ਜਲਾਲਾਬਾਦ (ਨਿਖੰਜ,ਬਜਾਜਾ)–ਜਲਾਲਾਬਾਦ ਦੀ ਵਿਆਹੁਤਾ ਲੜਕੀ ਨੂੰ ਮਾਪਿਆਂ ਵੱਲੋਂ ਦਾਜ 'ਚ ਦਿੱਤਾ ਗਿਆ ਸਾਮਾਨ ਸਹੁਰੇ ਪਰਿਵਾਰ ਵੱਲੋਂ ਖੁਰਦ-ਬੁਰਦ ਕਰਨ ਦੇ ਦੋਸ਼ ਤਹਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਵਿਆਹੁਤਾ ਲੜਕੀ ਦੇ ਬਿਆਨਾਂ 'ਤੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਥਾਣਾ ਸਿਟੀ ਦੀ ਪੁਲਸ ਦੇ ਏ. ਐੱਸ. ਆਈ. ਸਤੀਸ਼ ਕੁਮਾਰ ਸ਼ਰਮਾ ਨੂੰ ਦਿੱਤੇ ਬਿਆਨਾਂ 'ਚ ਵਿਆਹੁਤਾ ਪੀੜਤ ਲੜਕੀ ਸਲਮਾ ਪੁੱਤਰੀ ਚੰਦਰ ਪ੍ਰਕਾਸ਼ ਵਾਸੀ ਪੀ. ਐੱਨ. ਬੀ. ਬੈਂਕ ਰੋਡ ਜਲਾਲਾਬਾਦ ਨੇ ਦੱਸਿਆ ਕਿ ਉਸ ਦਾ ਵਿਆਹ 21 ਜਨਵਰੀ 2015 ਨੂੰ ਵੰਸ਼ ਖੇੜਾ ਪੁੱਤਰ ਮਨਮੋਹਨ ਸਿੰਘ ਖੇੜਾ ਵਾਸੀ ਭੀਮੇਸ਼ਾਹ ਜੰਡ ਵਾਲਾ ਨਾਲ ਹੋਇਆ ਸੀ। ਵਿਆਹੁਤਾ ਨੇ ਅੱਗੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਆਪਣੀ ਹੈਸੀਅਤ ਮੁਤਾਬਕ ਇਕ ਕਾਰ ਸ਼ਾਦੀ ਸਮੇਂ ਦਿੱਤੀ ਸੀ ਪਰ ਵਿਆਹ ਦੇ ਕੁਝ ਦਿਨਾਂ ਬਾਅਦ ਪਤੀ ਸਮੇਤ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਹੋਰ ਸਾਮਾਨ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵਿਆਹੁਤਾ ਨੇ ਕਿਹਾ ਕਿ ਆਪਣਾ ਘਰ ਵਸਾਉਣ ਲਈ ਸਹੁਰੇ ਪਰਿਵਾਰ ਦੇ ਜ਼ੁਲਮਾਂ ਦੀ ਉਹ ਸ਼ਿਕਾਰ ਹੁੰਦੀ ਰਹੀ ਅਤੇ ਬਾਅਦ 'ਚ ਉਸ ਦੇ ਪੇਕੇ ਉਸ ਨੂੰ ਆਪਣੇ ਕੋਲ ਲੈ ਆਏ ਸਨ। ਉਸ ਨੇ ਕਿਹਾ ਕਿ ਮਾਪਿਆਂ ਵੱਲੋਂ ਦਾਜ ਵਿਚ ਦਿੱਤੀ ਗਈ ਕਾਰ ਦੋਸ਼ੀਆਂ ਨੇ ਧੋਖੇ ਨਾਲ ਵੇਚ ਕੇ ਉਸ ਦੇ ਬਣਦੇ ਪੈਸੇ ਗਬਨ ਕਰ ਲਏ ਸਨ ਅਤੇ ਹੋਰ ਦਿੱਤਾ ਹੋਇਆ ਦਾਜ ਵੀ ਖੁਰਦ-ਬੁਰਦ ਕਰ ਦਿੱਤਾ। ਥਾਣਾ ਸਿਟੀ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਵਿਆਹੁਤਾ ਲੜਕੀ ਦੇ ਪਤੀ ਵੰਸ਼ ਖੇੜਾ, ਸਹੁਰਾ ਮਨਮੋਹਨ ਸਿੰਘ ਅਤੇ ਸੱਸ ਕਿਰਨ ਖੇੜਾ ਵਾਸੀਆਨ ਭੀਮੇਸ਼ਾਹ ਥਾਣਾ ਅਰਨੀਵਾਲਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਕਿਸੇ ਵੀ ਦੋਸ਼ੀ ਦੀ ਪੁਲਸ ਵੱਲੋਂ ਗ੍ਰਿਫਤਾਰੀ ਨਹੀਂ ਹੋ ਸਕੀ।
ਸਵਾਈਨ ਫਲੂ ਨਾਲ ਨਜਿੱਠਣ ਲਈ ਸਿਵਲ ਹਸਪਤਾਲ ਨੇ ਕੱਸੀ ਕਮਰ
NEXT STORY