ਫਰੀਦਕੋਟ (ਜਗਤਾਰ): ਪੰਜਾਬੀ ਦੀ ਇਕ ਕਹਾਵਤ ਹੈ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ,”ਇਹ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਆਪਣੇ ਘਰ ਦੇ ਕਿਸੇ ਯੋਗ ਵਿਅਕਤੀ ਦੀ ਯੋਗਤਾ ਨੂੰ ਦਰ-ਕਿਨਾਰ ਕਰ ਕਿਸੇ ਤੀਜੇ ਵਿਅਕਤੀ ਦੀ ਯੋਗਤਾ ਦੇ ਸੋਹਲੇ ਗਾਏ ਜਾਂਦੇ ਹੋਣ। ਇਹ ਕਹਾਵਤ ਇਨੀਂ-ਦਿਨੀਂ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਦੇ ਰਿਟਾਇਰਡ ਸਰਕਾਰੀ ਅਧਿਆਪਕ ਗੁਲਵੰਤ ਸਿੰਘ ਤੇ ਹੂ-ਬ-ਹੂ ਢੁੱਕਦੀ ਹੈ ਕਿਉਂਕਿ ਗੁਲਵੰਤ ਸਿੰਘ ਬੇਸ਼ੱਕ ਵਿਸ਼ਵ ਪੱਧਰ ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਕੇ ਵਿਸ਼ਵ ਚੈਂਪੀਅਨ ਬਣ ਚੁੱਕਾ ਹੈ ਪਰ ਉਸ ਦੇ ਆਪਣੇ ਸ਼ਹਿਰ,ਜ਼ਿਲ੍ਹੇ ਜਾਂ ਸੂਬੇ ਅੰਦਰ ਉਸ ਦੀ ਕੋਈ ਬਹੁਤੀ ਪਛਾਣ ਸਾਹਮਣੇ ਨਹੀਂ ਆਈ। ਕਦੀ ਵੀ ਕਿਸੇ ਨੇ ਗੁਲਵੰਤ ਦੀ ਕਲਾ ਦੀ ਤਾਰੀਫ਼ ਨਹੀਂ ਕੀਤੀ ਅਤੇ ਨਾਂ ਹੀ ਉਸ ਦਾ ਇਸ ਕਾਬਲੀਅਤ ਬਦਲੇ ਕੋਈ ਬਣਦਾ ਸਨਮਾਨ ਕੀਤਾ। ਗੁਲਵੰਤ ਸਿੰਘ ਇਨੀਂ ਦਿਨੀਂ ਆਪਣੀ ਪਤਨੀ ਸਮੇਤ ਕੋਟਕਪੂਰਾ ਵਿਖੇ ਰਹਿ ਰਿਹਾ ਹੈ ਅਤੇ ਤਾਲਾਬੰਦੀ ਦੇ ਵਿਹਲੇ ਸਮੇਂ ਦੌਰਾਨ ਤਿਆਰ ਕੀਤੀਆਂ ਆਪਣੀਆਂ ਕਲਾ ਕ੍ਰਿਤੀਆਂ ਨੂੰ ਆਖ਼ਰੀ ਛੋਹਾਂ ਦੇ ਰਿਹਾ ਹੈ।
ਚਿੱਤਰਕਾਰ ਗੁਲਵੰਤ ਸਿੰਘ ਇਕ ਰਿਟਾਇਰਡ ਸਰਕਾਰੀ ਅਧਿਆਪਕ ਹੈ, ਜਿਸ ਨੇ ਆਪਣੇ ਚਿੱਤਰਕਾਰੀ ਦੇ ਸੌਂਕ ਨੂੰ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੇਸ਼ਾ ਬਣਾ ਲਿਆ ਅਤੇ ਉਸ ਦੀਆਂ ਬਣਾਈਆਂ ਹੋਈਆਂ ਪੇਂਟਿੰਗ ਵਿਦੇਸ਼ਾਂ ਖ਼ਾਸ ਕਰਕੇ ਅਰਬ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਪਸੰਦ ਆਈਆਂ ਅਤੇ 2017 'ਚ ਦੁਬਈ ਵਿਚ ਹੋਈ ਵਿਸ਼ਵ ਪੱਧਰੀ ਪੇਂਟਿੰਗ ਪ੍ਰਦਰਸ਼ਨੀ ਵਿਚ ਗੁਲਵੰਤ ਸਿੰਘ ਦੀਆਂ 2 (ਪੇਂਟਿੰਗਾਂ ਇਕ ਪਿੱਪਲ ਦੇ ਪੱਤਿਆਂ ਉਪਰ ਬਣੀ ਦੁਬਈ ਦੇ ਸੇਖ ਦੀ ਪੇਂਟਿੰਗ ਅਤੇ ਇਕ ਅਰਬੀ ਘੋੜੇ ਦੀ ਪੇਂਟਿੰਗ) ਅਵੱਲ ਰਹੀਆਂ ਅਤੇ ਗੁਲਵੰਤ ਸਿੰਘ ਵਿਸ਼ਵ ਚੈਂਪੀਅਨ ਬਣਿਆਂ।
ਦੁਬਈ ਸਰਕਾਰ ਨੇ ਗੁਲਵੰਤ ਸਿੰਘ ਨੂੰ ਵਿਸ਼ਵ ਦਾ ਵਧੀਆ ਆਰਟਿਸਟ ਐਲਾਨਿਆਂ ਅਤੇ ਉਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਜਿੱਥੇ ਸਨਮਾਨਤ ਕੀਤਾ, ਉੱਥੇ ਹੀ ਉਨ੍ਹਾਂ ਵਲੋਂ ਬਣਾਈ ਗਈ ਅਰਬੀ ਘੋੜੇ ਦੀ ਪੇਂਟਿੰਗ ਨੂੰ ਦੁਬਾਈ ਦੀ ਯੂਨੀਵਰਸਟੀ 'ਚ ਪੱਕੇ ਤੌਰ ਤੇ ਸਥਾਪਿਤ ਕੀਤਾ।ਗੱਲਬਾਤ ਕਰਦਿਆਂ ਗੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਣਾਈਆਂ ਗਈਆਂ ਕਲਾਂ ਕ੍ਰਿਤੀਆਂ ਨੂੰ ਅਰਬ ਦੇਸ਼ਾਂ ਵਿਚ ਬਹੁਤ ਸਰਾਹਿਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਵੀ ਦੁਬਈ ਸਰਕਾਰ ਨੇ ਕੀਤਾ।ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਵਿਦੇਸ਼ਾਂ ਦੀਆਂ ਸਰਕਾਰਾਂ ਵਲੋਂ ਸਨਮਾਨਿਤ ਕੀਤੇ ਜਾਣ ਤੇ ਫਖ਼ਰ ਹੈ ਉਥੇ ਹੀ ਆਪਣੀ ਸੂਬੇ ਦੀ ਸਰਕਾਰ ਵਲੋਂ ਉਸ ਦਾ ਕੋਈ ਵੀ ਸਹਿਯੋਗ ਨਾ ਕਰਨ ਤੇ ਮਲਾਲ ਵੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਪੱਧਰ, ਜ਼ਿਲ੍ਹਾ ਪੱਧਰ ਜਾਂ ਸੂਬਾ ਪੱਧਰ ਤੇ ਕਦੀ ਵੀ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਉਨ੍ਹਾਂ ਆਪਣੇ ਕਿੱਤੇ ਅਤੇ ਸੌਂਕ ਬਾਰੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ।
karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ
NEXT STORY