ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮੌਕੇ 550 ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦਾ ਐਲਾਨ ਨੇ ਸੂਬੇ ਦੇ ਜੇਲ ਵਿਭਾਗ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ ਕਿਉਂਕਿ ਇਸ ਵਿਸ਼ੇਸ਼ ਮੁਆਫੀ ਸਬੰਧੀ ਵਿਭਾਗ ਨੂੰ ਯੋਗ ਕੈਦੀ ਹੀ ਨਹੀਂ ਮਿਲ ਰਹੇ ਹਨ। ਵਿਭਾਗ ਨੂੰ ਅਜਿਹੇ ਸਿਰਫ 350 ਕੈਦੀ ਹੀ ਮਿਲੇ ਹਨ। ਕੈਪਟਨ ਵਲੋਂ 28 ਸਤੰਬਰ ਨੂੰ ਐਲਾਨ ਕੀਤਾ ਗਿਆ ਸੀ ਕਿ ਨਵੰਬਰ ਦੇ ਅੱਧ ਤੱਕ 550 ਚੰਗੇ ਆਚਰਣ ਵਾਲੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਪਰ ਜੇਲ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਕ ਮਹੀਨੇ ਅੰਦਰ 550 ਦੇ ਆਂਕੜੇ ਤੱਕ ਪੁੱਜਣਾ ਮੁਸ਼ਕਲ ਹੋਵੇਗਾ।
ਇਸ ਬਾਰੇ ਵਿਭਾਗ ਪਹਿਲਾਂ ਹੀ ਸਰਕਾਰ ਨੂੰ ਸੰਖੇਪ 'ਚ ਜਾਣਕਾਰੀ ਦੇ ਚੁੱਕਾ ਹੈ। ਵਿਭਾਗ ਦਾ ਕਹਿਣਾ ਹੈ ਕਿ ਜੇਕਰ 550 ਕੈਦੀਆਂ ਨੂੰ ਰਿਹਾਅ ਕਰਨਾ ਹੈ ਤਾਂ ਮੁਆਫੀ ਲਈ ਨਿਰਧਾਰਿਤ ਪ੍ਰਕਿਰਿਆ ਅਤੇ ਨਿਯਮਾਂ ਨੂੰ ਵੀ ਸੌਖਾ ਕਰਨਾ ਪਵੇਗਾ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੰਨਿਆ ਹੈ ਕਿ 550 ਕੈਦੀਆਂ ਨੂੰ ਰਿਹਾਅ ਕਰਨ ਦਾ ਟੀਚਾ ਪ੍ਰਾਪਤ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਪਹਿਲਾਂ ਵਿਧਾਨ ਸਭਾ ਅਤੇ ਫਿਰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮੁਆਫੀ ਦੇ ਕੁਝ ਪਹਿਲੂਆਂ ਨੂੰ ਪਾਸ ਕਰਵਾਉਣਾ ਪਵੇਗਾ।
ਜੇਲ ਮੰਤਰੀ ਨੇ ਕਿਹਾ ਹੈ ਕਿ ਵਿਭਾਗ ਅਜਿਹੇ ਵੱਧ ਤੋਂ ਵੱਧ ਕੈਦੀਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਇਸ ਸਬੰਧੀ ਨਿਯਮਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੰਜਾਬ 'ਚ ਭਾਵੇਂ ਹੀ ਵੱਖ-ਵੱਖ ਜੇਲਾਂ 'ਚ 21,000 ਤੋਂ ਵੱਧ ਕੈਦੀ ਬੰਦ ਹਨ ਪਰ ਛੋਟੇ-ਮੋਟੇ ਅਪਰਾਧ ਕਰਨ ਵਾਲੇ ਕੈਦੀਆਂ ਨੂੰ ਹੀ ਜੇਲ ਦੀ ਸਜ਼ਾ ਤੋਂ ਛੋਟ ਦਿੱਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰੀ, ਬਲਾਤਕਾਰ ਅਤੇ ਭਿਆਨਕ ਕਤਲਾਂ ਲਈ ਸਜ਼ਾ ਕੱਟ ਰਹੇ ਕੈਦੀਆਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ।
ਵਿਦਿਆਰਥੀਆਂ ਨੇ ਪ੍ਰਿੰਸੀਪਲ ਦਫ਼ਤਰ ਸਾਹਮਣੇ ਭੰਗੜਾ ਪਾ ਕੀਤਾ ‘ਅਜੀਬੋ-ਗਰੀਬ ਰੋਸ ਪ੍ਰਦਰਸ਼ਨ’
NEXT STORY