ਅੰਮ੍ਰਿਤਸਰ - ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਮੌਕੇ ਮਨੁੱਖਤਾ ਦੇ ਅਧਿਆਤਮਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਜਿਥੇ ਕੌਮ ਦੇ ਨਾਂ ਸੰਦੇਸ਼ ਦਿੱਤਾ, ਉਥੇ ਹੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਕਥਾਵਾਚਕ ਭਾਈ ਰਣਜੀਤ ਸਿੰਘ ਗੌਹਰ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਦਿੱਤੇ ਸੰਦੇਸ਼ 'ਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਹੋਣ ਲਈ ਕਿਹਾ, ਉਥੇ ਹੀ ਕੌਮ ਨੂੰ ਨਸ਼ਿਆਂ, ਪਤਿਤਪੁਣੇ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਕਰੜਾ ਸੰਘਰਸ਼ ਵਿੱਢਣ ਦਾ ਵੀ ਸੱਦਾ ਦਿੱਤਾ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਸ਼ਿਆਂ ਅਤੇ ਪਤਿਤਪੁਣੇ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਮਾਪਿਆਂ ਦੀ ਜ਼ਿੰਮੇਵਾਰੀ ਨਿਰਧਾਰਤ ਕਰਦਿਆਂ ਕਿਹਾ ਕਿ ਉਹ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਤੇ ਸਿੱਖ ਯੋਧਿਆਂ ਦਾ ਇਤਿਹਾਸ ਸੁਣਾ ਕੇ ਉਨ੍ਹਾਂ ਅੰਦਰ ਸਿੱਖੀ ਦਾ ਜਜ਼ਬਾ ਪ੍ਰਫੁੱਲਿਤ ਕਰਨ। ਪੰਚਾਇਤਾਂ ਆਪਣੇ ਪਿੰਡਾਂ 'ਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਸਰਬਸੰਮਤੀ ਨਾਲ ਮਤੇ ਪਾਸ ਕਰ ਕੇ ਪੰਜਾਬ ਦੇ ਸਬੰਧਤ ਵਿਭਾਗ ਨੂੰ ਭੇਜਣ ਅਤੇ ਇਹ ਮਤੇ ਪਾਸ ਕਰਵਾਉਣ ਲਈ ਸਿੱਖ ਸੰਗਤਾਂ ਤੇ ਖ਼ਾਸ ਕਰ ਕੇ ਬੀਬੀਆਂ-ਭੈਣਾਂ ਅੱਗੇ ਆਉਣ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਲੋਕਾਈ ਨੂੰ ਇਕ ਨਵੀਂ ਰੌਸ਼ਨੀ, ਨਵੇਂ ਜਜ਼ਬੇ ਅਤੇ ਨਵੇਂ ਜੋਸ਼ ਦੇ ਰੂ-ਬ-ਰੂ ਕੀਤਾ : ਪ੍ਰੋ. ਬਡੂੰਗਰ-ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ ਦੀ ਬੋਲੀ, ਸੱਭਿਆਚਾਰ ਅਤੇ ਰੀਤੀ-ਰਿਵਾਜ ਬਚਾਉਣ ਲਈ ਜੋ ਮਿਸ਼ਨ ਆਰੰਭਿਆ ਉਸ ਨੂੰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੋਰ ਅੱਗੇ ਵਧਾਉਂਦਿਆਂ ਜ਼ੁਲਮ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਲੋਕਾਈ ਨੂੰ ਇਕ ਨਵੀਂ ਰੌਸ਼ਨੀ, ਨਵੇਂ ਜਜ਼ਬੇ ਤੇ ਨਵੇਂ ਜੋਸ਼ ਦੇ ਰੂ-ਬ-ਰੂ ਕੀਤਾ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਤੇ ਵਿਗਿਆਨਕ ਕ੍ਰਾਂਤੀ ਦਾ ਮੁੱਢ ਬੰਨ੍ਹਣ ਵਾਲੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਹੋਏ ਮਾਰਗ ਨੂੰ ਅਪਨਾਉਣਾ ਅੱਜ ਦੀ ਵੱਡੀ ਲੋੜ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਕਥਾਵਾਚਕ ਗਿਆਨੀ ਰਣਜੀਤ ਸਿੰਘ ਗੌਹਰ ਨੇ ਜਿਥੇ ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕੀਤਾ ।
ਕੈਪਟਨ ਵੀ ਬਾਦਲ ਦੇ ਰਾਹ 'ਤੇ, ਕੇਂਦਰੀ ਏਜੰਸੀਆਂ 'ਤੇ ਹੀ ਦਿਖਾਇਆ ਭਰੋਸਾ
NEXT STORY