ਜਲੰਧਰ (ਬੁਲੰਦ) : ਆਮ ਆਦਮੀ ਪਾਰਟੀ ਲਈ ਜਿੱਥੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਹਾਲਾਤ ਬੇਹੱਦ ਸੁਖਾਵੇਂ ਰਹੇ ਸਨ ਉਥੇ ਪਾਰਟੀ ਨੇ ਪੂਰੇ ਦੇਸ਼ 'ਚੋਂ ਸਿਰਫ ਪੰਜਾਬ 'ਚ ਹੀ ਆਪਣਾ ਖਾਤਾ ਖੋਲ੍ਹਿਆ ਸੀ ਅਤੇ 4 ਸੰਸਦ ਮੈਂਬਰ ਪੰਜਾਬ ਵਿਚੋਂ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਸਨ ਪਰ ਇਸ ਵਾਰ ਆਮ ਆਦਮੀ ਪਾਰਟੀ ਲਈ ਹਾਲਾਤ ਬੇਹੱਦ ਖਰਾਬ ਨਜ਼ਰ ਆ ਰਹੇ ਹਨ। ਗੱਲ ਜਲੰਧਰ ਸੀਟ ਦੀ ਕਰੀਏ ਤਾਂ ਇਥੋਂ ਪਾਰਟੀ ਨੇ ਹਾਈਕੋਰਟ ਦੇ ਰਿਟਾਇਰਡ ਜੱਜ ਜ਼ੋਰਾ ਸਿੰਘ ਨੂੰ ਮੈਦਾਨ ਵਿਚ Àਉਤਾਰਿਆ ਹੈ। ਜ਼ੋਰਾ ਸਿੰਘ ਦੇ ਜਲੰਧਰ ਸੀਟ ਤੋਂ ਉਮੀਦਵਾਰ ਐਲਾਨ ਹੁੰਦਿਆਂ ਹੀ ਜਲੰਧਰ ਦੇ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਪਰ ਬਾਅਦ ਵਿਚ ਪਾਰਟੀ ਹਾਈ ਕਮਾਨ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਦਖਲ ਤੋਂ ਬਾਅਦ ਪਾਰਟੀ ਦੀ ਲੋਕਲ ਲੀਡਰਸ਼ਿਪ ਜ਼ੋਰਾ ਸਿੰਘ ਦਾ ਸਾਥ ਦੇਣਾ ਮੰਨ ਗਈ ਪਰ ਜੋ ਮੌਜੂਦਾ ਹਾਲਾਤ ਜਲੰਧਰ 'ਚ ਆਮ ਆਦਮੀ ਪਾਰਟੀ ਦੇ ਦੇਖਣ ਨੂੰ ਮਿਲ ਰਹੇ ਹਨ ਉਨ੍ਹਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਪਾਰਟੀ ਦੇ ਲੋਕਲ ਸੀਨੀਅਰ ਲੀਡਰ ਜ਼ੋਰਾ ਸਿੰਘ ਦਾ ਬਿਲਕੁਲ ਸਾਥ ਨਹੀਂ ਦੇ ਰਹੇ। ਚੋਣ ਪ੍ਰਚਾਰ ਦੌਰਾਨ ਵੀ ਜ਼ੋਰਾ ਸਿੰਘ ਨਾਲ ਪਾਰਟੀ ਵਿਚ ਨਵੇਂ ਜੁਆਇਨ ਕੀਤੇ ਯੂਥ ਨੇਤਾ ਹੀ ਚਲਦੇ ਨਜ਼ਰ ਆ ਰਹੇ ਹਨ। ਸੀਨੀਅਰ ਲੀਡਰਸ਼ਿਪ ਨੇ ਜ਼ੋਰਾ ਸਿੰਘ ਤੋਂ ਕਿਨਾਰਾ ਕੀਤਾ ਹੋਇਆ ਹੈ। ਮਾਮਲੇ ਬਾਰੇ ਅੱਜ ਸਾਡਾ ਸ਼ੱਕ ਹੋਰ ਪੁਖਤਾ ਹੋ ਗਿਆ ਜਦੋਂ ਜ਼ੋਰਾ ਸਿੰਘ ਆਪਣੇ ਕਾਗਜ਼ ਦਾਖਲ ਕਰਨ ਸਥਾਨਕ ਚੋਣ ਅਧਿਕਾਰੀ ਕੋਲ ਪਹੁੰਚੇ ਤਾਂ ਉਥੇ ਵੀ ਜ਼ਿਆਦਾਤਰ ਲੋਕ ਉਹੀ ਸਨ ਜੋ ਪਾਰਟੀ ਵਿਚ ਨਵੇਂ ਜੁਆਇਨ ਕੀਤੇ ਨੌਜਵਾਨ ਨੇਤਾਵਾਂ ਵਲੋਂ ਬੁਲਾਏ ਗਏ ਸੀ। ਜੇ ਗੱਲ ਲੋਕਲ ਸੀਨੀਅਰ ਲੀਡਰਸ਼ਿਪ ਦੀ ਕਰੀਏ ਤਾਂ ਲੋਕਲ ਲੀਡਰ ਸਿਰਫ ਖੁਦ ਤਾਂ ਇਸ ਮੌਕੇ 'ਤੇ ਹਾਜ਼ਰ ਸਨ ਪਰ ਉਨ੍ਹਾਂ ਨਾਲ ਵਰਕਰਾਂ ਦੀ ਗਿਣਤੀ ਨਾ-ਮਾਤਰ ਹੀ ਸੀ।
ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਗੈਰ ਹਾਜ਼ਰ ਰਹੇ। ਜਾਣਕਾਰ ਦੱਸਦੇ ਹਨ ਕਿ ਨਾਮਜ਼ਦਗੀ ਦਾਖਲ ਕਰਵਾਉਣ ਪਹੁੰਚੇ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਦੇ ਨਾਲ ਵੀ ਕੁਝ ਲੋਕਲ ਲੀਡਰਾਂ ਨੇ ਇਸ ਗੱਲ ਦੀ ਚਰਚਾ ਕੀਤੀ ਕਿ ਪਾਰਟੀ ਦੀ ਲੋਕਲ ਸੀਨੀਅਰ ਲੀਡਰਸ਼ਿਪ ਜ਼ੋਰਾ ਸਿੰਘ ਦਾ ਬਿਲਕੁਲ ਸਾਥ ਨਹੀਂ ਦੇ ਰਹੀ। ਓਧਰ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕੁਝ ਸੀਨੀਅਰ ਨੇਤਾਵਾਂ ਨੇ ਦੱਸਿਆ ਕਿ ਜ਼ੋਰਾ ਸਿੰਘ ਵਲੋਂ ਆਰਥਿਕ ਤੌਰ 'ਤੇ ਹੱਥ ਕਾਫੀ ਖਿੱਚ ਕੇ ਰੱਖਿਆ ਗਿਆ ਹੈ। ਜਿਸ ਕਾਰਨ ਲੋਕਲ ਵਰਕਰਾਂ ਨੂੰ ਆਪਣੀ ਜੇਬ ਤੋਂ ਪੈਸਾ ਖਰਚ ਕਰ ਕੇ ਉਨ੍ਹਾਂ ਦੀ ਮੀਟਿੰਗ ਕਰਵਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਦਾ ਉਮੀਦਵਾਰ ਹੀ ਚੋਣ ਚੋਣ ਖਰਚ ਨਾ ਉਠਾ ਪਾਏ ਤਾਂ ਫਿਰ ਕਿਵੇਂ ਚੋਣਾਂ ਦਾ ਪ੍ਰਚਾਰ ਹੋਵੇਗਾ।
ਇਕ ਹੋਰ ਨੌਜਵਾਨ ਨੇਤਾ ਨੇ ਦੱਸਿਆ ਕਿ ਇਸ ਸਮੇਂ ਜ਼ੋਰਾ ਸਿੰਘ ਨਾਲ ਸਿਰਫ ਕੁਝ ਨੌਜਵਾਨ ਨੇਤਾ ਹੀ ਚੱਲ ਰਹੇ ਹਨ ਜਦ ਕਿ ਪਾਰਟੀ ਦੀ ਲੋਕਲ ਲੀਡਰਸ਼ਿਪ ਦੇ ਸੀਨੀਅਰ ਨੇਤਾ ਆਪਣੇ ਘਰਾਂ ਵਿਚ ਹੀ ਬੈਠੇ ਦਿਖਾਈ ਦਿੰਦੇ ਹਨ। ਕਈ ਸੀਨੀਅਰ ਆਗੂ ਤਾਂ ਰੋਜ਼ਾਨਾ ਆਪਣੇ ਕਾਰੋਬਾਰ 'ਤੇ ਬੈਠੇ ਹੀ ਨਜ਼ਰ ਆਉਂਦੇ ਹਨ ਜਦੋਂਕਿ ਯੂਥ ਆਗੂਆਂ ਨੇ ਦਿਨ ਭਰ ਪਾਰਟੀ ਪ੍ਰਚਾਰ ਲਈ ਆਪਣੇ ਕਾਰੋਬਾਰ ਬੰਦ ਕੀਤੇ ਹੋਏ ਹਨ। ਉਥੇ ਜ਼ੋਰਾ ਸਿੰਘ ਵਲੋਂ ਨਾ ਤਾਂ ਸੀਨੀਅਰ ਆਗੂਆਂ ਨੂੰ ਹੀ ਨਾਲ ਚੱਲਣ ਲਈ ਮਨਾਇਆ ਜਾ ਰਿਹਾ ਹੈ ਤੇ ਨਾ ਹੀ ਖੁਦ ਸੀਨੀਅਰ ਆਗੂ ਅੱਗੇ ਆ ਕੇ ਪਾਰਟੀ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਇਕ ਹੋਰ ਸੀਨੀਅਰ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਦੇ ਸੀਨੀਅਰ ਆਗੂ ਪਾਰਟੀ ਉਮੀਦਵਾਰ ਦਾ ਸਾਥ ਨਹੀਂ ਦੇ ਰਹੇ ਉਸ ਤੋਂ ਲੱਗਦਾ ਹੈ ਕਿ ਉਹ ਖੁਦ ਚੋਣ ਜਿੱਤਣ ਵਿਚ ਰੁਚੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਅਜੇ ਤੱਕ ਪਾਰਟੀ ਦੇ ਦਫਤਰ ਵਿਚ ਪੂਰੀ ਚੋਣ ਸਮੱਗਰੀ ਵੀ ਪਹੁੰਚ ਨਹੀਂ ਸਕੀ।
ਉਨ੍ਹਾਂ ਦੱਸਿਆ ਕਿ ਸੀਨੀਅਰ ਲੋਕਲ ਆਗੂਆਂ ਵਿਚ ਤੇ ਜ਼ੋਰਾ ਸਿੰਘ ਵਿਚ ਆਪਸੀ ਤਰੇੜ ਇੰਨੀ ਵਧ ਚੁੱਕੀ ਹੈ ਕਿ ਸੀਨੀਅਰ ਆਗੂ ਜੇਕਰ ਚੋਣ ਬੈਠਕ ਵੀ ਕਰਦੇ ਹਨ ਤਾਂ ਉਹ ਆਪਣੇ ਨਿੱਜੀ ਦਫਤਰ ਵਿਚ ਕਰਦੇ ਹਨ ਨਾ ਕਿ ਪਾਰਟੀ ਦੇ ਜ਼ੋਰਾ ਸਿੰਘ ਦੇ ਬਣਾਏ ਗਏ ਅਰਬਨ ਅਸਟੇਟ ਫੇਜ਼-2 ਵਾਲੇ ਕੈਂਪੇਨ ਦਫਤਰ ਵਿਚ। ਜਾਣਕਾਰਾਂ ਦੀ ਮੰਨੀਏ ਤਾਂ ਜਿੰਨੀਆਂ ਵੀ ਬੈਠਕਾਂ ਜ਼ੋਰਾ ਸਿੰਘ ਵਲੋਂ ਆਪਣੇ ਚੋਣ ਪ੍ਰਚਾਰ ਦਫਤਰ ਵਿਚ ਕਰਵਾਈਆਂ ਗਈਆਂ ਹਨ ਉਨ੍ਹਾਂ ਵਿਚ ਸਿਰਫ ਇਕ ਅੱਧੀ ਬੈਠਕ ਵਿਚ ਹੀ ਇਹ ਸੀਨੀਅਰ ਲੀਡਰ ਪਹੁੰਚੇ ਹਨ। ਅਜਿਹੇ ਵਿਚ ਲੱਗਦਾ ਨਹੀਂ ਕਿ ਪਾਰਟੀ ਲੋਕ ਸਭਾ ਚੋਣਾਂ ਵਿਚ ਜਲੰਧਰ ਸੀਟ 'ਤੇ ਕੋਈ ਕਮਾਲ ਕਰ ਸਕੇਗੀ।
ਪਾਰਟੀ ਦੇ ਇਕ ਹੋਰ ਆਗੂ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪਾਰਟੀ ਦੇ ਸੀਨੀਅਰ ਲੀਡਰ ਤੇ ਪਾਰਟੀ ਉਮੀਦਵਾਰ ਮਿਲ ਕੇ ਚੋਣ ਪ੍ਰਚਾਰ ਕਰਨ ਤਾਂ ਜੋ ਚੰਗੀ ਲੀਡ ਨਾਲ ਜਿੱਤ ਹਾਸਿਲ ਕੀਤੀ ਜਾ ਸਕੇ ਪਰ ਜ਼ਮੀਨੀ ਹਾਲਾਤ ਕੁਝ ਹੋਰ ਹੀ ਤਸਵੀਰ ਬਿਆਨ ਕਰ ਰਹੇ ਹਨ। ਜੇਕਰ ਪਾਰਟੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਦਾ ਹੁਣ ਸਾਰਾ ਦਾਰੋਮਦਾਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ 'ਤੇ ਹੀ ਟਿਕਿਆ ਹੈ। ਜੇਕਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਦੌਰਾਨ ਜਲੰਧਰ ਵਿਚ ਖੁੱਲ੍ਹ ਕੇ ਸਮਾਂ ਦੇਣਗੇ ਤਾਂ ਹੀ ਜਸਟਿਸ ਜ਼ੋਰਾ ਸਿੰਘ ਦੇ ਚੋਣ ਪ੍ਰਚਾਰ ਨੂੰ ਕੋਈ ਦਿਸ਼ਾ ਮਿਲ ਸਕਦੀ ਹੈ ਨਹੀਂ ਤਾਂ ਲੋਕਲ ਲੀਡਰਸ਼ਿਪ ਦੇ ਆਸਰੇ ਹੀ ਰਹੇ ਤਾਂ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਵੀ ਜ਼ਬਤ ਹੋ ਸਕਦੀ ਹੈ।
ਭਗਵੰਤ ਮਾਨ ਨੇ ਦੱਸਿਆ ਸੁਖਪਾਲ ਖਹਿਰਾ ਦਾ ਮਾਸਟਰ ਪਲਾਨ
NEXT STORY