ ਗਿਆ।
* 27 ਮਾਰਚ ਨੂੰ ਸੀਤਾਮੜੀ (ਬਿਹਾਰ) ’ਚ ਪੰਚਾਇਤ ਚੋਣਾਂ ਦੀ ਰੰਜਿਸ਼ ’ਚ ਅੱਧੀ ਦਰਜਨ ਲੋਕਾਂ ਨੇ ਨਾਸਿਰ ਨਾਂ ਦੇ ਇਕ ਨੌਜਵਾਨ ਨੂੰ ਘੇਰ ਕੇ ਨੰਗਾ ਕਰਨ ਪਿੱਛੋਂ ਡਾਂਗਾਂ, ਲੋਗੇ ਦੀਆਂ ਰਾਡਾਂ ਅਤੇ ਬੈਲਟ ਨਾਲ ਬੁਰੀ ਤਰ੍ਹਾਂ ਕੁੱਟਿਆ।
* 27 ਮਾਰਚ ਨੂੰ ਹੀ ਇੰਦੌਰ (ਮੱਧ ਪ੍ਰਦੇਸ਼) ਦੇ ਬਛੌੜਾ ਪਿੰਡ ’ਚ ਹੋਲੀ ਦੇ ਤਿਉਹਾਰ ’ਤੇ ਮਾਮੂਲੀ ਝਗੜੇ ’ਚ ਇਕ 30 ਸਾਲਾ ਔਰਤ ਨੂੰ ਦਿਨ-ਦਿਹਾੜੇ ਨਗਨ ਕਰ ਕੇ ਕੁੱਟਣ ਅਤੇ ਪਿੰਡ ’ਚ ਘੁਮਾਉਣ ਦੇ ਦੋਸ਼ ’ਚ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 29 ਮਾਰਚ ਨੂੰ ਠਾਣੇ (ਮਹਾਰਾਸ਼ਟਰ) ਦੇ ਨਵੀ ਮੁੰਬਈ ਨਗਰ ’ਚ ਇਕ ਵਿਅਕਤੀ ਨੂੰ ਇਲਾਇਚੀ ਚੋਰੀ ਕਰਨ ਦੇ ਦੋਸ਼ ’ਚ ਨੰਗਾ ਕਰ ਕੇ ਕੁੱਟਣ, ਉਸ ਨੂੰ ਜੁੱਤੀਆਂ ਚੱਟਣ ਲਈ ਮਜਬੂਰ ਕਰਨ ਅਤੇ ਉਸ ਦੀ ਵੀਡੀਓ ਬਣਾਉਣ ਦੇ ਦੋਸ਼ ’ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 31 ਮਾਰਚ ਨੂੰ ਤਰਨ ਤਾਰਨ (ਪੰਜਾਬ) ਦੇ ਕਸਬਾ ਵਲਟੋਹਾ ਨਿਵਾਸੀ ਨੌਜਵਾਨ ਵਲੋਂ ਗੁਆਂਢੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ’ਤੇ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਨੇ ਲੜਕੇ ਦੀ 55 ਸਾਲਾ ਮਾਂ ਨੂੰ ਘਰ ਤੋਂ ਬਾਹਰ ਕੱਢ ਕੇ ਨਾ ਸਿਰਫ ਉਸ ਨਾਲ ਮਾਰਕੁੱਟ ਕੀਤੀ ਸਗੋਂ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਨਗਨ ਅਵਸਥਾ ’ਚ ਵੀਡੀਓ ਬਣਾਉਣ ਪਿੱਛੋਂ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।
* 31 ਮਾਰਚ ਨੂੰ ਹੀ ਇੰਦੌਰ (ਮੱਧ ਪ੍ਰਦੇਸ਼) ’ਚ ਇਕ ਮਕਾਨ ਮਾਲਕ ਅਤੇ ਉਸ ਦੇ ਬੇਟੇ ਨੇ ਉਨ੍ਹਾਂ ਦੇ ਘਰ ’ਚ ਕਿਰਾਏ ’ਤੇ ਰਹਿਣ ਵਾਲੀ ਨਰਸਿੰਗ ਦੀ ਵਿਦਿਆਰਥਣ ਅਤੇ ਉਸ ਨਾਲ ਬੈਠ ਕੇ ਖਾਣਾ ਖਾ ਰਹੇ ਉਸ ਦੇ ਜਮਾਤੀ ਨੂੰ ਬਿਨਾਂ ਕਿਸੇ ਕਾਰਨ ਕਮਰੇ ’ਚ ਵੜ ਕੇ ਪਹਿਲਾਂ ਤਾਂ ਬੈਲਟ ਨਾਲ ਅਤੇ ਫਿਰ ਕੁੱਤੇ ਦੇ ਪਟਿਆਂ ਨਾਲ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ।
ਇਸ ਪਿੱਛੋਂ ਉਨ੍ਹਾਂ ਨੇ ਵਿਦਿਆਰਥਣ ਨੂੰ ਨਗਨ ਕਰ ਕੇ ਮੋਬਾਈਲ ’ਤੇ ਗਾਣਾ ਲਾ ਕੇ ਨੱਚਣ ਨੂੰ ਮਜਬੂਰ ਕੀਤਾ। ਦੋਵਾਂ ’ਤੇ ਜ਼ੁਲਮਾਂ ਦਾ ਸਿਲਸਿਲਾ ਪੰਜ ਘੰਟੇ ਚੱਲਿਆ।
* 2 ਅਪ੍ਰੈਲ ਨੂੰ ਲੁਧਿਆਣਾ ਦੇ ਥਾਣਾ ਮੇਹਰਬਾਨ ’ਚ ਇਕ ਵਿਅਕਤੀ ਨੇ ਸ਼ਰਾਬ ਪੀਣ ਤੋਂ ਰੋਕਣ ’ਤੇ ਆਪਣੀ ਪਤਨੀ ਦਾ ਸਿਰ ਜ਼ਮੀਨ ’ਤੇ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 4 ਅਪ੍ਰੈਲ ਨੂੰ ਸਾਰਣ (ਬਿਹਾਰ) ਜ਼ਿਲੇ ਦੇ ਹਰੀਹਰਨਾਥ ਥਾਣਾ ਖੇਤਰ ਦੇ ਪਿੰਡ ਅਹੀਰ ਪੱਟੀ ’ਚ ਇਕ ਨੌਜਵਾਨ ਨੇ ਕਿਸੇ ਝਗੜੇ ਕਾਰਨ ਆਪਣੇ ਮਿੱਤਰ ਮੋਨੂ ਨੂੰ ਬੁਰੀ ਤਰ੍ਹਾਂ ਕੁੱਟਣ ਪਿੱਛੋਂ ਅੱਗ ਲਾ ਕੇ ਮਾਰ ਦਿੱਤਾ।
* 5 ਅਪ੍ਰੈਲ ਨੂੰ ਮੁੱਲਾਂਪੁਰ ਦਾਖਾ (ਪੰਜਾਬ) ’ਚ ਕਲਯੁੱਗੀ ਬੇਟਿਆਂ ਅਤੇ ਨੂੰਹਾਂ ਵਲੋਂ ਕੁਝ ਹੀ ਦਿਨ ਪਹਿਲਾਂ ਵਿਧਵਾ ਹੋਈ ਆਪਣੀ ਮਾਂ ਨੂੰ, ਜੋ ਆਪਣੇ ਪਤੀ ਦੇ ‘ਫੁੱਲ’ ਜਲ ਪ੍ਰਵਾਹ ਕਰ ਕੇ ਪਰਤੀ ਸੀ, ਡਾਂਗਾਂ-ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਣ ਤੋਂ ਇਲਾਵਾ ਉਸ ਨੂੰ ਬਚਾਉਣ ਆਈ ਉਸ ਦੀ ਬੇਟੀ, ਜਵਾਈ ਅਤੇ ਮਾਮੀ ਨੂੰ ਵੀ ਬੁਰੀ ਤਰ੍ਹਾਂ ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ।
ਝਾਰਖੰਡ ਦੀ ‘ਕੋਲਹਨ ਯੂਨੀਵਰਸਿਟੀ’ ’ਚ ਮਨੋਵਿਗਿਆਨ ਦੇ ਪ੍ਰੋਫੈਸਰ ਡਾ. ਧਰਮਿੰਦਰ ਕੁਮਾਰ ਅਨੁਸਾਰ, ਸਮਾਜ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਇਕ ਵੱਡਾ ਕਾਰਨ ਅੱਜ ਦੀ ਗੁੰਝਲਦਾਰ ਜੀਵਨ-ਸ਼ੈਲੀ ਤੋਂ ਉਪਜੀਆਂ ਸਮੱਸਿਆਵਾਂ ਅਤੇ ਮਾਨਸਿਕ ਵਿਕਾਰ ਹਨ।
ਗੁੱਸਾ, ਭਾਵਨਾਵਾਂ ਦੀ ਸ਼ਿੱਦਤ ਅਤੇ ਗੈਰ-ਵਿਹਾਰਕ ਇੱਛਾਵਾਂ ਲੋਕਾਂ ’ਤੇ ਜਿਸ ਤਰ੍ਹਾਂ ਹਾਵੀ ਹੋ ਰਹੀਆਂ ਹਨ, ਉਸ ਦਾ ਨਤੀਜਾ ਉਨ੍ਹਾਂ ’ਚ ਸੰਵੇਦਨਸ਼ੀਲਤਾ ਦੀ ਘਾਟ ਅਤੇ ਹਿੰਸਕ ਭਾਵਨਾ ’ਚ ਵਾਧੇ ਦੇ ਸਿੱਟੇ ਵਜੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ।
-ਵਿਜੇ ਕੁਮਾਰ
ਸਹੀ ਜਾਂ ਗਲਤ ਫੈਸਲੇ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ
NEXT STORY