ਤਲਵੰਡੀ ਸਾਬੋ (ਮੁਨੀਸ਼)— ਸਰਬੱਤ ਖਾਲਸਾ ਜਥੇਦਾਰਾਂ ਨੇ ਬੁੱਧਵਾਰ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਂਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ 'ਚ ਦੋਸ਼ੀ ਕਰਾਰ ਦਿੱਤੇ ਗਏ ਭਾਈ ਜਗਤਾਰ ਸਿੰਘ ਤਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ 'ਜਿੰਦਾ ਸ਼ਹੀਦ' ਦੇ ਖਿਤਾਬ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ।
ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਜਾਰੀ ਸਾਂਝੇ ਪ੍ਰੈੱਸ ਬਿਆਨ 'ਚ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ•ਨੇ ਕਿਹਾ ਕਿ ਭਾਈ ਜਗਤਾਰ ਸਿੰਘ ਤਾਰਾ ਡੇਕਵਾਲਾ ਨੇ ਜਿਸ ਦਲੇਰੀ ਅਤੇ ਨਿਡਰਤਾ ਦਾ ਸਬੂਤ ਦਿੱਤਾ ਹੈ, ਉਸ ਨੇ ਪੁਰਾਤਨ ਸਿੰਘਾਂ ਦੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਜਥੇਦਾਰ ਸਾਹਿਬਾਨ ਨੇ ਕਿਹਾ 1992 ਦੀਆਂ ਚੋਣਾਂ 'ਚ ਸਿਰਫ 7-8 ਫੀਸਦੀ ਵੋਟਾਂ ਨਾਲ ਸਰਕਾਰ ਬਣਾਉਣ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਝੂਠੇ ਪੁਲਸ ਮੁਕਾਬਲਿਆਂ 'ਚ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਸੀ ਜੋ ਨਾ ਭੁੱਲਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਭਾਈ ਤਾਰਾ ਨੇ ਸਿਰਫ ਉਸ ਕਤਲੇਆਮ ਦਾ ਬਦਲਾ ਲਿਆ ਅਤੇ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਸਿੱਖ ਹਮੇਸ਼ਾ ਸਿਜਦਾ ਕਰਦੇ ਰਹਿਣਗੇ। ਸਰਬੱਤ ਖਾਲਸਾ ਜਥੇਦਾਰਾਂ ਨੇ ਕਿਹਾ ਕਿ ਅਦਾਲਤੀ ਫੈਸਲੇ ਨੇ ਇੱਕ ਵਾਰ ਫਿਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਉਨਾਂ ਕਿਹਾ ਕਿ ਭਾਈ ਤਾਰਾ ਸਿੱਖ ਕੌਮ ਦਾ ਜਿੰਦਾ ਸ਼ਹੀਦ ਹੈ ਅਤੇ ਉਨਾਂ ਨੂੰ ਇਸ ਖਿਤਾਬ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਲਦੀ ਹੀ ਸਨਮਾਨਤ ਕੀਤਾ ਜਾਵੇਗਾ।
ਸ੍ਰੀ ਦਰਬਾਰ ਸਾਹਿਬ ਦੇ 'ਲੰਗਰ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ
NEXT STORY