ਜਲੰਧਰ (ਸੁਧੀਰ)– ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਕਮਿਸ਼ਨਰੇਟ ਪੁਲਸ ਦਾ ਚਾਰਜ ਸੰਭਾਲਣ ਤੋਂ ਬਾਅਦ ਕਈ ਵੱਡੇ ਬਦਲਾਅ ਕਰਨ ਵਾਲੇ ਸੀ. ਪੀ. ਨੌਨਿਹਾਲ ਸਿੰਘ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਨੂੰ ਨਸ਼ਾ ਅਤੇ ਅਪਰਾਧ ਮੁਕਤ ਬਣਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਸਮੱਗਲਰ ਜਾਂ ਫਿਰ ਨਾਜਾਇਜ਼ ਕੰਮ ਕਰਨਾ ਛੱਡ ਦੇਣ ਜਾਂ ਉਹ ਸ਼ਹਿਰ ਛੱਡ ਦੇਣ, ਨਹੀਂ ਤਾਂ ਮੈਂ ਬੰਦੇ ਦਾ ਪੁੱਤ ਬਣਾ ਦੂੰ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਨਸ਼ੇ ਅਤੇ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਕਿਸੇ ਵੀ ਸਮੱਗਲਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ। ਸ਼ਹਿਰ ਵਿਚ ਸਮੱਗਲਰਾਂ ’ਤੇ ਕਾਰਵਾਈ ਕਰਨ ਲਈ ਉਨ੍ਹਾਂ ਨੇ ਨਸ਼ਾ ਸਮੱਗਲਰਾਂ ਦਾ ਪੁਰਾਣਾ ਰਿਕਾਰਡ ਖੰਗਾਲ ਕੇ ਉਨ੍ਹਾਂ ਦਾ ਖਾਕਾ ਤਿਆਰ ਕਰ ਲਿਆ ਹੈ। ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਇਲਾਕਾ ਵਾਈਜ਼ ਵੀ ਅਧਿਕਾਰੀ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਦੀ ਸੂਚੀ ਤਿਆਰ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ
ਉਨ੍ਹਾਂ ਨੇ ਦੱਸਿਆ ਕਿ ਸਮੱਗਲਰਾਂ ’ਤੇ ਕਾਰਵਾਈ ਕਰਨ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਹੈ ਤਾਂ ਜੋ ਸ਼ਹਿਰ ਵਿਚ ਅਚਾਨਕ ਸਖ਼ਤ ਮੁਹਿੰਮ ਚਲਾਈ ਜਾਵੇ। ਇਸ ਦੌਰਾਨ ਫੋਰਸ ਦੇ ਨਾਲ ਅਧਿਕਾਰੀ ਵੀ ਖੁਦ ਮੈਦਾਨ ਵਿਚ ਉਤਰਨਗੇ। ਉਨ੍ਹਾਂ ਦੱਸਿਆ ਕਿ ਵੀਰਵਾਰ ਵੀ ਸ਼ਹਿਰ ਵਿਚ ਰਾਮਨਗਰ, ਗਾਂਧੀ ਕੈਂਪ, ਰੇਲਵੇ ਫਾਟਕ ਅਤੇ ਉਸ ਦੇ ਆਸ-ਪਾਸ ਦੇ ਕਈ ਮੁਹੱਲਿਆਂ ਅਤੇ ਘਰਾਂ ਵਿਚ ਏ. ਡੀ. ਸੀ. ਪੀ. ਕ੍ਰਾਈਮ ਗੁਰਬਾਜ ਸਿੰਘ ਨੇ ਪੈਰਾਮਿਲਟਰੀ ਫੋਰਸ ਅਤੇ ਪੁਲਸ ਮੁਲਾਜ਼ਮਾਂ ਨਾਲ ਸਰਚ ਮੁਹਿੰਮ ਚਲਾਈ। ਫਿਲਹਾਲ ਪੁਲਸ ਨੂੰ ਸਰਚ ਮੁਹਿੰਮ ਦੌਰਾਨ ਕੁਝ ਹੱਥ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਰੋਜ਼ਾਨਾ ਪੁਲਸ ਅਧਿਕਾਰੀ ਲੋਕੇਸ਼ਨ ਬਦਲ-ਬਦਲ ਕੇ ਸਮੱਗਲਰਾਂ ’ਤੇ ਕਾਰਵਾਈ ਕਰਨ ਲਈ ਛਾਪੇਮਾਰੀ ਅਤੇ ਸਰਚ ਮੁਹਿੰਮ ਚਲਾਉਣਗੇ। ਮੈਡੀਕਲ ਸਟੋਰਾਂ ’ਤੇ ਵੀ ਨਸ਼ੀਲੀਆਂ ਦਵਾਈਆਂ ਵੇਚਣ ਦੀਆਂ ਸੂਚਨਾਵਾਂ ਆ ਰਹੀਆਂ ਹਨ। ਇਸ ਲਈ ਜਲਦ ਦੁਕਾਨਾਂ ਦੀ ਵੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਖ਼ਿਰ ਰਵਿਦਾਸੀਆ ਸਮਾਜ ’ਤੇ ਹੀ ਕਿਉਂ ਪਾਏ ਜਾ ਰਹੇ ਹਨ ਡੋਰੇ
ਹੁਣ ਤੱਕ 187 ਨਸ਼ਾ ਸਮੱਗਲਰ ਗ੍ਰਿਫ਼ਤਾਰ: ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ
ਪੰਜਾਬ ਦੇ ਕਈ ਸ਼ਹਿਰਾਂ ਵਿਚ ਬੜੀ ਬਾਖੂਬੀ ਅਤੇ ਬਹਾਦਰੀ ਨਾਲ ਡਿਊਟੀ ਨਿਭਾਉਣ ਅਤੇ ਕਈ ਅਪਰਾਧੀਆਂ ਅਤੇ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ਵਾਲੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਨਿਰਦੇਸ਼ਾਂ ’ਤੇ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ ਅਤੇ ਸ਼ਰਾਬ ਸਮੱਗਲਰਾਂ ’ਤੇ ਨਕੇਲ ਕੱਸਦੇ ਹੋਏ 150 ਮਾਮਲੇ ਦਰਜ ਕਰਕੇ ਲਗਭਗ 187 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ ਵਿਚ ਨਸ਼ੇ ਅਤੇ ਸ਼ਰਾਬ ਦੀ ਖੇਪ ਬਰਾਮਦ ਕੀਤੀ ਹੈ।
ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਕੁਝ ਸਮੇਂ ਵਿਚ ਹੀ ਫੜੇ ਗਏ 42 ਨਸ਼ਾ ਸਮੱਗਲਰਾਂ ਤੋਂ 2 ਕਿਲੋ 400 ਗ੍ਰਾਮ ਹੈਰੋਇਨ, ਇਕ ਕਿਲੋ 875 ਗ੍ਰਾਮ ਅਫ਼ੀਮ, 70 ਕਿਲੋ ਦੇ ਲਗਭਗ ਚੂਰਾ-ਪੋਸਤ, ਇਕ ਲੱਖ 3 ਹਜ਼ਾਰ ਦੇ ਲਗਭਗ ਨਸ਼ੀਲੀਆਂ ਗੋਲ਼ੀਆਂ ਅਤੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਫੜੇ ਗਏ 108 ਸ਼ਰਾਬ ਸਮੱਗਲਰਾਂ ਕੋਲੋਂ ਪੁਲਸ ਨੇ ਲਗਭਗ 615 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਮਿਸ਼ਨਰੇਟ ਪੁਲਸ ਨਸ਼ਾ ਮਾਫ਼ੀਆ ਦਾ ਸ਼ਹਿਰ ਵਿਚੋਂ ਸਫ਼ਾਇਆ ਕਰਕੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਦਾ ਪੂਰਾ ਯਤਨ ਕਰੇਗੀ।
ਭਗੌੜੇ ਅਪਰਾਧੀਆਂ ਦੀ ਹੋਵੇਗੀ ਪ੍ਰਾਪਰਟੀ ਜ਼ਬਤ
ਸੀ. ਪੀ. ਨੌਨਿਹਾਲ ਸਿੰਘ ਅਤੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਅਪਰਾਧੀਆਂ ਦੀ ਵੀ ਕਮਿਸ਼ਨਰੇਟ ਪੁਲਸ ਵੱਲੋਂ ਸੂਚੀ ਤਿਆਰ ਕਰਕੇ ਉਨ੍ਹਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਕਮਿਸ਼ਨਰੇਟ ਪੁਲਸ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਭਗੌੜੇ ਅਪਰਾਧੀਆਂ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰੇਗੀ।
ਇਹ ਵੀ ਪੜ੍ਹੋ: ਜਲੰਧਰ: ਖ਼ੁਦ ਨੂੰ ਵੀਡੀਓ ਡਾਇਰੈਕਟਰ ਦੱਸ ਪਹਿਲਾਂ 23 ਸਾਲਾ ਮਾਡਲ ਨੂੰ ਆਪਣੇ ਜਾਲ 'ਚ ਫਸਾਇਆ, ਫਿਰ ਇੰਝ ਕੀਤੀ ਠੱਗੀ
ਜ਼ਮਾਨਤ ’ਤੇ ਬਾਹਰ ਆਏ ਸਮੱਗਲਰਾਂ ’ਤੇ ਰੱਖੀ ਜਾ ਰਹੀ ਪੈਨੀ ਨਜ਼ਰ
ਸੀ. ਪੀ. ਨੌਨਿਹਾਲ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ’ਤੇ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ਮਾਨਤ ’ਤੇ ਬਾਹਰ ਆਏ ਸਮੱਗਲਰਾਂ ਦੀ ਸੂਚੀ ਤਿਆਰ ਕਰ ਕੇ ਉਨ੍ਹਾਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਆਉਣ ਵਾਲੇ ਦਿਨਾਂ ਵਿਚ ਵੀ ਕਮਿਸ਼ਨਰੇਟ ਪੁਲਸ ਸੂਚੀ ਨੂੰ ਤਿਆਰ ਕਰ ਕੇ ਉਕਤ ਸਮੱਗਲਰਾਂ ਨੂੰ ਚੈੱਕ ਕਰਨ ਲਈ ਦੋਬਾਰਾ ਵਿਸ਼ੇਸ਼ ਮੁਹਿੰਮ ਚਲਾਏਗੀ। ਜੇਕਰ ਕਿਸੇ ਵੀ ਮੁਲਾਜ਼ਮ ਦੀ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਸਾਹਮਣੇ ਆਈ ਤਾਂ ਉਕਤ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਇਲਾਵਾ ਉਨ੍ਹਾਂ ਦੱਸਿਆ ਕਿ ਪੀ. ਸੀ. ਆਰ. ਮੁਲਾਜ਼ਮਾਂ ਨੂੰ ਵੀ ਪੈਟਰੋਲਿੰਗ ਦੌਰਾਨ ਨਸ਼ਾ ਸਮੱਗਲਰਾਂ ’ਤੇ ਨਜ਼ਰ ਰੱਖ ਕੇ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਤੁਸੀਂ ਦਿਓ ਸੂਚਨਾ, ਅਸੀਂ ਕਰਾਂਗੇ ਕਾਰਵਾਈ : ਸੀ. ਪੀ.
ਸੀ. ਪੀ. ਨੌਨਿਹਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਸ ਅਤੇ ਜਨਤਾ ਦਰਮਿਆਨ ਤਾਲਮੇਲ ਨਾਲ ਹੀ ਅਪਰਾਧ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਆਪਣੀ ਡਿਊਟੀ ਨਿਭਾਉਂਦੇ ਹੋਏ ਨਸ਼ਾ ਸਮੱਗਲਰਾਂ ’ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਲੋਕ ਨਸ਼ਾ ਸਮੱਗਲਰਾਂ ਅਤੇ ਅਪਰਾਧੀਆਂ ਦੀ ਸੂਚਨਾ ਉਨ੍ਹਾਂ ਨੂੰ ਦੇਣ, ਉਹ ਉਸੇ ਸਮੇਂ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ: ਕਾਂਗਰਸ ਅਤੇ ‘ਆਪ’ ਨੂੰ ਚੋਣਾਂ ’ਚ ਲੋਕ ਮੂੰਹਤੋੜ ਦੇਣਗੇ ਜਵਾਬ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫ਼ਰੀਦਕੋਟ ਜੇਲ ਦੇ ਹਵਾਲਾਤੀ ਨਾਲ ਬਦਫ਼ੈਲੀ ਕਰਨ ਵਾਲੇ ਚਾਰ ਹਵਾਲਾਤੀਆਂ ’ਤੇ ਮੁਕੱਦਮਾ ਦਰਜ
NEXT STORY