ਜਲੰਧਰ (ਸੋਨੂੰ): ਅੱਜ ਜਲੰਧਰ 'ਚ ਪੁਲਸ ਮੁਲਾਜ਼ਮਾਂ ਅਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋ ਗਿਆ। ਇਸ ਦੌਰਾਨ ਬਦਮਾਸ਼ ਵੱਲੋਂ ਪੁਲਸ ਪਾਰਟੀ 'ਤੇ ਗੋਲ਼ੀਆਂ ਚਲਾਈਆਂ ਗਈਆਂ ਤੇ ਪੁਲਸ ਵੱਲੋਂ ਵੀ ਜਵਾਬੀ ਫ਼ਾਇਰਿੰਗ ਕੀਤੀ ਗਈ। ਦਰਅਸਲ, ਪੁਲਸ ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਆਉਂਦੇ ਇਲਾਕੇ ਵਿਚ ਫ਼ਾਇਰਿੰਗ ਦੇ ਮਾਮਲੇ ਵਿਚ ਕਾਬੂ ਕੀਤੇ ਬਦਮਾਸ਼ ਨੂੰ ਕਾਬੂ ਕਰਨ ਮਗਰੋਂ ਹਥਿਆਰ ਦੀ ਬਰਾਮਦਗੀ ਲਈ ਲੈ ਕੇ ਗਈ ਸੀ। ਇਸ ਦੌਰਾਨ ਬਦਮਾਸ਼ ਨੇ ਪੁਲਸ ਉੱਪਰ ਫ਼ਾਇਰਿੰਗ ਕਰ ਦਿੱਤੀ ਤੇ ਪੁਲਸ ਨੇ ਵੀ ਜਵਾਬੀ ਫ਼ਾਇਰਿੰਗ ਕੀਤੀ। ਪੁਲਸ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿਚ ਗੋਲ਼ੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਪੁਲਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਸ਼ਾਮਦਾਸ ਵਾਸੀ ਦਰਬੰਗਾ ਬਿਹਾਰ ਹਾਲ ਵਾਸੀ ਗੜ੍ਹਾ ਵਜੋਂ ਹੋਈ ਹੈ।
ਪੁਲਸ ਮੁਤਾਬਕ, ਮੁਲਜ਼ਮ ਨੂੰ 4 ਤਾਰੀਖ਼ ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿਚ ਪਾਇਆ ਗਿਆ ਕਿ ਮੁਲਜ਼ਮ 'ਤੇ 307 ਦਾ ਵੀ ਇਕ ਹੋਰ ਮਾਮਲਾ ਦਰਜ ਹੈ। ਇਸ ਮਾਮਲੇ ਵਿਚ ਮੁਲਜ਼ਮ ਦੇ ਸਾਥੀ ਸਾਹਿਲ ਨੇ ਹਥਿਆਰ ਨਾਲ ਫ਼ਾਇਰਿੰਗ ਕੀਤੀ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਇਹ ਹਥਿਆਰ ਹੋਰ ਕਈ ਘਟਨਾਵਾਂ ਵਿਚ ਵੀ ਵਰਤਿਆ ਸੀ। ਅਜਿਹੇ ਵਿਚ ਪੁਲਸ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਹਥਿਆਰ ਬਰਾਮਦ ਕਰਨ ਲਈ ਸ਼ਾਮਦਾਸ ਨੂੰ ਲੈ ਕੇ ਆਈ ਸੀ। ਇਸ ਦੌਰਾਨ ਮੁਲਜ਼ਮ ਹਥਿਆਰ ਨੂੰ ਲੈ ਕੇ ਪੁਲਸ ਮੁਲਾਜ਼ਮਾਂ ਨੂੰ ਗੁੰਮਰਾਹ ਕਰਦਾ ਰਿਹਾ। ਜਦੋਂ ਪੁਲਸ 5-6 ਫੁੱਟ ਦੂਰ ਹਥਿਆਰ ਲੱਭ ਰਹੀ ਸੀ ਤਾਂ ਮੁਲਜ਼ਮ ਨੇ ਹੱਥ ਛੁਡਵਾਇਆ ਤੇ ਲੁਕਾਏ ਹੋਏ ਹਥਿਆਰ ਨੂੰ ਕੱਢ ਕੇ ਪੁਲਸ 'ਤੇ ਹੀ ਫ਼ਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਸ ਦੇ ਏ. ਐੱਸ. ਆਈ. ਵੱਲੋਂ ਵੀ ਜਵਾਬੀ ਫ਼ਾਇਰਿੰਗ ਕੀਤੀ ਗਈ ਤੇ ਗੋਲ਼ੀ ਮੁਲਜ਼ਮ ਦੀ ਲੱਤ ਵਿਚ ਲੱਗੀ, ਜਿਸ ਮਗਰੋਂ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਅਮਰਜੀਤ ਨਾਂ ਦੇ ਵਿਅਕਤੀ 'ਤੇ ਫ਼ਾਇਰਿੰਗ ਕੀਤੀ ਸੀ, ਜੋ ਉਸ ਦਾ ਰਿਸ਼ਤੇਦਾਰ ਹੀ ਹੈ। ਮੁਲਜ਼ਮ ਬਿਹਾਰ ਤੋਂ ਨਸ਼ਾ ਲਿਆ ਕੇ ਪੰਜਾਬ ਵਿਚ ਵੇਚਦੇ ਸਨ। ਪੁਲਸ ਅਫ਼ਸਰਾਂ ਮੁਤਾਬਕ, ਮੁਲਜ਼ਮ ਨੇ 2 ਫ਼ਾਇਰ ਕੀਤੇ ਸਨ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਵਿਚ ਹੋਰ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਅਮਰਨਾਥ ਯਾਤਰਾ 'ਤੇ ਗਏ ਫਗਵਾੜਾ ਦੇ ਵਿਅਕਤੀ ਦੀ ਮੌਤ
NEXT STORY