ਜਲੰਧਰ/ ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਪੀਰ ਪੰਜਾਲ ਦੀਆਂ ਪਹਾੜੀਆਂ ਸਾਲ ਦਾ ਬਹੁਤਾ ਸਮਾਂ ਬਰਫ਼ ਨਾਲ ਢਕੀਆਂ ਰਹਿੰਦੀਆਂ ਹਨ। ਸਰਦੀਆਂ ਦੀ ਰੁੱਤ ਵਿਚ ਪਹਾੜੀਆਂ ਦੇ ਨਾਲ-ਨਾਲ ਸੜਕਾਂ, ਇਮਾਰਤਾਂ, ਫਸਲਾਂ 'ਤੇ ਜਿਵੇਂ ਬਰਫ ਦੀ ਚਿੱਟੀ ਚਾਦਰ ਵਿਛ ਜਾਂਦੀ ਹੈ। ਪਾਰਾ ਜ਼ੀਰੋ ਡਿਗਰੀ ਤੋਂ ਹੇਠਾਂ ਖਿਸਕ ਜਾਂਦਾ ਹੈ। ਭਿਆਨਕ ਸਰਦੀ ਤੋਂ ਬਚਾਅ ਲਈ ਮੋਟੇ ਕੱਪੜੇ ਹੀ ਨਹੀਂ, ਅੱਗ ਨਾਲ ਵੀ ਪੱਕਾ ਰਿਸ਼ਤਾ ਗੰਢਣਾ ਪੈਂਦਾ ਹੈ। ਇਸ ਰੁੱਤ ਵਿਚ ਤਾਂ ਇਥੇ ਜੀਵਨ-ਗੱਡੀ ਦੀ ਰਫ਼ਤਾਰ ਬਹੁਤ ਮੱਠੀ ਹੋ ਜਾਂਦੀ ਹੈ। ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕੰਮ-ਧੰਦੇ ਬਹੁਤ ਸੀਮਤ ਹੋ ਜਾਂਦੇ ਹਨ।
ਅੱਜ ਦੇ ਯੁੱਗ ਵਿਚ ਜਦੋਂ ਇਨਸਾਨ ਨੇ ਗਰਮੀ-ਸਰਦੀ ਦਾ ਸਾਹਮਣਾ ਕਰਨ ਲਈ ਬਹੁਤ ਸਾਰੀਆਂ ਸਹੂਲਤਾਂ ਪੈਦਾ ਕਰ ਲਈਆਂ ਹਨ ਤਾਂ ਵੀ ਬਰਫਬਾਰੀ ਅਤੇ ਘੋਰ ਸਰਦੀ ਦੇ ਮੌਸਮ ਵਿਚ ਕਾਰ-ਵਿਹਾਰ ਆਮ ਵਰਗਾ ਨਹੀਂ ਰਹਿੰਦਾ। ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 18ਵੀਂ-19ਵੀਂ ਸਦੀ ਵਿਚ ਪਹਾੜੀ ਖੇਤਰਾਂ ਦੇ ਬਾਸ਼ਿੰਦਿਆਂ ਨੂੰ ਕਿੰਨੀਆਂ ਮੁਸ਼ਕਲਾਂ ਵਿਚ ਜੀਵਨ ਹੰਢਾਉਣਾ ਪੈਂਦਾ ਹੋਵੇਗਾ।
ਹੈਰਾਨੀ ਦੀ ਗੱਲ ਹੈ ਕਿ 18ਵੀਂ ਸਦੀ ਵਿਚ ਪੀਰ-ਪੰਜਾਲ ਦੀਆਂ ਬਰਫ ਨਾਲ ਢਕੀਆਂ ਰਹਿਣ ਵਾਲੀਆਂ ਪਹਾੜੀਆਂ 'ਤੇ ਇਕ ਫ਼ਕੀਰ ਨੇ ਆ ਕੇ ਨਾ ਸਿਰਫ ਡੇਰਾ ਲਾਇਆ, ਸਗੋਂ ਬਰਫ ਦੀ ਇਸ ਚਾਦਰ 'ਤੇ ਇਬਾਦਤ ਦੀ ਅਜਿਹੀ ਇਬਾਰਤ ਲਿਖੀ, ਜਿਹੜੀ ਸਮੇਂ ਦੇ ਨਾਲ-ਨਾਲ ਹੋਰ ਗੂੜ੍ਹੀ ਹੁੰਦੀ ਗਈ ਅਤੇ ਇਸਨੂੰ ਸਿਜਦਾ ਕਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਗਈ।
ਰਾਜੌਰੀ ਤੋਂ 35 ਕਿਲੋਮੀਟਰ ਦੂਰ ਉੱਚੀਆਂ ਪਹਾੜੀਆਂ 'ਤੇ ਸਥਿਤ ਸ਼ਾਹਦਰਾ ਸ਼ਰੀਫ ਨਾਮੀ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਉਸ ਵੇਲੇ ਮਿਲਿਆ, ਜਦੋਂ 492ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ ਰਾਜੌਰੀ ਪੁੱਜੀ ਸੀ। ਟੀਮ ਦੇ ਮੈਂਬਰਾਂ ਨੇ ਵੀ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਦੀ ਇਸ ਦਰਗਾਹ ਦੇ ਦਰਸ਼ਨ ਕੀਤੇ, ਜਿੱਥੇ ਇਸ ਮਹਾਨ ਸੂਫ਼ੀ ਸੰਤ ਨੇ 41 ਸਾਲ ਗੁਜ਼ਾਰੇ ਸਨ। ਦਰਗਾਹ ਦਾ ਇਤਿਹਾਸ ਲਿਖਤੀ ਰੂਪ 'ਚ ਉਪਲਬਧ ਨਹੀਂ ਹੈ ਪਰ ਆਲੇ-ਦੁਆਲੇ ਦੇ ਲੋਕ ਸੂਫ਼ੀ ਸੰਤ ਗੁਲਾਮ ਬਾਦਸ਼ਾਹ ਬਾਰੇ ਬਹੁਤ ਕੁਝ ਜਾਣਦੇ ਹਨ।
ਈਰਾਨ ਨਾਲ ਸਬੰਧਤ ਸੀ ਬਾਬਾ ਜੀ ਦਾ ਪਰਿਵਾਰ
ਬਾਬਾ ਗੁਲਾਮ ਸ਼ਾਹ ਬਾਦਸ਼ਾਹ ਦੇ ਪੁਰਖ਼ੇ ਈਰਾਨ ਨਾਲ ਸਬੰਧਤ ਸਨ। ਉਨ੍ਹਾਂ ਦੇ ਦਾਦਾ ਜੀ ਪੀਰ ਯਾਰ ਅਲੀ ਸ਼ਾਹ 16ਵੀਂ ਸਦੀ ਵਿਚ ਈਰਾਨ ਨੂੰ ਛੱਡ ਕੇ ਭਾਰਤ ਆ ਗਏ ਅਤੇ ਅਜੋਕੇ ਪਾਕਿਸਤਾਨ ਦੇ ਜ਼ਿਲਾ ਚੱਕਵਾਲ ਨਾਲ ਸਬੰਧਤ ਸਈਦਾਂ ਕਾਸਰਵਾਨ ਨਾਮੀ ਪਿੰਡ 'ਚ ਵੱਸ ਗਏ। ਪੀਰ ਯਾਰ ਅਲੀ ਸ਼ਾਹ ਦੇ ਤਿੰਨ ਪੁੱਤਰਾਂ ਵਿਚੋਂ ਇਕ ਸਈਦ ਇਦਰੀਸ ਸ਼ਾਹ ਦੇ ਘਰ ਬਾਬਾ ਗੁਲਾਮ ਸ਼ਾਹ ਨੇ ਜਨਮ ਲਿਆ ਸੀ।
ਬਾਅਦ ਵਿਚ ਉਨ੍ਹਾਂ ਦਾ ਪਰਿਵਾਰ ਜੰਮੂ-ਕਸ਼ਮੀਰ 'ਚ ਰਾਜੌਰੀ ਜ਼ਿਲੇ ਦੇ ਪਿੰਡ ਥਾਨਾ ਮੰਡੀ 'ਚ ਵੱਸ ਗਿਆ। ਇਸ ਦੇ ਨੇੜੇ ਹੀ ਉਹ ਪਹਾੜੀ ਸਥਿਤ ਹੈ, ਜਿੱਥੇ ਸੂਫ਼ੀ ਸੰਤ ਅਕਸਰ ਅੱਲ੍ਹਾ ਦੀ ਇਬਾਦਤ ਵਿਚ ਲੀਨ ਰਹਿੰਦੇ ਸਨ। ਆਲੇ-ਦੁਆਲੇ ਸਥਿਤ ਪਿੰਡਾਂ ਦੇ ਲੋਕ ਬਾਬਾ ਜੀ ਕੋਲ ਆਉਣ ਲੱਗੇ ਅਤੇ ਉਨ੍ਹਾਂ ਦੀ ਮਿਹਰ ਸਦਕਾ ਲੋਕਾਂ ਨੂੰ ਦੁੱਖਾਂ-ਮੁਸੀਬਤਾਂ ਅਤੇ ਸਮੱਸਿਆਵਾਂ ਤੋਂ ਰਾਹਤ ਮਿਲਣ ਲੱਗੀ। ਇਸ ਨਾਲ ਬਾਬਾ ਜੀ ਦਾ ਜ਼ਿਕਰ ਦੂਰ-ਦੂਰ ਤਕ ਹੋਣ ਲੱਗਾ ਅਤੇ ਸ਼ਰਧਾਲੂਆਂ ਦੀ ਗਿਣਤੀ ਹੋਰ ਵਧਦੀ ਗਈ।
ਡੋਗਰਾ ਗੁਲਾਬ ਸਿੰਘ 'ਤੇ ਰਹਿਮਤ
ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਆਪਣੇ ਸਿਪਾਹਸਾਲਾਰ ਡੋਗਰਾ ਗੁਲਾਬ ਸਿੰਘ ਨੂੰ ਜੰਮੂ-ਕਸ਼ਮੀਰ ਦੇ ਇਲਾਕੇ ਫਤਿਹ ਕਰਨ ਲਈ ਭੇਜਿਆ ਸੀ ਤਾਂ ਲੜਾਈ ਵਿਚ ਉਸਦੇ ਬਹੁਤ ਸਾਰੇ ਸੈਨਿਕ ਮਾਰੇ ਗਏ। ਗੁਲਾਬ ਸਿੰਘ ਕੋਲ ਸਿਰਫ 25 ਸਿਪਾਹੀ ਹੀ ਬਚੇ ਸਨ, ਜਿਨ੍ਹਾਂ ਵਿਚੋਂ ਬਹੁਤੇ ਜ਼ਖ਼ਮੀ ਹਾਲਤ ਵਿਚ ਸਨ। ਇਕ ਤਰ੍ਹਾਂ ਨਾਲ ਨਿਰਾਸ਼ਾ ਦੀ ਹਾਲਤ ਵਿਚ ਡੁੱਬੇ ਗੁਲਾਬ ਸਿੰਘ ਨੂੰ ਸਥਾਨਕ ਲੋਕਾਂ ਨੇ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਬਾਰੇ ਦੱਸਿਆ ਤਾਂ ਉਹ ਸੂਫ਼ੀ ਫਕੀਰ ਦੇ ਦਰਸ਼ਨ ਕਰਨ ਲਈ ਚਲਾ ਗਿਆ। ਬਾਬਾ ਜੀ ਨੇ ਗੁਲਾਬ ਸਿੰਘ ਵੱਲ ਵੇਖਿਆ ਅਤੇ ਹੱਸ ਕੇ ਕਿਹਾ ਕਿ ਉਹ ਇਕ ਦਿਨ ਇਸ ਰਾਜ ਦਾ ਬਾਦਸ਼ਾਹ ਬਣੇਗਾ।
ਇਸ ਗੱਲ ਤੋਂ ਉਤਸ਼ਾਹਤ ਹੋ ਕੇ ਗੁਲਾਬ ਸਿੰਘ ਨੇ ਨਵੇਂ ਜੋਸ਼ ਅਤੇ ਵਿਉਂਤਬੰਦੀ ਨਾਲ ਵਿਰੋਧੀਆਂ 'ਤੇ ਹਮਲਾ ਕਰ ਕੇ ਜਿੱਤ ਹਾਸਲ ਕਰ ਲਈ। ਇਸ ਜਿੱਤ ਤੋਂ ਖੁਸ਼ ਹੋ ਕੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਡੋਗਰਾ ਗੁਲਾਬ ਸਿੰਘ ਨੂੰ ਜੰਮੂ-ਕਸ਼ਮੀਰ ਦਾ ਰਾਜਾ ਐਲਾਨ ਦਿੱਤਾ ਅਤੇ ਖ਼ੁਦ ਉਸ ਦੀ ਤਾਜਪੋਸ਼ੀ ਕੀਤੀ।
ਦਰਗਾਹ ਦਾ ਨਿਰਮਾਣ
ਡੋਗਰਾ ਗੁਲਾਬ ਸਿੰਘ ਨੇ ਆਪਣੇ ਰਾਜ ਦੌਰਾਨ ਥਾਨਾ ਮੰਡੀ ਦੇ ਨੇੜੇ ਸਥਿਤ ਪਹਾੜੀ 'ਤੇ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਦੀ ਸੁੰਦਰ ਦਰਗਾਹ ਦਾ ਨਿਰਮਾਣ ਕਰਵਾਇਆ ਸੀ। ਇਸ ਜਗ੍ਹਾ ਨੂੰ ਅੱਜ ਸ਼ਾਹਦਰਾ ਸ਼ਰੀਫ ਵਜੋਂ ਜਾਣਿਆ ਜਾਂਦਾ ਹੈ। ਹੁਣ ਇਥੇ ਇਕ ਛੋਟਾ ਜਿਹਾ ਪਿੰਡ ਵੱਸ ਗਿਆ ਹੈ ਅਤੇ ਇਕ ਬਾਜ਼ਾਰ ਵੀ ਬਣ ਗਿਆ ਹੈ। ਬਾਜ਼ਾਰ ਦੀਆਂ ਬਹੁਤੀਆਂ ਦੁਕਾਨਾਂ ਤੋਂ ਦਰਗਾਹ 'ਤੇ ਚੜ੍ਹਾਉਣ ਲਈ ਚਾਦਰਾਂ, ਤੇਲ ਅਤੇ ਵੱਖ-ਵੱਖ ਤਰ੍ਹਾਂ ਦਾ ਪ੍ਰਸ਼ਾਦਿ ਮਿਲਦਾ ਹੈ। ਲੱਕੜੀ ਅਤੇ ਮੁਨਿਆਰੀ ਦਾ ਸਾਮਾਨ ਵੀ ਇਥੇ ਬਹੁਤ ਬਣਦਾ ਅਤੇ ਵਿਕਦਾ ਹੈ। ਦੁਕਾਨਾਂ ਬੱਚਿਆਂ ਦੇ ਖਿਡੌਣਿਆਂ, ਵੰਗਾਂ, ਗਾਨੀਆਂ ਤੋਂ ਇਲਾਵਾ ਚਿੱਤਰਾਂ ਨਾਲ ਵੀ ਭਰੀਆਂ ਪਈਆਂ ਹਨ।
ਹਰ ਸਾਲ ਲੱਗਦਾ ਹੈ ਉਰਸ
ਸ਼ਾਹਦਰਾ ਸ਼ਰੀਫ ਵਿਖੇ ਹਰ ਸਾਲ ਅਕਤੂਬਰ ਦੇ ਮਹੀਨੇ 'ਚ ਭਾਰੀ ਉਰਸ ਜੁੜਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਵੀ ਪੁੱਜਦੇ ਹਨ ਅਤੇ ਸੂਫ਼ੀ-ਸੰਤ, ਮੌਲਵੀ ਅਤੇ ਹੋਰ ਧਾਰਮਕ ਸ਼ਖ਼ਸੀਅਤਾਂ ਵੀ ਬਾਬਾ ਜੀ ਨੂੰ ਸਿਜਦਾ ਕਰਨ ਲਈ ਪੁੱਜਦੀਆਂ ਹਨ। ਉਥੋਂ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਉਰਸ ਤਿੰਨ ਦਿਨ ਤਕ ਚੱਲਦਾ ਹੈ ਅਤੇ ਇਸ ਦੌਰਾਨ ਲੱਖਾਂ ਸ਼ਰਧਾਲੂ ਦਰਗਾਹ ਵਿਖੇ ਨਤਮਸਤਕ ਹੁੰਦੇ ਹਨ। ਇਨ੍ਹਾਂ ਵਿਚ ਹਰ ਧਰਮ ਨਾਲ ਅਤੇ ਹਰ ਵਰਗ ਨਾਲ ਸਬੰਧਤ ਲੋਕ ਹੁੰਦੇ ਹਨ।
ਇਕ ਗੱਲ ਇਹ ਵੀ ਸੁਣਨ ਵਿਚ ਆਈ ਕਿ ਇਸ ਖੇਤਰ 'ਤੇ ਕਦੇ ਵੀ ਅੱਤਵਾਦੀ ਹਮਲਾ ਨਹੀਂ ਹੋਇਆ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਸੁਰੱਖਿਆ ਕਰਮਚਾਰੀ ਵੀ ਵੱਡੀ ਗਿਣਤੀ 'ਚ ਸਿਜਦਾ ਕਰਨ ਪੁੱਜਦੇ ਹਨ। ਉਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸਾਲ ਭਰ ਵਿਚ 15-18 ਲੱਖ ਲੋਕ ਦਰਗਾਹ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਦਰਗਾਹ ਵਿਖੇ ਸ਼ਰਧਾਲੂਆਂ ਲਈ ਹਰ ਵੇਲੇ ਲੰਗਰ ਚੱਲਦਾ ਰਹਿੰਦਾ ਹੈ, ਜਿਸ ਵਿਚ ਕਦੇ ਕੋਈ ਕਮੀ ਨਹੀਂ ਆਈ। ਇਸ ਲੰਗਰ ਵਿਚ ਇਲਾਕੇ ਦੇ ਲੋਕ ਸੇਵਾ ਕਰਨਾ ਗਨੀਮਤ ਸਮਝਦੇ ਹਨ।
ਸਦਾਬਹਾਰ ਫਲਦਾਰ ਰੁੱਖ
ਦਰਗਾਹ ਦੇ ਕੰਪਲੈਕਸ ਵਿਚ ਇਕ ਸਦਾਬਹਾਰ ਫਲਦਾਰ ਰੁੱਖ ਲੱਗਾ ਹੋਇਆ ਹੈ। ਉਥੋਂ ਦੇ ਲੋਕਾਂ ਨੇ ਦੱਸਿਆ ਕਿ ਇਕ ਵਾਰ ਬਾਬਾ ਜੀ ਬਲਦੀ ਹੋਈ ਅੱਗ ਕੋਲ ਬੈਠੇ ਸਨ। ਇਕ ਲੱਕੜੀ ਠੀਕ ਤਰ੍ਹਾਂ ਅੱਗ ਨਹੀਂ ਫੜ ਰਹੀ ਸੀ ਅਤੇ ਉਸ ਵਿਚੋਂ ਸਿਰਫ ਧੂੰਆਂ ਹੀ ਨਿਕਲ ਰਿਹਾ ਸੀ। ਬਾਬਾ ਜੀ ਨੇ ਗੁੱਸੇ ਵਿਚ ਉਹ ਲੱਕੜੀ ਚੁੱਕ ਕੇ ਦੂਰ ਵਗਾਹ ਮਾਰੀ ਅਤੇ ਨਾਲ ਹੀ ਕਿਹਾ–''ਤੂੰ ਸਾਰੀ ਉਮਰ ਹਰੀ ਹੀ ਰਹੇਂਗੀ। ਬਲਦੀ ਨਹੀਂ ਤਾਂ ਫਲਦੀ ਰਹਿ।''
ਬਾਬਾ ਜੀ ਵਲੋਂ ਸੁੱਟੀ ਉਹ ਲੱਕੜੀ ਇਕ ਰੁੱਖ ਦਾ ਰੂਪ ਧਾਰਨ ਕਰ ਗਈ ਅਤੇ ਸਦੀਆਂ ਬਾਅਦ ਅੱਜ ਵੀ ਉਥੇ ਸਥਿਤ ਹੈ। ਇਸ ਰੁੱਖ ਨੂੰ 12 ਮਹੀਨੇ ਫਲ ਲੱਗੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਤੋੜਨ ਦੀ ਮਨਾਹੀ ਹੈ। ਜੇ ਕੋਈ ਫਲ ਆਪਣੇ ਆਪ ਟੁੱਟ ਕੇ ਡਿੱਗ ਪਵੇ ਤਾਂ ਉਸ ਨੂੰ ਹੀ ਸ਼ਰਧਾਲੂ ਲਿਜਾ ਸਕਦੇ ਹਨ ਅਤੇ ਖਾ ਸਕਦੇ ਹਨ।
ਸਾਬਕਾ ਮੰਤਰੀ ਨਾਲ ਮੁਲਾਕਾਤ
ਸ਼ਾਹਦਰਾ ਸ਼ਰੀਫ ਤੋਂ ਬਾਹਰ ਨਿਕਲ ਰਹੇ ਸਾਂ ਕਿ 'ਰਾਹਤ ਟੀਮ' ਦੀ ਮੁਲਾਕਾਤ ਜੰਮੂ-ਕਸ਼ਮੀਰ ਦੇ ਸਾਬਕਾ ਸਿਹਤ ਮੰਤਰੀ ਸ਼ਬੀਰ ਅਹਿਮਦ ਖਾਨ ਨਾਲ ਹੋ ਗਈ। ਉਹ ਜ਼ਿਲਾ ਰਾਜੌਰੀ ਦੇ ਪਿੰਡ ਮੰਜਾ ਕੋਟ ਦੇ ਰਹਿਣ ਵਾਲੇ ਹਨ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਲਈ ਪੰਜਾਬ ਤੋਂ ਭਿਜਵਾਈ ਜਾ ਰਹੀ ਰਾਹਤ ਸਮੱਗਰੀ ਸਬੰਧੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਬੇਨਤੀ ਵੀ ਕੀਤੀ ਕਿ ਇਲਾਕੇ ਦੇ ਲੋੜਵੰਦਾਂ ਲਈ ਹੋਰ ਸਹਾਇਤਾ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪਣੇ ਹੱਥਾਂ ਨਾਲ ਸਮੱਗਰੀ ਤਕਸੀਮ ਕਰਨ ਦੀ ਸੇਵਾ ਨਿਭਾਉਣਗੇ।
ਗੜੇਮਾਰੀ ਪ੍ਰਭਾਵਿਤ ਇਲਾਕਿਆਂ ਦਾ ਖਹਿਰਾ ਨੇ ਕੀਤਾ ਦੌਰਾ (ਵੀਡੀਓ)
NEXT STORY