ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਸੂਬਾ ਸਰਕਾਰ ਵਲੋਂ 'ਮਾਈ ਭਾਗੋ ਸਕੀਮ' ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਲੜਕੀਆਂ ਨੂੰ ਸਾਈਕਲ ਦਿੱਤੇ ਜਾ ਰਹੇ ਹਨ ਉਥੇ ਉਕਤ ਸਾਈਕਲ ਜ਼ਿਆਦਾਤਰ ਲੜਕੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਦਿਖਾਈ ਦਿੱਤੇ।
ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਠੌਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ ਆਦਿ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉਕਤ ਸਕੂਲਾਂ 'ਚ ਜਿਹੜੇ ਸੂਬਾ ਸਰਕਾਰ ਵਲੋਂ ਸਾਈਕਲ ਵੰਡੇ ਗਏ ਉਨ੍ਹਾਂ ਦੇ ਟਾਇਰਾਂ 'ਚ ਹਵਾ ਹੀ ਨਹੀਂ ਸੀ। ਇਸ ਸਬੰਧੀ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਉਕਤ ਸਕੂਲਾਂ 'ਚ ਲੜਕੀਆਂ ਨੂੰ ਹਲਕਾ ਵਿਧਾਇਕ ਵਲੋਂ ਸਾਈਕਲ ਵੰਡੇ ਗਏ ਤਾਂ ਦੇਖਿਆ ਕਿ ਲੜਕੀਆਂ ਸਾਈਕਲ ਲੈ ਕੇ ਜਦੋਂ ਸਕੂਲਾਂ 'ਚੋਂ ਬਾਹਰ ਆਈਆਂ ਤਾਂ ਉਨ੍ਹਾਂ ਦੇ ਟਾਇਰਾਂ 'ਚ ਹਵਾ ਨਾ ਹੋਣ ਕਰ ਕੇ ਉਹ ਚਲਾਉਣ ਤੋਂ ਅਸਮਰੱਥ ਸਨ। ਉਨ੍ਹਾਂ ਨੇ ਦੱਸਿਆ ਉਕਤ ਲੜਕੀਆਂ ਸਰਕਾਰ ਵਲੋਂ ਮਿਲੇ ਨਵੇਂ ਸਾਈਕਲਾਂ ਵਿਚ ਹਵਾ ਭਰਨ ਲਈ ਕਾਫੀ ਜੱਦੋ-ਜਹਿਦ ਕਰਦੀਆਂ ਦਿਖਾਈ ਦਿੱਤੀਆਂ ਕਿਉਂਕਿ ਕਈ ਸਾਈਕਲਾਂ ਦੀਆਂ ਦੁਕਾਨਾਂ ਜਾਂ ਤਾਂ ਸਕੂਲਾਂ ਤੋਂ ਦੂਰ ਸਨ ਜਾਂ ਫਿਰ ਬੰਦ ਹੋ ਗਈਆਂ ਸਨ । ਉਧਰ ਕਈ ਲੜਕੀਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਜਿਹੜੇ ਸਾਈਕਲ ਉਨ੍ਹਾਂ ਦੀਆਂ ਲੜਕੀਆਂ ਨੂੰ ਸਕੂਲ 'ਚੋਂ ਮਿਲੇ ਸਨ, ਉਨ੍ਹਾਂ ਵਿਚ ਹਵਾ ਭਰੀ ਨਾ ਹੋਣ ਕਰਕੇ ਉਨ੍ਹਾਂ ਦੀਆਂ ਲੜਕੀਆਂ ਨੂੰ 4 ਤੋਂ 5 ਕਿਲੋਮੀਟਰ ਤਕ ਘਰਾਂ ਤਕ ਸਾਈਕਲ ਖਿੱਚ ਕੇ ਲਿਆਉਣਾ ਪਿਆ।

ਜਿਸ ਕਾਰਨ ਲੜਕੀਆਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਰਹੀਆਂ ਜਿਸ ਦਾ ਅਸਰ ਉਨ੍ਹਾਂ ਦੀ ਪੜ੍ਹਾਈ 'ਤੇ ਵੀ ਪਿਆ। ਮਾਪਿਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵਲੋਂ ਉਕਤ ਸਾਈਕਲਾਂ ਵਿਚ ਹਵਾ ਨਹੀਂ ਭਰੀ ਗਈ ਤਾਂ ਸਕੂਲ ਪ੍ਰਬੰਧਕਾਂ ਦਾ ਫਰਜ਼ ਬਣਦਾ ਸੀ ਕਿ ਅੱਜ ਸਾਈਕਲ ਲੜਕੀਆਂ ਨੂੰ ਵੰਡਣੇ ਹਨ ਇਸ ਲਈ ਉਨ੍ਹਾਂ ਦੇ ਟਾਇਰਾਂ 'ਚ ਹਵਾ ਭਰਾ ਦਿੱਤੀ ਜਾਵੇ ਤਾਂ ਜੋ ਲੜਕੀਆਂ ਨੂੰ ਆਪਣਾ ਸਾਈਕਲ ਘਰ ਤਕ ਲੈ ਕੇ ਜਾਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ । ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਸਕੂਲਾਂ ਵਿਚ ਸਕੂਲ ਪ੍ਰਬੰਧਕਾਂ ਨੂੰ ਇਹ ਤਾਂ ਪਤਾ ਸੀ ਕਿ ਵਿਧਾਇਕ ਨੇ ਸਾਈਕਲ ਵੰਡਣ ਆਉਣਾ ਹੈ ਉਸ ਦੀ ਆਓ ਭਗਤ ਵਿਚ ਕਸਰ ਬਾਕੀ ਨਾ ਰਹੇ ਪਰ ਜਿਨ੍ਹਾਂ ਕਰ ਕੇ ਆਉਣਾ ਸੀ ਉਨ੍ਹਾਂ ਦਾ ਖਿਆਲ ਵੀ ਨਹੀਂ ਰੱਖਿਆ ।ਪੱਤੜ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮਿਲੇ ਸਾਈਕਲਾਂ ਵਿਚ ਵੀ ਹਵਾ ਨਾ ਹੋਣ ਕਰਕੇ ਕਈ ਲੜਕੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸੂਬਾ ਸਰਕਾਰ ਅਜਿਹੀਆਂ ਸਹੂਲਤਾਂ ਦੇ ਰਹੀ ਹੈ ਉਨ੍ਹਾਂ ਕੋਲੋਂ ਉਕਤ ਸਹੂਲਤ ਦੇਣ 'ਚ ਕਿਧਰੇ ਕੋਈ ਕਮੀ ਰਹਿ ਗਈ ਹੈ ਤਾਂ ਸਕੂਲ ਸਟਾਫ ਅਤੇ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਕਿ ਉਹ ਉਕਤ ਕਮੀ ਨੂੰ ਦੂਰ ਕਰੇ ਤਾਂ ਜੋ ਕੋਈ ਵੀ ਸਹੂਲਤ ਕਿਸੇ ਲਈ ਵੀ ਸਿਰਦਰਦ ਨਾ ਬਣੇ।
ਪਾਕਿਸਤਾਨ 'ਚ ਹੈ ਸਿੱਧੂ ਦਾ ਦਿਲ : ਸੁਖਬੀਰ ਬਾਦਲ (ਵੀਡੀਓ)
NEXT STORY