ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜ ਸ਼ੁਰੂ ਨਾ ਹੋਣ ਲਈ ਜੇ.ਈ. ਵੱਲੋਂ ਈ.ਓ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਾਇਆ ਗਿਆ ਕਿ ਨਗਰ ਪੰਚਾਇਤ ਦੇ ਈ.ਓ. ਜਗਜੀਤ ਸਿੰਘ ਹਫਤੇ ਵਿਚ ਇਕ ਦਿਨ 3 ਤੋਂ 4 ਘੰਟੇ ਲਈ ਦਫਤਰ ਆਉਂਦੇ ਹਨ, ਜਿਸ ਕਰ ਕੇ ਸ੍ਰੀ ਕੀਰਤਪੁਰ ਸਾਹਿਬ ਦਾ ਵਿਕਾਸ ਕਾਰਜ ਪ੍ਰਭਾਵਿਤ ਹੋ ਰਿਹਾ ਹੈ।
ਇਸ ਸਬੰਧੀ ਨਗਰ ਪੰਚਾਇਤ ਦੇ ਜੇ.ਈ. ਰਵਿੰਦਰ ਕੁਮਾਰ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਵਿਚ ਕਾਮਯਾਬ ਨਾ ਹੋਣ ਕਾਰਨ ਈ.ਓ. ਜਗਜੀਤ ਸਿੰਘ ਜੱਜ ਨੇ ਆਪਣਾ ਠੀਕਰਾ ਸਾਡੇ ਸਿਰ ਇਹ ਕਹਿ ਕੇ ਭੰਨਣ ਦੀ ਕੋਸ਼ਿਸ਼ ਕੀਤੀ ਹੈ ਕਿ ਨਗਰ ਪੰਚਾਇਤ ਕੋਲ ਟੈਕਨੀਕਲ ਸਟਾਫ ਦੀ ਘਾਟ ਹੈ, ਜਦੋਂਕਿ ਐੱਸ.ਡੀ.ਓ. ਰਣਵੀਰ ਸਿੰਘ ਰਾਣਾ ਤੇ ਉਹ ਸ੍ਰੀ ਕੀਰਤਪੁਰ ਸਾਹਿਬ ਦਾ ਵਿਕਾਸ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਉਹ ਦਿਨ-ਰਾਤ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ।
ਕਮਿਊਨਿਟੀ ਸੈਂਟਰ ਲਈ ਥਾਂ ਦੀ ਚੋਣ
ਜੇ.ਈ. ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ 'ਚ ਕਮਿਊੁਨਿਟੀ ਸੈਂਟਰ ਬਣਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਲਈ ਬਕਾਇਦਾ 5 ਕਨਾਲ ਜ਼ਮੀਨ ਚੁਣੀ ਗਈ ਹੈ। ਇਸ ਕਮਿਊਨਿਟੀ ਸੈਂਟਰ ਦਾ ਨਕਸ਼ਾ ਤੇ ਮਾਡਲ ਤਿਆਰ ਕਰਨ ਲਈ ਆਰਕੀਟੈਕਚਰਜ਼ ਤੋਂ ਟੈਂਡਰ ਜ਼ਰੀਏ ਰੇਟ ਮੰਗੇ ਗਏ ਹਨ ਜਿਹੜੇ ਕਿ 24 ਅਪ੍ਰੈਲ ਨੂੰ ਖੋਲ੍ਹੇ ਜਾਣਗੇ। ਇਲਾਕੇ ਵਿਚ ਆਪਣੀ ਅਲੱਗ ਪਛਾਣ ਵਾਲਾ ਅਤਿ ਆਧੁਨਿਕ ਕਮਿਊੁਨਿਟੀ ਸੈਂਟਰ ਤਿਆਰ ਕੀਤਾ ਜਾਵੇਗਾ ਜਿਸ ਵਿਚ 500 ਦੇ ਕਰੀਬ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਤੋਂ ਇਲਾਵਾ ਵੱਡੀ ਪਾਰਕਿੰਗ, ਕਮਰੇ, ਵੱਡੀ ਕਿਚਨ ਬਣਾਈ ਜਾਵੇਗੀ। ਇਸ 'ਤੇ 2 ਤੋਂ 4 ਕਰੋੜ ਰੁਪਏ ਅਤੇ ਇਸ ਤੋਂ ਜ਼ਿਆਦਾ ਵੀ ਖਰਚ ਕੀਤਾ ਜਾ ਸਕਦਾ ਹੈ।
ਮੇਰੇ 'ਤੇ ਲਾਏ ਗਏ ਦੋਸ਼ ਬੇਬੁਨਿਆਦੀ : ਈ.ਓ.
ਈ.ਓ. ਜਗਜੀਤ ਸਿੰਘ ਜੱਜ ਨੇ ਕਿਹਾ ਕਿ ਉਹ ਰੈਗੂਲਰ ਦਫਤਰ ਆਉਂਦੇ ਹਨ। ਵੱਖ-ਵੱਖ ਦਿਨਾਂ ਦੀਆਂ ਮੀਟਿੰਗਾਂ ਵਿਚ ਉਨ੍ਹਾਂ ਨੂੰ ਜਾਣਾ ਪੈਂਦਾ ਹੈ। ਇਹ ਕਹਿਣਾ ਕਿ ਉਹ ਦਫ਼ਤਰ ਨਹੀਂ ਆਉਂਦੇ ਸਰਾਸਰ ਝੂਠ ਹੈ, ਹੁਣ ਵੀ ਉਹ ਦਫਤਰ ਬੈਠੇ ਹਨ। ਸਰਕਾਰ ਵੱਲੋਂ ਹਫਤੇ ਵਿਚ ਦੋ ਦਿਨ ਮੰਗਲਵਾਰ ਤੇ ਵੀਰਵਾਰ ਜੇ.ਈ. ਸਾਹਿਬ ਦੀ ਡਿਊਟੀ ਸ੍ਰੀ ਕੀਰਤਪੁਰ ਸਾਹਿਬ ਲਾਈ ਗਈ ਹੈ ਪਰ ਉਹ ਰੋਪੜ ਬੈਠੇ ਹਨ।
ਨਗਰ ਪੰਚਾਇਤ ਕੋਲ ਫੰਡ ਦੇ ਪਏ ਹਨ 15 ਕਰੋੜ ਰੁਪਏ
ਜੇ.ਈ. ਨੇ ਕਿਹਾ ਕਿ ਨਗਰ ਪੰਚਾਇਤ ਕੋਲ 10 ਤੋਂ 15 ਕਰੋੜ ਰੁਪਏ ਦੇ ਫੰਡ ਪਏ ਹਨ। ਫੰਡਾਂ ਦੀ ਕੋਈ ਘਾਟ ਨਹੀਂ ਹੈ, ਸਿਰਫ਼ ਮੈਨੇਜਮੈਂਟ ਦੀ ਕਮੀ ਕਾਰਨ ਸ੍ਰੀ ਕੀਰਤਪੁਰ ਸਾਹਿਬ ਦਾ ਉਹ ਵਿਕਾਸ ਨਹੀਂ ਹੋ ਰਿਹਾ, ਜਿਸ ਦਾ ਇਲਾਕੇ ਦੇ ਲੋਕ ਤੇ ਹਲਕੇ ਦੇ ਵਿਧਾਇਕ ਸੁਪਨਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਵਿਕਾਸ 'ਤੇ 75 ਲੱਖ ਦੇ ਕੰਮ ਕਰਾਉਣ ਲਈ ਟੈਂਡਰ ਕੱਢੇ ਜਾ ਚੁੱਕੇ ਹਨ। ਜਦੋਂਕਿ 1 ਕਰੋੜ 20 ਲੱਖ ਦੇ ਹੋਣ ਵਾਲੇ ਕੰਮਾਂ ਦੀ ਯੋਜਨਾ ਬਣਾਈ ਗਈ ਹੈ।
ਜ਼ਖਮੀ ਤੜਫਦਾ ਰਿਹਾ; ਹਸਪਤਾਲ ਦਾ ਸਟਾਫ ਖਾਂਦਾ ਰਿਹਾ ਰੋਟੀ
NEXT STORY