ਜਲੰਧਰ(ਗੁਲਸ਼ਨ)-ਰੇਲ ਪ੍ਰਸ਼ਾਸਨ ਸਟੇਸ਼ਨ 'ਤੇ ਮੁਸਾਫਿਰਾਂ ਦੀ ਸੁਰੱਖਿਆ ਸਬੰਧੀ ਵੱਡੇ-ਵੱਡੇ ਦਾਅਵੇ ਤਾਂ ਕਰਦਾ ਹੈ ਪਰ ਜ਼ਮੀਨੀ ਹਕੀਕਤ ਇਸ ਨਾਲੋਂ ਵੱਖਰੀ ਹੈ। ਅੱਜ 'ਜਗ ਬਾਣੀ' ਦੀ ਟੀਮ ਨੇ ਜਦੋਂ ਰਾਤ ਵੇਲੇ ਸਿਟੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਸਟੇਸ਼ਨ ਦੀ ਸੁਰੱਖਿਆ ਰੱਬ ਆਸਰੇ ਹੀ ਨਜ਼ਰ ਆਈ। ਸਿਟੀ ਰੇਲਵੇ ਸਟੇਸ਼ਨ ਦੇ ਮੇਨ ਗੇਟਾਂ 'ਤੇ ਰਾਤ ਵੇਲੇ ਰੇਲਵੇ ਪੁਲਸ ਕਰਮਚਾਰੀ ਗਾਇਬ ਸਨ। ਇਨ੍ਹਾਂ ਲਾਵਾਰਿਸ ਪਏ ਗੇਟਾਂ ਤੋਂ ਮੁਸਾਫਿਰ ਬਿਨਾਂ ਕਿਸੇ ਰੋਕ-ਟੋਕ ਆ ਰਹੇ ਸਨ। ਭੀੜ-ਭਾੜ ਵਾਲੇ ਇਸ ਇਲਾਕੇ ਵਿਚ ਇਸ ਤਰ੍ਹਾਂ ਦੀ ਲਾਪਰਵਾਹੀ ਰੇਲ ਮੁਸਾਫਿਰਾਂ ਦੀ ਸੁਰੱਖਿਆ 'ਤੇ ਭਾਰੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਸਿਟੀ ਰੇਲਵੇ ਸਟੇਸ਼ਨ 'ਤੇ ਕਰੀਬ 50 ਹਜ਼ਾਰ ਲੋਕਾਂ ਦਾ ਡੇਲੀ ਆਉਣਾ-ਜਾਣਾ ਹੁੰਦਾ ਹੈ। ਇੰਨੇ ਲੋਕਾਂ ਦੀ ਸੁਰੱਖਿਆ ਲਈ ਬਹੁਤ ਥੋੜ੍ਹੀ ਗਿਣਤੀ ਵਿਚ ਪੁਲਸ ਕਰਮਚਾਰੀ ਡਿਊਟੀ 'ਤੇ ਨਜ਼ਰ ਆਉਂਦੇ ਹਨ ਪਰ ਰਾਤ ਵੇਲੇ ਮੇਨ ਗੇਟ ਵੀ ਖਾਲੀ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਮੁਸਾਫਿਰਾਂ ਤੇ ਸਟੇਸ਼ਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜੀ. ਆਰ. ਪੀ. ਤੇ ਆਰ. ਪੀ. ਐੱਫ. ਦੇ ਹਵਾਲੇ ਹੈ। ਰੇਲਵੇ ਕੋਲ 2-2 ਸੁਰੱਖਿਆ ਦਸਤੇ ਹੋਣ ਦੇ ਬਾਵਜੂਦ ਰਾਤ ਵੇਲੇ ਸਟੇਸ਼ਨ ਦੀ ਸੁਰੱਖਿਆ ਨਾਂਹ ਦੇ ਬਰਾਬਰ ਹੈ।
ਮੁਸਾਫਿਰਾਂ 'ਚ ਪਾਈ ਜਾ ਰਹੀ ਦਹਿਸ਼ਤ
ਰਾਤ ਵੇਲੇ ਪਲੇਟਫਾਰਮਾਂ 'ਤੇ ਲੋੜੀਂਦੀ ਗਿਣਤੀ ਵਿਚ ਪੁਲਸ ਕਰਮਚਾਰੀ ਨਾ ਹੋਣ ਕਾਰਨ ਮੁਸਾਫਿਰਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਸਟੇਸ਼ਨ ਚਾਰੇ ਪਾਸਿਓਂ ਖੁੱਲ੍ਹਾ ਹੈ, ਅਜਿਹੇ ਵਿਚ ਕੋਈ ਵੀ ਸ਼ਰਾਰਤੀ ਅਨਸਰ ਵਾਰਦਾਤ ਕਰ ਕੇ ਆਸਾਨੀ ਨਾਲ ਫਰਾਰ ਹੋ ਸਕਦਾ ਹੈ। ਪਲੇਟਫਾਰਮ ਨੰਬਰ 2, 3, 4 'ਤੇ ਮੁਸਾਫਿਰਾਂ 'ਚ ਤਾਂ ਜ਼ਿਆਦਾ ਦਹਿਸ਼ਤ ਹੈ ਕਿਉਂਕਿ ਇਸਦੇ ਪਿੱਛੇ ਸਾਰਾ ਖਾਲੀ ਏਰੀਆ ਤੇ ਰਸਤਾ ਵੀ ਖੁੱਲ੍ਹਾ ਹੈ। ਇਸ ਕਾਰਨ ਮੁਸਾਫਿਰ ਟਰੇਨ ਆਉਣ ਤੱਕ ਆਪਣੇ ਸਾਮਾਨ ਨੂੰ ਸੰਭਾਲਣ ਵਿਚ ਹੀ ਲੱਗੇ ਰਹਿੰਦੇ ਹਨ।
ਆਰ. ਪੀ. ਐੱਫ. ਨੇ ਮੈਟਲ ਡਿਟੈਕਟਰ ਲਾਏ ਪਰ ਕਰਮਚਾਰੀ ਤਾਇਨਾਤ ਨਹੀਂ ਕੀਤੇ
ਪਿਛਲੇ ਦਿਨੀਂ ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਨੇ ਸਟੇਸ਼ਨ ਦੇ ਮੇਨ ਗੇਟਾਂ 'ਤੇ ਨਵੇਂ ਮੈਟਲ ਡਿਟੈਕਲ ਲਾਏ ਹਨ ਪਰ ਉਨ੍ਹਾਂ 'ਤੇ ਕਰਮਚਾਰੀ ਤਾਇਨਾਤ ਨਹੀਂ ਕੀਤੇ। ਭਾਵੇਂ ਇਨ੍ਹਾਂ ਮੈਟਲ ਡਿਟੈਕਟਰਾਂ ਦੀ ਜ਼ਿੰਮੇਵਾਰੀ ਆਰ. ਪੀ. ਐੱਫ. ਕੋਲ ਹੈ ਪਰ ਫਿਰ ਵੀ ਅੱਜ ਤੱਕ ਕੋਈ ਵੀ ਜਵਾਨ ਗੇਟ 'ਤੇ ਨਜ਼ਰ ਨਹੀਂ ਆਇਆ।
ਮੁਸਾਫਿਰਾਂ ਦਾ ਕਹਿਣਾ ਹੈ ਕਿ ਜੇਕਰ ਗੇਟਾਂ 'ਤੇ ਕੋਈ ਕਰਮਚਾਰੀ ਹੀ ਤਾਇਨਾਤ ਨਹੀਂ ਕਰਨਾ ਸੀ ਤਾਂ ਮੈਟਲ ਡਿਟੈਕਟਰਾਂ 'ਤੇ ਪੈਸੇ ਖਰਚਣ ਦੀ ਕੀ ਲੋੜ ਹੈ। ਇਨ੍ਹਾਂ ਮੈਟਲ ਡਿਕੈਟਕਰਾਂ 'ਚੋਂ ਬਿਨਾਂ ਚੈਕਿੰਗ ਰੋਜ਼ਾਨਾ ਹਜ਼ਾਰਾਂ ਮੁਸਾਫਿਰ ਲੰਘਦੇ ਹਨ। ਅਜਿਹੇ ਵਿਚ ਕੋਈ ਵੀ ਸ਼ਰਾਰਤੀ ਅਨਸਰ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਦਾ ਹੈ।
ਰਾਤ ਵੇਲੇ ਥਾਣੇ ਦਾ ਮੇਨ ਗੇਟ ਵੀ ਰਹਿੰਦੈ ਬੰਦ
ਰਾਤ ਵੇਲੇ ਜੀ. ਆਰ. ਪੀ. ਥਾਣੇ ਦਾ ਮੇਨ ਗੇਟ ਵੀ ਬੰਦ ਰਹਿੰਦਾ ਹੈ। ਜੇਕਰ ਰਾਤ ਵੇਲੇ ਕਿਸੇ ਮੁਸਾਫਿਰ ਨੂੰ ਐਮਰਜੈਂਸੀ ਹਾਲਾਤ ਵਿਚ ਥਾਣੇ ਜਾਣ ਦੀ ਲੋੜ ਪਵੇ ਤਾਂ ਗੇਟ ਬੰਦ ਹੋਣ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਾਤ ਵੇਲੇ ਨਾ ਤਾਂ ਗੇਟ ਖੁੱਲ੍ਹਾ ਹੁੰਦਾ ਹੈ ਤੇ ਨਾ ਹੀ ਉਥੇ ਕੋਈ ਸੰਤਰੀ ਤਾਇਨਾਤ ਹੁੰਦਾ ਹੈ। ਟਰੇਨਾਂ ਵਿਚ ਅਕਸਰ ਲੁੱਟ-ਖੋਹ ਦਾ ਸ਼ਿਕਾਰ ਹੋਣ ਵਾਲੇ ਪ੍ਰਵਾਸੀ ਤਾਂ ਥਾਣੇ ਦਾ ਗੇਟ ਬੰਦ ਦੇਖ ਕੇ ਬਿਨਾਂ ਸ਼ਿਕਾਇਤ ਦਿੱਤਿਆਂ ਹੀ ਵਾਪਸ ਮੁੜ ਜਾਂਦੇ ਹਨ।
ਜੀ. ਆਰ. ਪੀ. ਦੇ ਕਰਮਚਾਰੀ ਗੇਟਾਂ 'ਤੇ ਤਾਇਨਾਤ ਹੁੰਦੇ ਹਨ, ਆਰ. ਪੀ. ਐੱਫ. ਦੇ ਨਹੀਂ : ਰੰਧਾਵਾ
ਇਸ ਸਬੰਧ ਵਿਚ ਜਦੋਂ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਸਮੇਂ ਪੁਲਸ ਕਰਮਚਾਰੀ ਤਾਇਨਾਤ ਰਹਿੰਦੇ ਹਨ। ਰਾਤ ਵੇਲੇ ਵੀ ਕਰਮਚਾਰੀਆਂ ਦੀ ਡਿਊਟੀ ਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੇਨ ਗੇਟਾਂ 'ਤੇ ਆਰ. ਪੀ. ਐੱਫ. ਵੱਲੋਂ ਮੈਟਲ ਡਿਟੈਕਟਰ ਲਾਏ ਗਏ ਹਨ ਪਰ ਫਿਰ ਵੀ ਉਨ੍ਹਾਂ ਦੀ ਬਜਾਏ ਜੀ. ਆਰ. ਪੀ. ਦੇ ਕਰਮਚਾਰੀ ਡਿਊਟੀ 'ਤੇ ਤਾਇਨਾਤ ਹੁੰਦੇ ਹਨ।
2 ਸ਼ਰਾਬ ਸਮੱਗਲਰਾਂ ਨੂੰ 6-6 ਮਹੀਨੇ ਦੀ ਕੈਦ ਤੇ ਜੁਰਮਾਨਾ
NEXT STORY