ਜਲੰਧਰ (ਸੂਰਜ ਠਾਕੁਰ) : ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਭੀੜ ਵੱਲੋਂ ਕੀਤੇ ਪਥਰਾਅ ਨੇ ਇਕ ਵਾਰ ਫਿਰ ਇਕ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਉਥੇ ਘੱਟ ਗਿਣਤੀ ਹਿੰਦੂ, ਮੁਸਲਿਮ ਅਤੇ ਈਸਾਈ ਕਿੰਨੇ ਸੁਰੱਖਿਅਤ ਹਨ? ਪਥਰਾਅ ਕਰਦੀ ਭੀੜ 'ਚੋਂ ਇਹ ਵੀ ਆਵਾਜ਼ਾਂ ਆ ਰਹੀਆਂ ਸਨ ਕਿ ਸਾਨੂੰ ਉਥੇ ਸਿੱਖ ਚਾਹੀਦੇ ਹੀ ਨਹੀਂ। ਹਕੀਕਤ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਪਾਕਿਸਤਾਨ 'ਚ ਵੱਡੇ ਪੱਧਰ 'ਤੇ ਧਰਮ ਤਬਦੀਲੀ ਕਾਰਣ ਤਿੰਨੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਆਬਾਦੀ 23 ਫੀਸਦੀ ਤੋਂ ਘੱਟ ਕੇ ਹੁਣ ਤਕਰੀਬਨ 3 ਫੀਸਦੀ ਹੀ ਰਹਿ ਗਈ ਹੈ, ਜਦਕਿ ਭਾਰਤ 'ਚ ਘੱਟ ਗਿਣਤੀ ਕਹੇ ਜਾਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਜਨਸੰਖਿਆ ਵਾਧਾ ਦਰ 24 ਫੀਸਦੀ ਤੋਂ ਵੱਧ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ 'ਚ ਹਰ ਮਹੀਨੇ 70 ਤੋਂ ਵੱਧ ਮਾਮਲੇ ਘੱਟ ਗਿਣਤੀਆਂ ਦੇ ਧਰਮ ਤਬਦੀਲੀ ਅਤੇ ਕਿਡਨੈਪਿੰਗ ਦੇ ਹੁੰਦੇ ਹਨ।
ਪਾਕਿ 'ਚ ਘੱਟ ਗਿਣਤੀਆਂ ਦੇ ਹਾਲਾਤ
ਮੌਜੂਦਾ ਸਮੇਂ 'ਚ ਪਾਕਿਸਤਾਨ 'ਚ ਹਿੰਦੂਆਂ, ਸਿੱਖਾਂ ਅਤੇ ਈਸਾਈਆਂ 'ਤੇ ਹੋਣ ਵਾਲੇ ਅੱਤਿਆਚਾਰਾਂ 'ਤੇ ਇਮਰਾਨ ਪਰਦਾ ਪਾ ਕੇ ਕਸ਼ਮੀਰ ਮੁੱਦੇ 'ਤੇ ਪੂਰੀ ਦੁਨੀਆ ਨੂੰ ਗੁੰਮਰਾਹ ਕਰਨ 'ਤੇ ਤੁਲੇ ਹੋਏ ਹਨ। ਉਹ ਕੱਟੜਪੰਥੀਆਂ ਅਤੇ ਫੌਜ ਦੇ ਇਸ਼ਾਰੇ 'ਤੇ ਸਿਰਫ ਕਠਪੁਤਲੀ ਬਣ ਕੇ ਰਹਿ ਗਏ ਹਨ। ਪਾਕਿਸਤਾਨ 'ਚ ਸਿਰਫ ਗੈਰ-ਮੁਸਲਿਮ ਘੱਟ ਗਿਣਤੀਆਂ 'ਤੇ ਹੀ ਨਹੀਂ ਸਗੋਂ ਮੁਸਲਿਮ ਘੱਟ ਗਿਣਤੀਆਂ 'ਤੇ ਵੀ ਅੱਤਿਆਚਾਰ ਹੋ ਰਹੇ ਹਨ। ਉਥੇ ਹਜ਼ਰਾ ਸ਼ੀਆ ਹੋਵੇ ਜਾਂ ਅਹਿਮਦੀ ਜਾਂ ਈਸਾਈ, ਸਾਰਿਆਂ ਖਿਲਾਫ ਹਿੰਸਾ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਸ਼ੀਆ ਮੁਸਲਮਾਨਾਂ ਦੀਆਂ ਮਸਜਿਦਾਂ ਨੂੰ ਪਾਕਿਸਤਾਨ 'ਚ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਘੱਟ ਗਿਣਤੀ ਦੋਵੇਂ ਦੇਸ਼ਾਂ 'ਚ ਕਿਥੇ ਸਭ ਤੋਂ ਵੱਧ ਸੁਰੱਖਿਅਤ ਹਨ, ਇਸ ਗੱਲ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ।
ਕੀ ਕਿਹਾ ਸੀ ਜਿੱਨਾਹ ਤੇ ਗਾਂਧੀ ਨੇ
ਜੇਕਰ ਵੰਡ ਤੋਂ ਬਾਅਦ ਦੀ ਗੱਲ ਕਰੀਏ ਤਾਂ ਮੁਹੰਮਦ ਅਲੀ ਜਿੱਨਾਹ ਅਤੇ ਮਹਾਤਮਾ ਗਾਂਧੀ ਨੇ ਭਾਰਤ ਅਤੇ ਪਾਕਿਸਤਾਨ 'ਚ ਰਹਿਣ ਵਾਲੇ ਸਿੱਖਾਂ ਤੇ ਹਿੰਦੂਆਂ ਦੇ ਹਿੱਤਾਂ ਦੀ ਰੱਖਿਆ ਦੀ ਵਕਾਲਤ ਕੀਤੀ ਸੀ। 8 ਅਗਸਤ 1947 ਨੂੰ ਮਹਾਤਮਾ ਗਾਂਧੀ ਨੇ 'ਭਾਰਤ ਅਤੇ ਭਾਰਤੀਅਤਾ' 'ਤੇ ਕਿਹਾ ਸੀ ਕਿ 'ਆਜ਼ਾਦ ਭਾਰਤ ਹਿੰਦੂ ਰਾਜ ਨਹੀਂ, ਭਾਰਤੀ ਰਾਜ ਹੋਵੇਗਾ, ਜੋ ਕਿਸੇ ਧਰਮ, ਸੰਪ੍ਰਦਾਇ ਜਾਂ ਵਰਗ ਵਿਸ਼ੇ ਦੇ ਬਹੁਸੰਖਿਅਕ ਹੋਣ 'ਤੇ ਆਧਾਰਿਤ ਨਹੀਂ ਹੋਵੇਗਾ।' ਉਨ੍ਹਾਂ ਇਹ ਵੀ ਕਿਹਾ ਸੀ ਕਿ 'ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਸਾਥੀਆਂ ਨੂੰ ਜਦੋਂ ਲੱਗੇ ਕਿ ਉਨ੍ਹਾਂ ਨੂੰ ਭਾਰਤ ਆਉਣਾ ਚਾਹੀਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ।' 11 ਅਗਸਤ 1947 ਨੂੰ ਮੁਹੰਮਦ ਅਲੀ ਜਿੱਨਾਹ ਨੇ ਆਪਣੇ ਇਕ ਭਾਸ਼ਣ 'ਚ ਕਿਹਾ ਸੀ, ''ਪਾਕਿਸਤਾਨ 'ਚ ਹਿੰਦੂ ਆਜ਼ਾਦ ਹਨ ਆਪਣੇ ਮੰਦਰ ਜਾਣ ਲਈ, ਮੁਸਲਿਮ ਆਜ਼ਾਦ ਹਨ ਆਪਣੀ ਮਸਜਿਦ ਜਾਣ ਲਈ। ਪਾਕਿਸਤਾਨ 'ਚ ਕੋਈ ਵੀ ਕਿਤੇ ਵੀ ਜਾਣ ਲਈ ਆਜ਼ਾਦ ਹੈ। ਮਤ-ਪੰਥ, ਜਾਤ-ਪਾਤ, ਰੰਗ-ਰੂਪ, ਪਹਿਰਾਵੇ ਨਾਲ ਦੇਸ਼ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ।'' ਜਦਕਿ ਹੁਣ ਹਾਲਾਤ ਅਜਿਹੇ ਹੋ ਗਏ ਹਨ ਘੱਟ ਗਿਣਤੀਆਂ ਦੀਆਂ ਧੀਆਂ, ਔਰਤਾਂ ਨਾਲ ਸਮੂਹਿਕ ਜਬਰ-ਜ਼ਨਾਹ, ਹੱਤਿਆ, ਅਗਵਾ, ਜ਼ਬਰਦਸਤੀ ਨਿਕਾਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਭਾਰਤ ਹੋਵੇਗਾ ਦੁਨੀਆ 'ਚ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼
ਹੁਣ ਇਥੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀ ਤੋਂ ਬਾਅਦ ਭਾਰਤ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਘੱਟ ਗਿਣਤੀ ਕਿਹਾ ਜਾਂਦਾ ਹੈ। ਤਕਨੀਕੀ ਤੌਰ 'ਤੇ ਦੇਖਿਆ ਜਾਵੇ ਤਾਂ 2011 'ਚ ਹੋਈ ਮਰਦਮਸ਼ੁਮਾਰੀ ਅਨੁਸਾਰ ਭਾਰਤ 'ਚ ਮੁਸਲਿਮ ਜਨਸੰਖਿਆ 17.22 ਕਰੋੜ ਹੈ, ਜੋ ਕਿ ਭਾਰਤ ਦੀ ਜਨਸੰਖਿਆ ਦਾ 14.23 ਫੀਸਦੀ ਬਣਦਾ ਹੈ ਅਤੇ ਭਾਰਤ 'ਚ ਮੁਸਲਮਾਨਾਂ ਦੀ ਜਨਸੰਖਿਆ ਵਾਧਾ ਦਰ 24.6 ਫੀਸਦੀ ਹੈ। ਅਮਰੀਕੀ ਥਿੰਕ ਟੈਂਕ 'ਪਿਊ ਰਿਸਰਚ ਸੈਂਟਰ' ਮੁਤਾਬਿਕ 40 ਸਾਲਾ ਬਾਅਦ ਭਾਰਤ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਬਣ ਜਾਏਗਾ। 2060 'ਚ ਭਾਰਤ 'ਚ ਮੁਸਲਿਮ ਆਬਾਦੀ 33 ਕਰੋੜ ਹੋ ਜਾਵੇਗੀ। ਦੁਨੀਆ ਦੀ ਕੁਲ ਮੁਸਲਿਮ ਆਬਾਦੀ 'ਚ ਭਾਰਤ ਦਾ ਯੋਗਦਾਨ 11 ਫੀਸਦੀ ਹੋਵੇਗਾ, ਉਥੇ ਹੀ ਪਾਕਿਸਤਾਨ 28.36 ਕਰੋੜ ਮੁਸਲਿਮ ਆਬਾਦੀ ਨਾਲ ਦੂਸਰੇ ਸਥਾਨ 'ਤੇ ਪਹੁੰਚ ਜਾਵੇਗਾ।
ਪਾਕਿਸਤਾਨੀ ਨਿਆਂ ਵਿਵਸਥਾ ਕੱਟੜਪੰਥ ਦੇ ਪ੍ਰਭਾਵ ਹੇਠ
ਬੀਤੇ ਸਾਲ ਸਿੰਧ 'ਚ ਮੈਡੀਕਲ ਦੀ ਵਿਦਿਆਰਥਣ ਨਿਮਰਿਤਾ ਦੀ ਹੱਤਿਆ ਕਰ ਦਿੱਤੀ ਗਈ ਸੀ। ਪਾਕਿਸਤਾਨੀ ਅਦਾਲਤ ਨੇ ਵੀ ਹੱਤਿਆ 'ਤੇ ਨਿਆਇਕ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ। ਮਾਰਚ 2019 ਨੂੰ ਹੀ ਜੇਹਾਦੀਆਂ ਨੇ ਹਿੰਦੂ ਪਰਿਵਾਰ ਦੀਆਂ 2 ਬੇਟੀਆਂ ਰੀਨਾ ਅਤੇ ਰੂਬੀਨਾ ਨੂੰ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦਾ ਇਕ ਵੀਡੀਓ ਜਾਰੀ ਹੋਇਆ ਅਤੇ ਪਾਕਿਸਤਾਨ ਨੂੰ ਦਬਾਅ 'ਚ ਆ ਕੇ ਕਾਰਵਾਈ ਸ਼ੁਰੂ ਕਰਨੀ ਪਈ। ਇਨ੍ਹਾਂ ਦੋਵਾਂ ਲੜਕੀਆਂ ਦਾ ਵੀ ਇਕ ਹੋਰ ਵੀਡੀਓ ਜਾਰੀ ਹੋਇਆ, ਜਿਸ ਵਿਚ ਉਹ ਦੋਵੇਂ ਖੁਦ ਇਸਲਾਮ ਨੂੰ ਕਬੂਲਣ ਦੀ ਗੱਲ ਕਰ ਰਹੀਆਂ ਸਨ। 2016 'ਚ ਅਮਰੀਕਾ ਦੇ ਹਿਊਮਨ ਰਾਈਟਰਸ ਦੀ ਇਕ ਰਿਪੋਰਟ ਮੁਤਾਬਿਕ ਪਾਕਿਸਤਾਨ ਦੀ ਨਿਆਇਕ ਵਿਵਸਥਾ ਠੀਕ ਨਹੀਂ ਹੈ। ਇਸ ਵਿਚ ਬਾਹਰੀ ਅਨਸਰਾਂ ਦਾ ਹੱਥ ਰਹਿੰਦਾ ਹੈ। ਖਾਸ ਕਰ ਕੇ ਕੱਟੜਪੰਥੀਆਂ ਨੂੰ ਨਿਆਂ ਪ੍ਰਣਾਲੀ ਫੇਵਰ ਕਰਦੀ ਹੈ। ਰਿਪਰੋਟ 'ਚ ਕਿਹਾ ਗਿਆ ਸੀ ਕਿ ਘੱਟ ਗਿਣਤੀਆਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਕਾਰਣ ਉਨ੍ਹਾਂ ਦੀ ਆਬਾਦੀ 'ਚ ਲਗਾਤਾਰ ਗਿਰਾਵਟ ਆਉਂਦੀ ਜਾ ਰਹੀ ਹੈ।
ਸਭ ਤੋਂ ਜ਼ਿਆਦਾ ਦਲਿਤਾਂ ਦਾ ਸ਼ੋਸ਼ਣ
ਪੀੜਤ ਔਰਤਾਂ, ਲੜਕੀਆਂ ਜ਼ਿਆਦਾਤਰ ਦਲਿਤ ਭਾਈਚਾਰੇ ਦੀਆਂ ਹੁੰਦੀਆਂ ਹਨ, ਜਿਨ੍ਹਾਂ 'ਚ ਕੋਲੀ, ਮੇਘਵਾਰ, ਭੀਲ ਆਦਿ ਸ਼ਾਮਲ ਹਨ। ਪਾਕਿਸਤਾਨ 'ਚ ਘੱਟ ਗਿਣਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਪ੍ਰਾਪਤ ਨਹੀਂ ਹੈ। ਇਸ ਤੋਂ ਇਲਾਵਾ ਛੋਟੀਆਂ-ਛੋਟੀਆਂ ਲੜਕੀਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੇ ਧਰਮ ਤਬਦੀਲੀ ਮਾਮਲੇ 'ਚ ਮਸਜਿਦ, ਮਜਾਰਾਂ ਅਤੇ ਮਦਰੱਸੇ ਸਭ ਤੋਂ ਅੱਗੇ ਹਨ। ਲੜਕੀਆਂ ਨੂੰ ਅਗਵਾ ਕਰ ਕੇ ਮਦਰੱਸਿਆਂ-ਮਸਜਿਦਾਂ 'ਚ ਲਿਆਂਦਾ ਜਾਂਦਾ ਹੈ। ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ, ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। 'ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ' ਦੀ ਇਕ ਖੋਜ ਮੁਤਾਬਿਕ ਜ਼ਬਰਦਸਤੀ ਧਰਮ ਤਬਦੀਲੀ ਤੇ ਨਿਕਾਹ ਦੇ ਸਭ ਤੋਂ ਵੱਧ ਮਾਮਲੇ ਸਿੰਧ ਅਤੇ ਦੱਖਣੀ ਪੰਜਾਬ 'ਚ ਹੁੰਦੇ ਸਨ।
ਢੀਂਡਸਾ ਤੇ ਬ੍ਰਹਮਪੁਰਾ ਅਗਲੀ ਰਣਨੀਤੀ ਲਈ ਛੇਤੀ ਕਰਨਗੇ ਮੀਟਿੰਗ
NEXT STORY