ਮਨਜੀਤ ਸਿੰਘ ਰਾਜਪੁਰਾ
ਭੂਟਾਨ ਦੀ ਪਾਰੋ ਵਾਦੀ ਦਾ ਗੇੜਾ ਉਸ ਮੁਕਲਾਵੇ ਆਈ ਬਹੂ ਦੇ ਦਰਸ਼ਨਾਂ ਵਰਗਾ, ਜਿਸ ਨੂੰ ਵਿਹੜੇ 'ਚ ਬੈਠੀ ਵੇਖ ਕੇ ਪਿੰਡ ਦੀ ਤੀਵੀਂ ਨੇ ਕਿਹਾ ਸੀ ਕਿ ਵੇਹੜੇ ਬੈਠੀ ਮਾਂ ਵੇਹੜਾ ਕਰੇ ਭਾਂਅ ਭਾਂਅ ਵੇਹੜੇ ਬੈਠੀ ਰੰਨ ਵਿਹੜਾ ਕਰੇ ਧੰਨ ਧੰਨ। ਜਦੋਂ ਬੰਦਾ ਫੇਰ ਉਸ ਬਹੂ ਦੇ ਵਿਹੜੇ 'ਚ ਪੈਰ ਧਰਦਾ ਤਾਂ ਧੁਰ ਅੰਦਰੋਂ ਕਹਿੰਦਾ, ਰੋੜਾਂ ਦਾ ਵਣਜ ਕਰਨ ਵਾਲਿਆਂ ਨੇ ਆਹ ਮੋਤੀ ਵੀ ਚੁਗਣੇ ਸੀ, ਯਕੀਨ ਨੀ ਆਂਦਾ।
ਦੋ ਕੁ ਸਾਲ ਪਹਿਲਾਂ ਅਸੀਂ ਚਾਰ ਲੰਗਾੜੇ, ਜਦੋਂ ਇਸ ਸੁਰਗ ਨੂੰ ਮਾਣ ਰਹੇ ਸੀ ਤਾਂ ਉਪਰ ਅਸਮਾਨ ਤਾਂ ਕਾਸ਼ਨੀ ਹੀ ਸੀ, ਹੇਠਾਂ ਧਰਤੀ ਵੀ 'ਸ਼ੀਸ਼ੇ ਨੂੰ ਤਰੇੜ' ਪਾਉਣ ਵਰਗੇ ਵਰਤਾਰੇ ਵਰਤਾਅ ਰਹੀ ਲਗਦੀ ਸੀ। ਪਾਣੀ ਦੀਆਂ ਕੂਲਾਂ ਵਗ ਰਹੀਆਂ ਸਨ ਅਤੇ ਫੁੱਲਾਂ 'ਤੇ ਬੈਠੇ ਭੌਰੇ ਵਾਸ਼ਨਾ ਦਾ ਰੱਜ ਕਰ ਰਹੇ ਸਨ, ਜਿਵੇਂ ਰਾਂਝਾ ਸਿਆਲਾਂ ਦੀ ਚੂਰੀ ਦੇ ਕਸੀਦੇ ਪੜ੍ਹ ਰਿਹਾ ਹੋਵੇ।
ਅੱਜ ਕੱਲ੍ਹ ਤਾਂ ਸਾਰੇ ਕਿਤੇ ਕੁੰਡਾਬੰਦ ਹੋਇਆ ਐ ਪਰ ਭੂਟਾਨ 'ਚ ਇਕ ਤਰ੍ਹਾਂ ਨਾਲ ਸਦਾ ਹੀ ਕੁੰਡਾਬੰਦ ਰਹਿੰਦਾ। ਸਾਰੇ ਦੇਸ ਦੀ ਅਬਾਦੀ ਪੌਣੇ ਕੁ ਅੱਠ ਲੱਖ ਐ ਜਦਕਿ ਸਾਡੇ ਲੁਧਿਆਣੇ ’ਚ ਈ ਵੀਹ ਲੱਖ ਹੋਈ ਪਈ ਐ।
ਇਸ ਕਰਕੇ ਬੰਦੇ ਨੂੰ ਲੱਭਣਾ ਇਸ ਤਰ੍ਹਾਂ ਜਿਵੇਂ ਪੈਸੇ ਲੈ ਕੇ ਝੂਠੀ ਗਵਾਹੀ ਦੇਣ ਚੱਲਿਆ ਜੈਲਾ ਲੰਬੜਦਾਰ ਕਚੈਹਰੀ ਦੀ ਅੱਧ ਵਾਟ 'ਚੋਂ ਪਿੱਛੇ ਨੂੰ ਭੱਜ ਗਿਆ ਹੋਵੇ ਤੇ ਸ਼ਰੀਕ ਉਸ ਨੂੰ ਟੋਲਦੇ ਫਿਰ ਰਹੇ ਹੋਣ। ਜੇ ਸੜਕ 'ਤੇ ਕੋਈ ਕਿਰਾਏ ਦੀ ਕਾਰ ਜਾ ਰਹੀ ਹੋਵੇ ਤਾਂ ਜਦੋਂ ਉਸ ਨੂੰ ਅੱਗੋਂ ਜਾਂ ਪਿੱਛੋਂ ਕੋਈ ਵੀ ਗੱਡੀ ਨੀ ਕੱਟਦੀ ਤਾਂ ਉਸ ’ਚ ਬੈਠਾ ਘੁਮੱਕੜ ਬੰਦਾ ਸੋਚਦਾ ਕਿ ਉਂਜ ਤਾਂ ਮੈਂ ਕਿਸ਼ਨ ਬਾਣੀਏ ਦੇ 2500 ਰੁਪਏ ਦੇਣੇ ਐ ਪਰ ਅੱਜ ਕਿਤੇ ਇਹ ਗੱਡੀ ਵਾਲੇ ਮੇਰੇ ਗੁਰਦੇ ਵੇਚ ਕੇ ਗੁਲਗਲੇ ਖਾਣ ਦੀ ਤਾਂ ਨੀ ਸੋਚ ਰਹੇ।
ਭੂਟਾਨ ਟਾਟੇ ਅੰਬਾਨੀਆਂ ਦੇ ਵਿਕਾਸ ਆਲੇ ਸੱਪ ਤੋਂ ਬਚਿਆ ਹੋਇਆ ਇਸੇ ਕਰਕੇ ਭੂਟਾਨ ਦੀ ਰਾਜਧਾਨੀ ਥਿੰਪੂ ਦੇ ਸਭ ਤੋਂ ਵੱਡੇ ਚੌਕ 'ਚ ਸਾਈਕਲ ਦੀ ਟੱਲੀ ਦੀ ਆਵਾਜ਼ ਵੀ ਸੁਣਾਈ ਦਿੰਦੀ ਐ। ਕਾਰਖਾਨੇ ਕੰਪਨੀਆਂ ਲਈ ਕਾਰੋਬਾਰ ਹੋ ਸਕਦੇ ਹੈ ਪਰ ਆਮ ਲੋਕਾਂ ਲਈ ਤਾਂ ਇਹ ਕਤਲਖਾਨੇ ਹੈ। ਜਿੱਥੇ ਉਨ੍ਹਾਂ ਦੀ ਜ਼ਮੀਨ ਦੇ ਨਾਲ-ਨਾਲ, ਜੀਵ ਜੰਤੂਆਂ ਅਤੇ ਉਨ੍ਹਾਂ ਦੀ ਜ਼ਮੀਰ ਨੂੰ ਵੀ ਕਤਲ ਕੀਤਾ ਜਾਂਦਾ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ
ਪਰ ਭੂਟਾਨ ਦਾ ਰਾਜੇ 'ਚ ਹਾਲੇ ਅਣਖ ਬਚੀ ਹੋਈ ਹੈ, ਇਸ ਲਈ ਉਹ ਅੰਬਾਨੀਆਂ ਦੇ ਡਿਵੈਲਪਮੈਂਟ ਆਲੇ ਬਿਸਕੁਟ ਖਾਣ ਤੋਂ ਇਨਕਾਰੀ ਹੈ। ਜਿਸ ਸਦਕਾ ਸਾਰਾ ਭੂਟਾਨ ਹੀ ਖੋਏ ਆਲੀ ਪਿੰਨੀ ਬਣਿਆ ਹੋਇਆ।
ਅਸੀਂ ਥਿੰਪੂ ਤੋਂ ਚੱਲੇ ਅਤੇ ਚਾਰ ਕੁ ਘੰਟਿਆਂ ਦੇ ਸਫਰ ਤੋਂ ਬਾਅਦ, ਪੁਰਾਣੇ ਵਕਤਾਂ 'ਚ ਨਿਆਣਿਆਂ ਦੇ ਗੱਡੇ ਤੋਂ ਉਤਰ ਕੇ ਮੇਲੇ ਪੁੱਜਣ ਵਾਂਗ, ਪਾਰੋ ਵਾਦੀ ਦੀ ਗੋਦ 'ਚ ਜਾ ਪੁੱਜੇ। ਪਾਰੋ ਦਾ ਬੱਸ ਅੱਡਾ ਕਾਹਦਾ ਸੀ। ਇਕ ਕਮਰਾ ਜਿਹਾ ਸੀ, ਜਿਵੇਂ ਮੋਟਰ ਦਾ ਕੋਠਾ ਹੁੰਦਾ। ਬੱਸ ਉਥੇ ਸਾਰੇ ਦਿਨ 'ਚ ਦੋ ਚਾਰ ਬੱਸਾਂ ਹੀ ਪੁੱਜਦੀਆਂ ਸਨ।
ਅਸੀਂ ਪਾਰ ਵਾਦੀ 'ਚ ਹੀ ਪੈਂਦਾ ਮਸ਼ਹੂਰ ਤਕਤਸੰਗ ਮਠ ਇਸ ਨੂੰ ਸ਼ੇਰ ਦਾ ਆਲ੍ਹਣਾ ਵੀ ਕਿਹਾ ਜਾਂਦਾ ਹੈ, ਨੂੰ ਵੇਖਣ ਜਾਣਾ ਸੀ। ਉਹ ਉਥੋਂ ਦਸ ਕੁ ਕਿਲੋਮੀਟਰ ਸੀ। ਉਥੋਂ ਅੱਗੇ ਪੈਦਲ ਚੜ੍ਹਾਈ ਸ਼ੁਰੂ ਹੁੰਦੀ ਸੀ। ਸਾਡੇ ਕੋਲ ਸਾਮਾਨ ਸੀ। ਬੱਸ ਅੱਡੇ ਦੇ ਕੋਠੇ ਨਾਲ ਹੀ ਇਕ ਛੋਟੀ ਜਿਹੀ ਦੁਕਾਨ ਸੀ। ਉਸ ਨੂੰ ਇਕ ਤੀਵੀਂ ਚਲਾ ਰਹੀ ਸੀ।
ਉਹ ਪਹਿਲੀ ਤੀਵੀਂ ਸੀ, ਜਿਹੜੀ ਮੈਂ ਸੂਟ 'ਚ ਵੇਖੀ। ਭੂਟਾਨ 'ਚ ਬਹੁਤੀਆਂ ਦੁਕਾਨਾਂ ਤੀਵੀਂਆਂ ਹੀ ਚਲਾਉਂਦੀਆਂ ਨੇ ਜਿਵੇਂ ਸਾਡੇ ਹੁਣ ਬਹੁਤੇ ਬੰਦਿਆਂ ਨੂੰ ਤੀਵੀਂਆਂ ਹੀ ਚਲਾਉਂਦੀਆਂ ਨੇ, ਉਨ੍ਹਾਂ ਕੋਲ ਸਿਰਫ 'ਚਾਬੀਆਂ' ਹੀ ਬਚੀਆਂ ਨੇ ਪਰ ਉਨ੍ਹਾਂ ਦਾ ਸਟੇਅਰਿੰਗ ਤੀਵੀਂ ਕੋਲ ਹੁੰਦਾ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ
ਪੜ੍ਹੋ ਇਹ ਵੀ ਖਬਰ - 'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ
ਉਸ ਨਾਂ ਸੋਨੀਆ ਸੀ, ਉਸ ਨਾਲ ਗੱਲ ਕਰਕੇ ਅਸੀਂ ਆਪਣਾ ਸਮਾਨ ਉਸ ਕੋਲ ਰੱਖ ਦਿੱਤਾ ਅਤੇ ਸ਼ੇਰ ਦਾ ਆਲ੍ਹਣਾ ਵੇਖਣ ਤੁਰ ਪਏ। ਜਦੋਂ ਅਸੀਂ ਵਾਪਸ ਆਏ ਤਾਂ ਸੋਨੀਆ ਕੋਲ ਸਾਮਾਨ ਚੱਕਣ ਗਏ। ਸੋਨੀਆ ਦਾ ਸੂਟ ਵੇਖ ਕੇ ਮੈਨੂੰ ਹੈਰਾਨੀ ਹੋਈ ਸੀ, ਕਿਉਂਕਿ ਭੂਟਾਨ 'ਚ ਕੋਈ ਤੀਵੀਂ ਸੂਟ ਨੀ ਪਾਉਂਦੀ। ਉਥੇ ਤਾਂ ਸਗੋਂ ਸਰਕਾਰੀ ਮੁਲਾਜ਼ਮਾਂ ਲਈ ਹੁਕਮ ਨੇ ਕਿ ਜੇ ਉਨ੍ਹਾਂ ਨੇ ਡਿਊਟੀ ਸਮੇਂ ਕੌਮੀ ਕੱਪੜੇ ਨਾ ਪਾਏ ਤਾਂ ਇਕ ਹਜ਼ਾਰ ਰੁਪਏ ਜੁਰਮਾਨਾ ਲਗੇਗਾ।
ਇਸ ਕਰਕੇ ਉਥੇ ਹਰ ਕੋਈ ਆਪਣੀ ਕੌਮੀ ਵਰਦੀ ਪਾ ਕੇ ਰੱਖਦਾ।
ਜਦੋਂ ਮੈਂ ਸੋਨੀਆ ਨੂੰ ਸੂਟ ਪਾਉਣ ਬਾਰੇ ਪੁੱਛਿਆ ਤਾਂ ਉਹ ਹੱਸਣ ਲੱਗ ਪਈ। ਉਸ ਦਾ ਹਾਸਾ ਖੜੇ ਪਾਣੀ 'ਚ ਵੱਟਾ ਮਾਰਨ ਨਾਲ ਉਠੀਆਂ ਲਹਿਰਾਂ ਵਰਗਾ ਸੀ ,ਜਿਸ ਦੀ ਹਰ ਛੋਟੀ ਲਹਿਰ ਵੱਡੀ ਲਹਿਰ ’ਚ ਬਦਲਦੀ ਚਲੀ ਜਾਂਦੀ ਹੈ। ਉਹ ਦੱਸਣ ਲੱਗੀ ਕਿ ਇਹ ਸੂਟ ਮੈਂ ਇੰਡੀਆ ਤੋਂ ਸਿਵਾਇਆ ਹੈ, ਇੱਥੇ ਕਿਸੇ ਨੂੰ ਸੂਟ ਸਿਊਣਾ ਨੀ ਆਂਦਾ। ਮੈਨੂੰ ਫਿਲਮਾਂ ਵੇਖ ਕੇ ਜੀਅ ਕਰ ਆਇਆ ਕਿ ਮੈਂ ਵੀ ਸੂਟ ਪਾਵਾਂ।
ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਮੂਰਤ ਖਿਚਾਉਣੀ ਹੈ।
'ਮੂਰਤ ਖਿਚਾਉਣ 'ਚ ਤਾਂ ਮੈਨੂੰ ਕੋਈ ਇਤਰਾਜ਼ ਨੀ ਪਰ ਕਿਤੇ ਮੇਰਾ ਘਰ ਵਾਲਾ ਨਾ ਆ ਜਾਵੇ' ਇਸ ਦੇ ਨਾਲ ਹੀ ਉਸ ਦਾ ਹਾਸਾ ਪਾਰੋ ਦੇ ਪਾਣੀਆਂ ਨੂੰ ਸ਼ਰਬਤੀ ਕਰ ਗਿਆ।
ਅਸੀਂ ਫੇਰ ਆਪਣਾ ਸਮਾਨ ਚੁੱਕਿਆ ਤੇ ਰਾਤ ਰਹਿਣ ਲਈ ਇਕ ਹੋਟਲ 'ਚ ਜਾ ਵੜੇ। ਉਥੇ ਵੀ ਸਾਰੇ ਵਰਤਾਵੇਂ ਤੀਵੀਂਆਂ ਹੀ ਸਨ।
ਜਦੋਂ ਅਸੀਂ ਅੱਧੀ ਰਾਤ ਨੂੰ ਬਾਹਰ ਨਿਕਲੇ ਤਾਂ ਸੜਕ 'ਤੇ ਦੋ ਤੀਵੀਂਆਂ ਸੂਪ ਵੇਚ ਰਹੀਆਂ ਸਨ। ਅਸੀਂ ਉਨ੍ਹਾਂ ਕੋਲ ਸੂਪ ਪੀਤਾ ਤੇ ਅਗਲੇ ਦਿਨ ਸਵੇਰੇ ਪਾਰੋ 'ਚ ਗੂੰਜਦੇ, ਅਸਮਾਨ ਨੂੰ ਕੁਤਕਤਾੜੀਆਂ ਕੱਢਦੇ ਸੋਨੀਆ ਦੇ ਹਾਸੇ ਨਾਲ ਆਪਣਾ ਅੰਦਰ ਭਰਦੇ ਹੋਏ, ਖਾਲੀ ਦੁਨੀਆ ਦੇ ਸਮੁੰਦਰ 'ਚ ਆ ਉਤਰੇ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ
ਲੁਧਿਆਣਾ : ਸਿਵਲ ਹਸਪਤਾਲ 'ਚ ਦਾਖਲ ਸ਼ੱਕੀ ਮਰੀਜ਼ਾਂ ਨਾਲ ਸਟਾਫ ਨੇ ਪਾਇਆ ਭੰਗੜਾ, ਵੀਡੀਓ ਵਾਇਰਲ
NEXT STORY