ਜਲੰਧਰ, (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਦੇਸ਼ ਦੇ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ 'ਤੇ ਡੀਜ਼ਲ ਦੀ ਭਾਰੀ ਕੀਮਤ ਅਤੇ ਟੈਕਸਾਂ ਰਾਹੀਂ ਕੀਤੀ ਜਾ ਰਹੀ ਲੁੱਟ ਨੂੰ ਲੋਕ ਸਭਾ ਵਿਚ ਤੱਥਾਂ ਦੇ ਆਧਾਰ 'ਤੇ ਉਜਾਗਰ ਕੀਤਾ। ਉਨ੍ਹਾਂ 'ਤੇਲ ਕੇ ਖੇਲ' ਦਾ ਕੱਚਾ ਚਿੱਠਾ ਖੋਲ੍ਹਦਿਆਂ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ, ਤੇਲ ਦੇ ਕੇਂਦਰੀ ਟੈਕਸਾਂ ਅਤੇ ਇਸ ਦੀ ਬਾਜ਼ਾਰ ਦੀ ਕੀਮਤ ਬਾਰੇ ਲੋਕ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਜੋ ਅੰਕੜੇ ਦਿੱਤੇ ਹਨ, ਉਹ ਆਪਣੇ-ਆਪ ਵਿਚ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਲੁੱਟ ਰਹੀ ਹੈ।
ਉਨ੍ਹਾਂ ਉਕਤ ਤੱਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਖੁਦ ਲੋਕ ਸਭਾ ਵਿਚ ਮੰਨਿਆ ਕਿ ਫਰਵਰੀ 2014 ਵਿਚ ਜਦੋਂ ਦੇਸ਼ ਵਿਚ ਮਨਮੋਹਨ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ ਤਾਂ ਉਦੋਂ ਦੇਸ਼ ਨੂੰ ਵਿਦੇਸ਼ਾਂ ਤੋਂ ਕੱਚਾ ਤੇਲ 106.19 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਮਿਲਦਾ ਸੀ। ਉਸ ਸਮੇਂ ਕਾਂਗਰਸ ਦੀ ਕੇਂਦਰ ਸਰਕਾਰ ਨੇ ਡੀਜ਼ਲ 'ਤੇ ਪ੍ਰਤੀ ਲਿਟਰ ਕੇਂਦਰੀ ਟੈਕਸ ਸਿਰਫ 3 ਰੁਪਏ 56 ਪੈਸੇ ਲਾਇਆ ਸੀ ਤਾਂ ਜੋ ਕਿਸਾਨਾਂ, ਟਰਾਂਸਪੋਰਟਰਾਂ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਸਸਤਾ ਡੀਜ਼ਲ ਮਿਲ ਸਕੇ। ਉਦੋਂ ਜਲੰਧਰ ਵਿਚ ਡੀਜ਼ਲ ਦਾ ਭਾਅ 53 ਰੁਪਏ 39 ਪੈਸੇ ਪ੍ਰਤੀ ਲਿਟਰ ਸੀ।
ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਨੇ ਕੱਚਾ ਤੇਲ ਮਹਿੰਗਾ ਖਰੀਦਿਆ ਪਰ ਟੈਕਸ ਘੱਟ ਲਾ ਕੇ ਲੋਕਾਂ ਨੂੰ ਸਸਤਾ ਡੀਜ਼ਲ ਮੁਹੱਈਆ ਕਰਵਾਇਆ। ਜੂਨ 2016 ਵਿਚ ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ 'ਤੇ ਸਨ।
ਦੇਸ਼ ਨੂੰ ਵਿਦੇਸ਼ਾਂ ਤੋਂ ਕੱਚਾ ਤੇਲ 46.96 ਡਾਲਰ ਪ੍ਰਤੀ ਬੈਰਲ ਮੁਤਾਬਕ ਮਿਲ ਰਿਹਾ ਸੀ। ਮੋਦੀ ਸਰਕਾਰ ਨੇ ਉਦੋਂ ਡੀਜ਼ਲ 'ਤੇ ਟੈਕਸ 17 ਰੁਪਏ 33 ਪੈਸੇ ਪ੍ਰਤੀ ਲਿਟਰ ਕਰ ਦਿੱਤਾ। ਲੋਕਾਂ ਨੂੰ ਡੀਜ਼ਲ 54 ਰੁਪਏ 18 ਪੈਸੇ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਣ ਲੱਗਾ। ਮਈ 2018 ਵਿਚ ਕੱਚਾ ਤੇਲ 75.31 ਡਾਲਰ ਪ੍ਰਤੀ ਡਾਲਰ ਦੇ ਹਿਸਾਬ ਨਾਲ ਮਿਲ ਰਿਹਾ ਸੀ। ਫਰਵਰੀ 2014 ਵਿਚ ਇਹ ਰੇਟ 106.19 ਡਾਲਰ ਪ੍ਰਤੀ ਬੈਰਲ ਸੀ। ਹੁਣ ਇੰਨਾ ਘੱਟ ਰੇਟ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਿਚ ਕਮੀ ਨਹੀਂ ਕਰ ਰਹੀ ਹੈ। ਡੀਜ਼ਲ ਹੁਣ 68 ਰੁਪਏ ਪ੍ਰਤੀ ਲਿਟਰ ਤੱਕ ਮਿਲ ਰਿਹਾ ਹੈ।
ਸ਼ਰਾਬ ਦੇ ਨਸ਼ੇ ’ਚ ਟੱਲੀ ਚਾਲਕ ਨੇ ਬੱਸ ਦਰੱਖਤ ’ਚ ਮਾਰੀ
NEXT STORY