ਜਲੰਧਰ : ਭਾਰਤ ਅੱਜ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ 'ਤੇ ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀਆਂ ਨੂੰ ਮੈਂ ਨਿੱਘੀ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕਰਦਾ ਹਾਂ। ਅੱਜ ਦੇ ਇਸ ਮੌਕੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਵੀ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ, ਜੋ ਇਸ ਸਾਲ 12 ਨਵੰਬਰ ਨੂੰ ਮਨਾਇਆ ਜਾਵੇਗਾ।
ਸਾਲ 1950 ਵਿਚ ਅੱਜ ਦੇ ਦਿਨ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਤੰਤਰ ਦਾ ਦਰਜਾ ਹਾਸਲ ਕਰ ਕੇ ਸਾਡੇ ਦੇਸ਼ ਵਾਸੀਆਂ ਨੇ ਆਜ਼ਾਦ ਭਾਰਤ ਦੇ ਸੰਜੋਏ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਪਹਿਲਾ ਮੀਲ ਪੱਥਰ ਗੱਡਿਆ। ਅੱਜ ਦੇ ਦਿਨ ਸਾਡੇ ਵੱਲੋਂ ਅਪਣਾਇਆ ਗਿਆ ਸੰਵਿਧਾਨ ਆਜ਼ਾਦੀ ਸੰਘਰਸ਼ ਦੇ ਯੋਧਿਆਂ ਵੱਲੋਂ ਦਰਸਾਏ ਰਸਤੇ ਮੁਤਾਬਕ ਟੀਚਿਆਂ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਹਾਮੀ ਭਰਦਾ ਹੈ। ਆਓ, ਅੱਜ ਦੇ ਇਸ ਮੌਕੇ ਅਸੀਂ ਸੰਵਿਧਾਨ ਦੇ ਨਿਰਮਾਤਾਵਾਂ ਅੱਗੇ ਆਪਣਾ ਸਿਰ ਝੁਕਾਈਏ ਜਿਨ੍ਹਾਂ ਨੇ ਉਸ ਮੁਲਕ ਦੀ ਨੀਂਹ ਰੱਖੀ, ਜਿੱਥੇ ਸਾਰੇ ਨਾਗਰਿਕਾਂ ਲਈ ਨਿਆਂ, ਆਜ਼ਾਦੀ, ਬਰਾਬਰੀ ਅਤੇ ਮਾਣ-ਸਤਿਕਾਰ ਦੀਆਂ ਵਿਲੱਖਣ ਖੂਬੀਆਂ ਹਨ।
ਅੱਜ ਦੇ ਦਿਨ ਮੈਂ ਇੱਥੇ ਸਾਡੇ ਮਹਾਨ ਮੁਲਕ ਨੂੰ ਆਜ਼ਾਦ ਕਰਾਉਣ ਲਈ ਪੰਜਾਬ ਦੇ ਲਾਮਿਸਾਲ ਯੋਗਦਾਨ ਨੂੰ ਵੀ ਚੇਤੇ ਕਰਵਾਉਂਦਾ ਹਾਂ। ਆਜ਼ਾਦੀ ਸੰਘਰਸ਼ ਦੇ ਮਹਾਨ ਯੋਧਿਆਂ, ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਵਿੱਚੋਂ ਕੁਰਬਾਨੀ ਦੇਣ ਵਾਲਿਆਂ ਵਿਚ 80 ਫ਼ੀਸਦੀ ਪੰਜਾਬੀ ਸਨ। ਪੁਰਾਤਨ ਸਮੇਂ ਤੋਂ ਪੰਜਾਬ, ਸੱਭਿਅਤਾ ਅਤੇ ਸੱਭਿਆਚਾਰ ਦਾ ਪੰਘੂੜਾ ਰਿਹਾ ਹੈ।
ਬਦਕਿਸਮਤੀ ਨਾਲ ਪੰਜਾਬ ਨੂੰ ਦਹਾਕਾ ਭਰ ਚੱਲੇ ਅੱਤਵਾਦ ਅਤੇ ਹਿੰਸਾ ਵਰਗੇ ਕਾਲੇ ਦੌਰ 'ਚੋਂ ਲੰਘਣਾ ਪਿਆ ਜਿਸ ਨੇ ਸਾਡੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਨੂੰ ਡੂੰਘੀ ਸੱਟ ਮਾਰੀ। ਆਪਣੀ ਰਵਾਇਤੀ ਦਲੇਰੀ ਅਤੇ ਹਿੰਮਤ ਨਾਲ ਪੰਜਾਬ ਦੇ ਲੋਕਾਂ ਨੇ ਜੀਵਨ ਦੇ ਮੁੜ ਨਿਰਮਾਣ ਲਈ ਸੂਬੇ ਨੂੰ ਕਾਲੇ ਦੌਰ 'ਚੋਂ ਉਭਾਰਨ ਲਈ ਇਕਜੁੱਟ ਹੋ ਕੇ ਵੱਡਾ ਹੰਭਲਾ ਮਾਰਿਆ। ਇਸ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਦੇ ਇਕ ਦਹਾਕੇ ਦੇ ਕੁਸਾਸ਼ਨ ਨੇ ਪੰਜਾਬ ਨੂੰ ਮੁੜ ਨਿਰਾਸ਼ਾ ਅਤੇ ਮਾਯੂਸੀ ਦੇ ਆਲਮ 'ਚ ਲਿਆ ਖੜ੍ਹਾ ਕੀਤਾ।ਪਿਛਲੇ 22 ਮਹੀਨਿਆਂ ਵਿਚ ਤੁਹਾਡੇ ਵੱਲੋਂ ਦਿੱਤੇ ਪੂਰਨ ਸਹਿਯੋਗ ਨਾਲ ਅਸੀਂ ਅਣਥੱਕ ਮਿਹਨਤ ਕੀਤੀ ਤਾਂ ਜੋ ਹਰ ਮੁਹਾਜ 'ਤੇ ਟਿਕਾਊ ਵਿਕਾਸ ਦੀ ਮੰਜ਼ਿਲ ਛੂਹ ਸਕੀਏ।
ਸਾਡੇ ਵੱਲੋਂ ਕੀਤੀ ਸ਼ੁਰੂਆਤ ਤਾਂ ਤੁਸੀਂ ਦੇਖ ਸਕਦੇ ਹੋ ਪਰ ਅਜੇ ਬਹੁਤ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ, ਜਿਸ ਲਈ ਸਾਨੂੰ ਭਵਿੱਖ ਵਿਚ ਵੀ ਤੁਹਾਡੇ ਪੂਰਨ ਸਹਿਯੋਗ ਅਤੇ ਮਦਦ ਦੀ ਲੋੜ ਹੈ। ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਹਰ ਮੁਹਾਜ ਤੋਂ ਅਗਵਾਈ ਕਰਨ ਦਾ ਜਜ਼ਬਾ ਪੰਜਾਬੀਆਂ ਦੇ ਖੂਨ ਵਿਚ ਹੈ ਅਤੇ ਮੈਂ ਤੁਹਾਡੇ ਸਾਰਿਆਂ ਤੋਂ ਇਹ ਆਸ ਕਰਦਾ ਹਾਂ ਕਿ ਪੰਜਾਬ ਦੀ ਖੁੱਸ ਚੁੱਕੀ ਸ਼ਾਨ ਬਹਾਲ ਕਰਨ ਲਈ ਤੁਸੀਂ ਮੇਰੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ। ਮੈਂ ਦ੍ਰਿੜ੍ਹ ਨਿਸ਼ਚਾ ਧਾਰਿਆ ਹੋਇਆ ਹੈ ਕਿ ਜਦੋਂ ਤੱਕ ਅਸੀਂ ਹਰ ਪੰਜਾਬੀ ਦੇ ਚਿਹਰੇ 'ਤੇ ਮੁਸਕਾਨ ਨਹੀਂ ਲੈ ਆਉਂਦੇ, ਉਦੋਂ ਤੱਕ ਮੈਂ ਚੈਨ ਨਾਲ ਨਹੀਂ ਬੈਠਾਂਗਾ।
ਦੇਸ਼ ਮਨਾਏਗਾ ਅੱਜ 70ਵਾਂ ਗਣਤੰਤਰ ਦਿਵਸ (ਪੜ੍ਹੋ 26 ਜਨਵਰੀ ਦੀਆਂ ਖਾਸ ਖਬਰਾਂ)
NEXT STORY