ਮਲੋਟ (ਜੁਨੇਜਾ) - ਪਿਛਲੇ ਕਈ ਦਿਨਾਂ ਤੋਂ ਜਗਮੀਤ ਸਿੰਘ ਬਰਾੜ ਦੀ ਅਕਾਲੀ ਦਲ 'ਚ ਸ਼ਮੂਲੀਅਤ ਦੇ ਕਿਆਸ ਉਦੋਂ ਖਤਮ ਹੋ ਗਏ, ਜਦੋਂ ਖੁਦ ਬਰਾੜ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਸਬੰਧੀ ਸੋਸ਼ਲ ਮੀਡੀਆ 'ਤੇ ਐਲਾਨ ਕਰ ਦਿੱਤਾ। ਪਿਛਲੇ 39 ਸਾਲਾਂ ਤੋਂ ਅਕਾਲੀ ਦਲ ਅਤੇ ਵਿਸ਼ੇਸ਼ ਕਰ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਆਢਾ ਲੈਣ ਵਾਲੇ ਨਿਧੜਕ ਆਗੂ ਜਗਮੀਤ ਸਿੰਘ ਬਰਾੜ ਦੀ ਅਕਾਲੀ ਦਲ 'ਚ ਸ਼ਮੂਲੀਅਤ ਨੂੰ ਉਸ ਦੀ ਘਰ ਵਾਪਸੀ ਵਜੋਂ ਵੀ ਵੇਖਿਆ ਜਾ ਰਿਹਾ ਹੈ। ਬੇਸ਼ੱਕ ਖੁਦ ਜਗਮੀਤ ਬਰਾੜ ਨੇ ਆਪਣੀ ਸਿਆਸੀ ਜ਼ਿੰਦਗੀ ਵਿਚ ਅਕਾਲੀ ਦਲ ਵਿਰੁੱਧ 2 ਵਿਧਾਨ ਸਭਾ ਅਤੇ 3 ਪਾਰਲੀਮੈਂਟ ਚੋਣਾਂ ਲੜੀਆਂ ਹਨ, ਜਦੋਂ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਿਰੁੱਧ ਲੜੀਆਂ ਅਤੇ ਇਕ ਵਾਰ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ।
ਅਕਾਲੀ ਦਲ ਪਿਛੋਕੜ ਹੈ ਬਰਾੜ ਦੇ ਪਰਿਵਾਰ ਦਾ
ਜਗਮੀਤ ਬਰਾੜ ਦਾ ਪਰਿਵਾਰਕ ਪਿਛੋਕੜ ਅਕਾਲੀ ਦਲ ਨਾਲ ਹੀ ਸਬੰਧਤ ਰਿਹਾ ਹੈ। ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਬਰਾੜ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਅਕਾਲੀ ਦਲ ਵਿਚ ਹੀ ਰਹੇ। ਉਹ ਅਕਾਲੀ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਸਨ ਅਤੇ ਰਿਸ਼ਤੇਦਾਰ ਵੀ ਸਨ। ਉਨ੍ਹਾਂ ਸਭ ਤੋਂ ਪਹਿਲਾਂ 1957 ਵਿਚ ਬਾਘਾਪੁਰਾਣਾ ਤੋਂ ਵਿਧਾਇਕ ਦੀ ਚੋਣ ਜਿੱਤੀ। ਉਸ ਤੋਂ ਬਾਅਦ 1962, 1967 ਅਤੇ 1969 'ਚ ਉਹ ਮਲੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਇਕ ਬਣੇ ਅਤੇ ਪੰਜਾਬ ਸਰਕਾਰ ਵਿਚ ਡਿਪਟੀ ਮੰਤਰੀ ਵੀ ਰਹੇ ਪਰ 1972 ਤੋਂ ਮਲੋਟ ਅਤੇ 1977 'ਚ ਸ੍ਰੀ ਮੁਕਤਸਰ ਸਾਹਿਬ ਦੇ ਹਰਚਰਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰਾਂ ਹੱਥੋਂ ਹਾਰ ਗਏ।1977 'ਚ ਦੇਸ਼ 'ਚ ਕਾਂਗਰਸ ਵਿਰੋਧੀ ਲਹਿਰ ਦੇ ਬਾਵਜੂਦ ਉਹ ਭਾਵੇਂ ਮਾਮੂਲੀ ਫਰਕ ਨਾਲ ਹਾਰ ਗਏ ਪਰ ਸੂਬੇ 'ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਸਰਕਾਰ ਬਣੀ। ਬਰਾੜ ਦੇ ਪਰਿਵਾਰਕ ਮਿੱਤਰ ਵੇਦ ਪ੍ਰਕਾਸ਼ ਖੇੜਾ ਅਤੇ ਹੋਰ ਜਾਣਕਾਰਾਂ ਨੇ ਦੱਸਿਆ ਕਿ 1977 ਵਿਚ ਸੂਬੇ ਦੇ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਤੱਕ ਕੇਂਦਰ ਵਿਚ ਖੇਤੀਬਾੜੀ ਮੰਤਰੀ ਸਨ ਪਰ ਸੂਬਾ ਸਰਕਾਰ ਦੇ ਮੁਖੀ ਬਣਨ ਕਰ ਕੇ ਉਨ੍ਹਾਂ ਵੱਲੋਂ ਪਾਰਲੀਮੈਂਟ ਦੀ ਖਾਲੀ ਕੀਤੀ ਫਰੀਦਕੋਟ ਦੀ ਜ਼ਿਮਨੀ ਚੋਣ ਹੋਣੀ ਸੀ।
ਗੁਰਮੀਤ ਸਿੰਘ ਬਰਾੜ ਜਿਹੜੇ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਸਨ, ਨੇ ਮੁੱਖ ਮੰਤਰੀ ਬਾਦਲ ਕੋਲ ਫਰੀਦਕੋਟ ਤੋਂ ਪਾਰਲੀਮੈਂਟ ਦੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਪਰ ਸੂਤਰਾਂ ਅਨੁਸਾਰ ਬਾਦਲ ਨੇ ਵਾਅਦਾ ਕਰ ਕੇ ਵੀ ਫਰੀਦਕੋਟ ਜ਼ਿਮਨੀ ਚੋਣ ਲਈ ਟਿਕਟ ਬਲਵੰਤ ਸਿੰਘ ਰਾਮੂਵਾਲੀਆਂ ਨੂੰ ਦੇ ਦਿੱਤੀ। ਇਹ ਸਿਆਸੀ ਝਟਕਾ ਗੁਰਮੀਤ ਸਿੰਘ ਬਰਾੜ ਲਈ ਅਸਿਹ ਅਤੇ ਜਾਨਲੇਵਾ ਸਾਬਤ ਹੋਇਆ, ਜਿਸ ਤੋਂ ਬਾਅਦ ਬਰਾੜ ਪਰਿਵਾਰ ਅਤੇ ਬਾਦਲ ਪਰਿਵਾਰ 'ਚ ਸਿਆਸੀ ਲਕੀਰ ਖਿੱਚੀ ਗਈ ਅਤੇ ਜਗਮੀਤ ਸਿੰਘ ਬਰਾੜ ਨੇ ਆਪਣਾ ਸਿਆਸੀ ਜੀਵਨ ਕਾਂਗਰਸ ਪਾਰਟੀ 'ਚ ਸ਼ੁਰੂ ਕੀਤਾ। ਹੁਣ ਬੇਸ਼ੱਕ ਜਗਮੀਤ ਸਿੰਘ ਬਰਾੜ ਕਾਂਗਰਸ ਸਮੇਤ ਹੋਰ ਪਾਰਟੀਆਂ 'ਚੋਂ ਹੁੰਦੇ ਹੋਏ ਅਕਾਲੀ ਦਲ ਵਿਚ ਸ਼ਾਮਲ ਹੋਣ ਜਾ ਰਹੇ ਹਨ ਪਰ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਵੱਲ ਵੇਖੀਏ ਤਾਂ ਇਕ ਤਰ੍ਹਾਂ ਇਹ ਉਨ੍ਹਾਂ ਦੀ ਘਰ ਵਾਪਸੀ ਹੀ ਸਮਝੀ ਜਾਵੇਗੀ।
ਪੰਜਾਬ 'ਚ ਭਾਜਪਾ ਕਸੂਤੀ ਸਥਿਤੀ 'ਚ ਉਮੀਦਵਾਰ ਨਹੀਂ ਹੋਏ ਤੈਅ
NEXT STORY