ਪਟਿਆਲਾ (ਬਲਜਿੰਦਰ, ਰਾਣਾ) - ਸ਼ਹਿਰ ਵਿਚ ਜਿਥੇ ਵੀ ਜਾਓ, ਵੱਡੀ ਗਿਣਤੀ ਵਿਚ ਭੀਖ ਮੰਗਣ ਵਾਲੇ ਅਕਸਰ ਦਿਖਾਈ ਦਿੰਦੇ ਹਨ। ਖਾਸ ਤੌਰ 'ਤੇ ਬੱਚੇ ਲੋਕਾਂ ਤੋਂ ਭੀਖ ਮੰਗਦੇ ਨਜ਼ਰ ਆਉਂਦੇ ਹਨ। 'ਜਗ ਬਾਣੀ' ਵੱਲੋਂ ਇਕ ਸਰਵੇ ਕੀਤਾ ਗਿਆ, ਜਿਸ ਵਿਚ ਪਾਇਆ ਗਿਆ ਕਿ ਬੱਚਿਆਂ ਤੋਂ ਭੀਖ ਮੰਗਵਾਉਣਾ ਹੁਣ ਮਜਬੂਰੀ ਨਹੀਂ ਰਿਹਾ ਸਗੋਂ ਕੁਝ ਪਰਿਵਾਰਾਂ ਨੇ ਇਸ ਨੂੰ ਪੇਸ਼ੇ ਦੇ ਤੌਰ 'ਤੇ ਅਪਣਾ ਲਿਆ ਹੈ। ਹਾਲਾਂਕਿ ਇਹ ਪਰਿਵਾਰ ਜ਼ਿਆਦਾਤਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਨੇਪਾਲ ਨਾਲ ਸਬੰਧਤ ਹਨ।
ਪਟਿਆਲਾ 'ਚ ਵੀ ਇਕ ਅਜਿਹੀ ਕਾਲੋਨੀ ਹੈ, ਜਿੱਥੋਂ ਬੱਚਿਆਂ ਨੂੰ ਪੇਸ਼ੇ ਦੇ ਤੌਰ 'ਤੇ ਭੀਖ ਮੰਗਣ ਲਈ ਭੇਜਿਆ ਜਾਂਦਾ ਹੈ। ਕੁਸ਼ਟ ਆਸ਼ਰਮ ਵਿਚ ਰਹਿਣ ਵਾਲੇ ਲੋਕ ਪਹਿਲਾਂ ਤੋਂ ਭੀਖ ਮੰਗਦੇ ਆ ਰਹੇ ਹਨ। ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ਵਿਚ ਭਿਖਾਰੀਆਂ ਦੀ ਗਿਣਤੀ ਜਦੋਂ ਇਕਦਮ ਵਧੀ ਤਾਂ ਜ਼ਿਲਾ ਪ੍ਰਸ਼ਾਸਨ ਨੇ ਇਸ ਨੂੰ ਰੋਕਣ ਲਈ ਖਾਸ ਤੌਰ 'ਤੇ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ, ਜੋ ਕਿ ਇਨ੍ਹੀਂ ਦਿਨੀਂ ਪੂਰੇ ਪੰਜਾਬ ਵਿਚ ਲਾਗੂ ਹੋ ਰਹੀ ਹੈ। ਅੱਜ ਦੀ ਇਸ ਖਬਰ ਦਾ ਮੁੱਖ ਮਨੋਰਥ ਭਿਖਾਰੀਆਂ ਸਬੰਧੀ ਜਾਗਰੂਕਤਾ ਹੈ ਨਾ ਕਿ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾਉਣਾ। ਕਈ ਵਾਰ ਅਸੀਂ ਉਸ ਦੀ ਹਾਲਤ 'ਤੇ ਤਰਸ ਖਾ ਕੇ ਭੀਖ ਦਿੰਦੇ ਹਾਂ ਪਰ ਸਾਨੂੰ ਅਣਜਾਣੇ ਵਿਚ ਪਤਾ ਨਹੀਂ ਹੁੰਦਾ ਕਿ ਅਸੀਂ ਉਸ ਬੱਚੇ ਨੂੰ ਕਾਬਲ ਬਣਾਉਣ ਦੀ ਬਜਾਏ ਉਸ ਦੀਆਂ ਆਦਤਾਂ ਜਾਂ ਉਸ ਦੇ ਮਾਪਿਆਂ ਦੀਆਂ ਆਦਤਾਂ ਨੂੰ ਖਰਾਬ ਕਰਨ ਵਿਚ ਸਹਿਯੋਗ ਦੇ ਰਹੇ ਹਾਂ।
100 ਤੋਂ ਜ਼ਿਆਦਾ ਪਰਿਵਾਰਾਂ ਨੇ ਭੀਖ ਨੂੰ ਪੇਸ਼ੇ ਵਜੋਂ ਅਪਣਾਇਆ
ਪਟਿਆਲਾ ਸ਼ਹਿਰ ਵਿਚ 100 ਤੋਂ ਜ਼ਿਆਦਾ ਪਰਿਵਾਰ ਹਨ, ਜਿਨ੍ਹਾਂ ਨੇ ਭੀਖ ਨੂੰ ਪੇਸ਼ੇ ਵਜੋਂ ਅਪਣਾ ਕੇ ਪੂਰੇ ਪੇਸ਼ੇਵਾਰਨਾ ਤਰੀਕੇ ਨਾਲ ਭੀਖ ਮੰਗੀ ਜਾਂਦੀ ਹੈ, ਜਿਸ ਵਿਚ ਖਾਸ ਤੌਰ 'ਤੇ ਮਹਿਲਾਵਾਂ ਤੇ ਛੋਟੇ ਬੱਚਿਆਂ ਨੂੰ ਭੀਖ ਲਈ ਅੱਗੇ ਕੀਤਾ ਜਾਂਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਪਰਿਵਾਰ ਦਾ ਮੁਖੀਆ ਸੜਕ ਦੇ ਕਿਨਾਰੇ ਪੂਰੀ ਨਿਗਰਾਨੀ ਲਈ ਬੈਠਾ ਹੁੰਦਾ ਹੈ ਅਤੇ ਬੱਚੇ ਤੇ ਮਹਿਲਾਵਾਂ ਭੀਖ ਮੰਗ ਕੇ ਸ਼ਾਮ ਨੂੰ ਲਿਆ ਕੇ ਉਸ ਨੂੰ ਦੇ ਦਿੰਦੇ ਹਨ। ਇਨ੍ਹਾਂ ਪਰਿਵਾਰਾਂ ਵਿਚੋਂ ਕਈ ਤਾਂ ਫੁੱਟਪਾਥਾਂ 'ਤੇ ਪੁਰੇ ਦਾ ਪੂਰਾ ਪਰਿਵਾਰ ਬੈਠਾ ਹੁੰਦਾ ਹੈ। ਹਾਲਾਂਕਿ ਜ਼ਿਆਦਾਤਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਨੇਪਾਲ ਤੋਂ ਪਟਿਆਲਾ ਵਿਚ ਭਿਖਾਰੀ ਆਏ ਹੋਏ ਹਨ, ਜਿਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਦਾ ਸਾਧਨ ਹੀ ਭੀਖ ਨੂੰ ਬਣਾਇਆ ਹੋਇਆ ਹੈ।
ਹਰ ਦਿਨ ਵੱਖ-ਵੱਖ ਥਾਵਾਂ ਕੀਤੀਆਂ ਨਿਰਧਾਰਿਤ
ਭਿਖਾਰੀਆਂ ਨੇ ਸ਼ਹਿਰ ਵਿਚ ਅਲੱਗ-ਅਲੱਗ ਦਿਨ ਵੱਖ-ਵੱਖ ਥਾਵਾਂ ਨਿਰਧਾਰਿਤ ਕੀਤੀਆਂ ਹੋਈਆਂ ਹਨ। ਉਹੀ ਪਰਿਵਾਰ ਤੇ ਭਿਖਾਰੀ ਸ਼ਨੀਵਾਰ ਨੂੰ ਸ਼੍ਰੀ ਕਾਲੀ ਮਾਤਾ ਮੰਦਰ ਦੇ ਅੱਗੇ, ਵੀਰਵਾਰ ਨੂੰ ਮਾਲ ਰੋਡ ਦਰਗਾਹ ਦੇ ਅੱਗੇ, ਮੰਗਲਵਾਰ ਨੂੰ ਰਾਜਪੁਰਾ ਰੋਡ ਅਤੇ ਜੇਲ ਰੋਡ 'ਤੇ ਸਥਿਤ ਸ਼੍ਰੀ ਹਨੂਮਾਨ ਮੰਦਰ ਅੱਗੇ, ਪੰਚਮੀ ਅਤੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅੱਗੇ ਭੀਖ ਮੰਗਦੇ ਦੇਖੇ ਜਾ ਸਕਦੇ ਹਨ। ਦਿਨਾਂ ਦੀ ਮਹੱਤਤਾ ਦੇ ਹਿਸਾਬ ਨਾਲ ਇਹ ਇਕ ਤੋਂ ਦੂਜੀ ਥਾਂ 'ਤੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਭੀਖ ਮੰਗਦੇ ਹਨ।
ਸਰਕਾਰੀ ਰਿਕਾਰਡ ਮੁਤਾਬਕ 125 ਤੋਂ ਜ਼ਿਆਦਾ ਬੱਚੇ ਸੜਕਾਂ 'ਤੇ ਮੰਗ ਰਹੇ ਨੇ ਭੀਖ
ਜ਼ਿਲਾ ਪ੍ਰਸ਼ਾਸਨ ਦੇ ਰਿਕਾਰਡ ਮੁਤਾਬਕ ਅਜੇ ਵੀ 125 ਤੋਂ ਜ਼ਿਆਦਾ ਬੱਚੇ ਸੜਕਾਂ 'ਤੇ ਭੀਖ ਮੰਗ ਰਹੇ ਹਨ। ਇਹ ਨਾ ਤਾਂ ਸਕੂਲ ਜਾ ਰਹੇ ਹਨ ਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਕੋਈ ਚਿੰਤਾ ਹੈ। ਸਿਰਫ ਉਨ੍ਹਾਂ ਦੇ ਬਚਪਨ ਅਤੇ ਉਨ੍ਹਾਂ ਦੀ ਤਰਸਯੋਗ ਹਾਲਤ ਬਣਾ ਕੇ ਉਨ੍ਹਾਂ ਦੇ ਜ਼ਰੀਏ ਆਮਦਨ ਹਾਸਲ ਕਰਨਾ ਹੀ ਇਨ੍ਹਾਂ ਦੇ ਮਾਪਿਆਂ ਦਾ ਇਕਮਾਤਰ ਟੀਚਾ ਹੈ, ਜਿਸਨੂੰ ਸਮਝਣ ਦੀ ਬਹੁਤ ਵੱਡੀ ਲੋੜ ਹੈ। ਪੰਜਾਬ ਅਤੇ ਖਾਸ ਤੌਰ 'ਤੇ ਪਟਿਆਲਾ ਵਰਗਾ ਸ਼ਹਿਰ ਇਕ ਅਜਿਹਾ ਸ਼ਹਿਰ ਹੈ, ਜਿੱਥੇ ਹਰ ਵਿਅਕਤੀ ਨੂੰ ਕੰਮ ਮਿਲ ਜਾਂਦਾ ਹੈ ਤੇ ਭੀਖ ਮੰਗਣ ਦੀ ਮਜਬੂਰੀ ਸ਼ਾਇਦ ਹੀ ਕਿਸੇ ਦੀ ਬਣਦੀ ਹੋਵੇ। ਸਰੀਰਕ ਤੌਰ 'ਤੇ ਵਿਕਲਾਂਗ ਜਾਂ ਬਿਲਕੁਲ ਬਜ਼ੁਰਗ ਹੋ ਚੁੱਕੇ ਵਿਅਕਤੀ ਜਿਹੜੇ ਕਿ ਕੰਮ ਕਰਨ ਵਿਚ ਅਸਮਰਥ ਹਨ, ਉਨ੍ਹਾਂ ਬਾਰੇ ਤਾਂ ਸੋਚਿਆ ਜਾ ਸਕਦਾ ਹੈ ਪਰ ਬੱਚਿਆਂ ਵੱਲੋਂ ਭੀਖ ਮੰਗਣਾ ਕਿਸੇ ਵੀ ਤਰੀਕੇ ਨਾਲ ਸਾਡੇ ਦੇਸ਼ ਦੇ ਭਵਿੱਖ ਲਈ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੈ।
ਜ਼ਿਲਾ ਪ੍ਰਸ਼ਾਸਨ ਨੇ 150 ਬੱਚਿਆਂ ਨੂੰ ਭੀਖ ਦੇ ਪੇਸ਼ੇ ਤੋਂ ਕੀਤਾ ਮੁਕਤ
ਸਟੇਟ ਕਮਿਸ਼ਨਰ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਦੇ ਨਿਰਦੇਸ਼ਾਂ 'ਤੇ ਜ਼ਿਲਾ ਬਾਲ ਭਲਾਈ ਅਫਸਰ ਸ਼ਾਇਨਾ ਕਪੂਰ ਦੀ ਅਗਵਾਈ ਹੇਠ ਚਲਾਏ ਗਏ ਆਪ੍ਰੇਸ਼ਨ ਵਿਚ ਹੁਣ ਤੱਕ 150 ਬੱਚਿਆਂ ਨੂੰ ਭੀਖ ਦੇ ਪੇਸ਼ੇ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ। ਜਦਕਿ ਉਨ੍ਹਾਂ ਦੇ ਰਿਕਾਰਡ ਅਨੁਸਾਰ ਅਜੇ ਵੀ 125 ਤੋਂ ਜ਼ਿਆਦਾ ਬੱਚੇ ਇਸ ਪੇਸ਼ੇ ਵਿਚ ਹਨ, ਜਿਨ੍ਹਾਂ ਦੇ ਮਾਪਿਆਂ ਵੱਲੋਂ ਜਬਰਨ ਉਨ੍ਹਾਂ ਤੋਂ ਭੀਖ ਮੰਗਵਾਈ ਜਾ ਰਹੀ ਹੈ, ਜੋ ਕਿ ਇਕ ਅਪਰਾਧ ਹੈ ਤੇ ਪ੍ਰਸਾਸ਼ਨ ਵੱਲੋਂ ਹੁਣ ਇਕ ਟੀਮ ਪੱਕੇ ਤੌਰ 'ਤੇ ਬਣਾ ਦਿੱਤੀ ਗਈ ਹੈ, ਜਿਹੜੀ ਕਿ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਦਿਨ ਰੇਡ ਕਰ ਕੇ ਜਿੱਥੇ ਭਿਖਾਰੀਆਂ ਤੋਂ ਇਸ ਪੇਸ਼ੇ ਨੂੰ ਤਿਆਗਣ ਅਤੇ ਖਾਸ ਤੌਰ 'ਤੇ ਬੱਚਿਆਂ ਨੂੰ ਇਸ ਪੇਸ਼ੇ ਵਿਚੋਂ ਕੱਢਣ ਲਈ ਜਾਗਰੂਕ ਕਰੇਗੀ ਤੇ ਨਾ ਮੰਨਣ ਦੀ ਸੂਰਤ ਵਿਚ ਕਾਰਵਾਈ ਕੀਤੀ ਜਾਵੇਗੀ। ਜ਼ਿਲਾ ਬਾਲ ਭਲਾਈ ਅਫਸਰ ਸ਼ਾਇਨਾ ਕਪੂਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 11 ਮਿਸਿੰਗ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮੁੜ ਤੋਂ ਮਿਲਵਾਇਆ ਵੀ ਗਿਆ ਹੈ।
ਸਮਾਜ ਸੇਵੀ ਸੰਸਥਾ 'ਹਰ ਹਾਥ ਕਲਮ' ਨਿਭਾ ਰਹੀ ਏ ਸ਼ਲਾਘਾਯੋਗ ਭੂਮਿਕਾ
ਥਾਪਰ ਕਾਲਜ ਅਤੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ 'ਹਰ ਹਾਥ ਕਲਮ' ਨਾਂ ਦੀ ਸਮਾਜ ਸੇਵੀ ਸੰਸਥਾ ਬਣਾਈ ਗਈ ਹੈ। ਇਸ ਵੱਲੋਂ ਬੱਚਿਆਂ ਨੂੰ ਭੀਖ ਤੋਂ ਹਟਾ ਕੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਸੰਸਥਾ ਦੇ ਹਰਮਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਉਹ 70 ਬੱਚਿਆਂ ਨੂੰ ਭੀਖ ਤੋਂ ਮੁਕਤ ਕਰਵਾ ਚੁੱਕੇ ਹਨ। ਇਨ੍ਹਾਂ ਨੂੰ ਰੋਜ਼ਾਨਾ ਸ਼ਾਮ 4 ਤੋਂ 6 ਵਜੇ ਪੋਲੀਟੈਕਟੀਕਲ ਕਾਲਜ ਐੈੱਸ. ਐੈੱਸ. ਟੀ. ਨਗਰ ਅਤੇ ਅਬਲੋਵਾਲ ਐਲੀਮੈਂਟਰੀ ਸਕੂਲ ਵਿਖੇ ਉਨ੍ਹਾਂ ਦੇ ਵਾਲੰਟੀਅਰ ਮੁਫਤ ਸਿੱਖਿਆ ਦੇ ਰਹੇ ਹਨ। 100 ਤੋਂ ਜ਼ਿਆਦਾ ਵਾਲੰਟੀਅਰ ਸ਼ਹਿਰ ਦੇ ਧਾਰਮਿਕ ਅਸਥਾਨਾਂ, ਪ੍ਰਮੁੱਖ ਚੌਕਾਂ ਵਿਚ ਰੋਜ਼ਾਨਾ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ।
ਟਰਾਈਸਿਟੀ ਦੀ ਤਰਜ਼ 'ਤੇ ਪਟਿਆਲਾ 'ਚ ਨਾਈਟ ਸਵੀਪਿੰਗ ਸ਼ੁਰੂ
NEXT STORY