ਜਲੰਧਰ (ਗੁਲਸ਼ਨ, ਰਾਹੁਲ)— 15 ਅਗਸਤ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਦੇ ਜ਼ਿਲ੍ਹਿਆਂ ’ਚ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਤਹਿਤ ਪੰਜਾਬ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਦਰਮਿਆਨ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਿਟੀ ਰੇਲਵੇ ਸਟੇਸ਼ਨ ਦੇ ਮੇਨ ਗੇਟ ਤੋਂ ਲਾਵਾਰਿਸ ਬੈਗ ਮਿਲਿਆ। ਲਾਵਾਰਿਸ ਬੈਗ ਮਿਲਣ ਨਾਲ ਮੌਕੇ ’ਤੇ ਪੁਲਸ ਨੂੰ ਭਾਜੜਾਂ ਪੈ ਗਈਆਂ।
ਇਹ ਵੀ ਪੜ੍ਹੋ: ਜਲੰਧਰ ਦੇ ਕੰਪਨੀ ਬਾਗ ਨੇੜੇ ਜਿਊਲਰ ਦੀ ਦੁਕਾਨ ਦੇ ਬਾਹਰ ਚੱਲੀ ਗੋਲ਼ੀ, ਸਹਿਮੇ ਲੋਕ

ਸੂਚਨਾ ਮਿਲਣ ’ਤੇ ਜੀ. ਆਰ. ਪੀ., ਆਰ. ਪੀ. ਐੱਫ. ਅਤੇ ਕਮਿਸ਼ਨਰੇਟ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸ ਤੋਂ ਇਲਾਵਾ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਦੇ ਮੈਂਬਰ ਵੀ ਪੂਰੀ ਤਿਆਰੀ ਨਾਲ ਮੌਜੂਦ ਰਹੇ। ਵੇਖਦੇ ਹੀ ਵੇਖਦੇ 300 ਤੋਂ ਵੱਧ ਮੁਲਾਜ਼ਮਾਂ ਨਾਲ ਸਟੇਸ਼ਨ ਦਾ ਸਰਕੁਲੇਟਿੰਗ ਏਰੀਆ ਪੁਲਸ ਛਾਉਣੀ ਵਿਚ ਬਦਲ ਗਿਆ। ਭਾਰੀ ਗਿਣਤੀ ਵਿਚ ਪੁਲਸ ਨੂੰ ਵੇਖ ਕੇ ਤੇ ਵਾਰ-ਵਾਰ ਗੱਡੀਆਂ ਦੇ ਹੂਟਰ ਵੱਜਣ ਨਾਲ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਸਟੇਸ਼ਨ ਮਾਸਟਰ ਆਰ. ਕੇ. ਬਹਿਲ ਨੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੇ ਨਿਕਲਣ ਤੋਂ ਬਾਅਦ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ। ਸਟੇਸ਼ਨ ਦੇ ਬਾਹਰੀ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ। ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਐਂਟਰੀ ਵੀ ਬੰਦ ਕਰ ਦਿੱਤੀ ਗਈ।

ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਦੱਸਿਆ ਕਿ ਡਾਗ ਸਕੁਐਡ ਵੱਲੋਂ ਸਟੇਸ਼ਨ ’ਤੇ ਸਰਚ ਕੀਤੀ ਜਾ ਰਹੀ ਸੀ। ਇਸ ਦੌਰਾਨ ਐਂਟਰੀ ਗੇਟ ਦੇ ਨੇੜੇ ਇਕ ਲਾਵਾਰਿਸ ਬੈਗ ਪਿਆ ਮਿਲਿਆ। ਡਾਗ ਵੀ ਉਥੇ ਰੁਕ ਗਿਆ, ਜਿਸ ਨਾਲ ਖਦਸ਼ਾ ਪ੍ਰਗਟਾਇਆ ਗਿਆ ਕਿ ਇਸ ਵਿਚ ਬੰਬ ਜਾਂ ਕੋਈ ਹੋਰ ਵਿਸਫੋਟਕ ਸਮੱਗਰੀ ਹੋ ਸਕਦੀ ਹੈ। ਤੁਰੰਤ ਉਸ ਬੈਗ ਦੇ ਨਾਲ ਸੈਂਡ ਬੈਗ (ਰੇਤਾ ਦੀਆਂ ਬੋਰੀਆਂ) ਲਾ ਕੇ ਢਕ ਦਿੱਤਾ ਗਿਆ। ਇਸ ਤੋਂ ਬਾਅਦ ਬੰਬ ਸਕੁਐਡ ਦੀ ਟੀਮ ਨੇ ਆਪਣਾ ਕੰਮ ਸ਼ੁਰੂ ਕੀਤਾ। ਟੀਮ ਦੇ ਇਕ ਮੈਂਬਰ ਨੇ ਆਪਣੇ ਉਪਕਰਨਾਂ ਨਾਲ ਬੈਗ ਨੂੰ ਖੋਲ੍ਹਿਆ, ਜਿਸ ਵਿਚ ਇਕ ਟਰਾਂਜ਼ਿਸਟਰ, ਕੁਝ ਕੱਪੜੇ ਅਤੇ ਹੋਰ ਸਾਮਾਨ ਮਿਲਿਆ। ਬੈਗ ਵਿਚ ਬੰਬਨੁਮਾ ਚੀਜ਼ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਪਰ ਬੰਬ ਸਕੁਐਡ ਟੀਮ ਨੇ ਕਿਹਾ ਕਿ ਇਸ ਵਿਚ ਕੋਈ ਵਿਸਫੋਟਕ ਸਮੱਗਰੀ ਨਹੀਂ ਹੈ।

ਇਸ ਮੌਕੇ ਆਰ. ਪੀ. ਐੱਫ. ਦੇ ਅਸਿਸਟੈਂਟ ਕਮਾਂਡੈਂਟ ਬੀ. ਐੱਨ. ਮਿਸ਼ਰਾ, ਆਰ. ਪੀ. ਐੱਫ. ਦੇ ਪੋਸਟ ਕਮਾਂਡੈਂਟ ਮੋਹਨ ਲਾਲ, ਜੀ. ਆਰ. ਪੀ. ਦੇ ਐੱਸ. ਪੀ. ਪ੍ਰਵੀਨ ਕੰਡਾ, ਡੀ. ਐੱਸ. ਪੀ. ਸੁਰਿੰਦਰ ਕੁਮਾਰ, ਐੱਸ. ਐੱਚ. ਓ. ਧਰਮਿੰਦਰ ਕਲਿਆਣ, ਸਬ-ਇੰਸਪੈਕਟਰ ਸੁਖਦੇਵ ਸਿੰਘ, ਥਾਣਾ ਨੰਬਰ 3 ਦੇ ਇੰਚਾਰਜ ਮੁਕੇਸ਼ ਕੁਮਾਰ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 2 ਐਂਬੂਲੈਂਸਾਂ ਵੀ ਪਹੁੰਚੀਆਂ
ਸਿਟੀ ਸਟੇਸ਼ਨ ਤੋਂ ਲਾਵਾਰਿਸ ਬੈਗ ਮਿਲਣ ਦੀ ਸੂਚਨਾ ਤੋਂ ਬਾਅਦ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 2 ਐਂਬੂਲੈਂਸਾਂ ਵੀ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਉਥੇ ਪਹੁੰਚ ਕੇ ਬੜੀ ਤੇਜ਼ੀ ਨਾਲ ਪਾਣੀ ਦੀ ਪਾਈਪ ਲਾਈਨ ਵਿਛਾ ਕੇ ਆਪਣੀ ਤਿਆਰੀ ਕੀਤੀ। ਸਿਹਤ ਮਹਿਕਮੇ ਦੇ ਕਰਮਚਾਰੀਆਂ ਨੇ ਵੀ ਐਮਰਜੈਂਸੀ ਵਿਚ ਵਰਤੋਂ ਕਰਨ ਲਈ ਸਟਰੈਚਰ ਰੱਖੇ ਹੋਏ ਸਨ।

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੌਕਸ ਰਹਿਣ ਲੋਕ : ਐੱਸ. ਪੀ. ਕੰਡਾ
ਦੂਜੇ ਪਾਸੇ ਉਕਤ ਘਟਨਾਕ੍ਰਮ ਤੋਂ ਬਾਅਦ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਜੀ. ਆਰ. ਪੀ. ਦੇ ਐੱਸ. ਪੀ. ਪ੍ਰਵੀਨ ਕੰਡਾ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਮੰਨਿਆ ਕਿ ਇਹ ਇਕ ਮੌਕ ਡ੍ਰਿਲ ਸੀ ਤਾਂ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਤਾ ਲੱਗ ਸਕੇ ਕਿ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਕਿਵੇਂ ਕੰਮ ਕਰਨਾ ਹੈ ਅਤੇ ਅਜਿਹੇ ਮੌਕੇ ’ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਐੱਸ. ਪੀ. ਕੰਡਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਜਨਤਕ ਸਥਾਨ ’ਤੇ ਕੋਈ ਲਾਵਾਰਿਸ ਜਾਂ ਸ਼ੱਕੀ ਚੀਜ਼ ਦਿਖਾਈ ਦੇਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ।



ਇਹ ਵੀ ਪੜ੍ਹੋ: ਖੰਨਾ ’ਚ ਵੱਡੀ ਵਾਰਦਾਤ, ਨੈਸ਼ਨਲ ਹਾਈਵੇਅ ’ਤੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵੱਡੀ ਖ਼ਬਰ : ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ
NEXT STORY