ਜਲੰਧਰ : ਸੂਬੇ 'ਚ 70ਵਾਂ ਗਣਤੰਤਰ ਦਿਵਸ ਪੂਰੇ ਧੂਮ-ਧਾਮ ਨਾਲ ਮਨਾਇਆ ਗਿਆ। ਇਕ ਪਾਸੇ ਜਿੱਥੇ ਜੋਸ਼ ਤੇ ਉਤਸ਼ਾਹ ਪੂਰੇ ਸਿਖਰ 'ਤੇ ਰਿਹਾ ਉੱਥੇ ਗਣਤੰਤਰ ਦਿਵਸ ਸਮਾਗਮਾਂ 'ਚ ਸ਼ਾਮਲ ਮੰਤਰੀ ਅਤੇ ਅਧਿਕਾਰੀ ਗਲਤੀ 'ਤੇ ਗਲਤੀ ਕਰਦੇ ਨਜ਼ਰ ਆਏ। ਕਿਤੇ ਨੇਤਾ ਝੰਡੇ ਨੂੰ ਲਹਿਰਾਅ ਕੇ ਸਲਾਮੀ ਦੇਣਾ ਭੁੱਲ ਗਏ ਤੇ ਕਿਤੇ ਅਧਿਕਾਰੀ ਬਿਨਾਂ ਝੰਡੇ ਤੋਂ ਹੀ ਸਲਾਮੀ ਦਿੰਦੇ ਰਹੇ।
ਗੁਰਦਾਸਪੁਰ ਵਿਖੇ ਕਰਵਾਏ ਗਏ ਗਣਤੰਤਰ ਦਿਵਸ ਸਮਾਗਮ 'ਚ ਕੈਬਨਿਟ ਮੰਤਰੀ ਸੁਖਬਿੰਦਰ ਸਰਕਾਰੀਆ ਮੁੱਖ ਮਹਿਮਾਨ ਵਜੋਂ ਪੁੱਜੇ ਪਰ ਤਿਰੰਗਾ ਲਹਿਰਾਉਂਦੇ ਸਮੇਂ ਉਹ ਤਿਰੰਗੇ ਨੂੰ ਸਲਾਮੀ ਦੇਣਾ ਹੀ ਭੁੱਲ ਗਏ। ਨੇੜੇ ਖੜ੍ਹੇ ਪੁਲਸ ਮੁਲਾਜ਼ਮ ਦੇ ਕਹਿਣ 'ਤੇ ਸਰਕਾਰੀਆ ਨੇ ਤਿਰੰਗੇ ਸਲਾਮੀ ਦਿੱਤੀ ਪਰ ਉਦੋਂ ਤੱਕ ਸਾਰਾ ਮਾਜ਼ਰਾ ਕੈਮਰੇ 'ਚ ਕੈਦ ਹੋ ਚੁੱਕਿਆ ਸੀ।
ਬਠਿੰਡਾ 'ਚ ਗਣਤੰਤਰ ਦਿਵਸ 'ਚ ਵਿਸ਼ੇਸ ਮਹਿਮਾਨ ਵਜੋਂ ਪੁੱਜੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਮੰਤਰੀ ਸੁਖਬਿੰਦਰ ਸਰਕਾਰੀਆਂ ਵਾਂਗ ਗਲਤੀ ਕਰ ਗਏ। ਕਾਂਗੜ ਵੀ ਝੰਡੇ ਨੂੰ ਸਲਾਮੀ ਦੇਣਾ ਹੀ ਭੁੱਲ ਗਏ ਜਦੋਂ ਕਿ ਉਨ੍ਹਾਂ ਦੇ ਪਿੱਛੇ ਖੜ੍ਹੇ ਐੱਸ. ਐੱਸ. ਪੀ. ਝੰਡੇ ਨੂੰ ਸਲਾਮੀ ਦੇ ਰਹੇ ਸਨ। ਜਦੋਂ ਇਸ ਬਾਰੇ ਕਾਂਗੜ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਹੱਸ ਕੇ ਗਲਤੀ ਮੰਨ ਲਈ।
ਗਣਤੰਤਰ ਦਿਵਸ 'ਤੇ ਹੋਈਆਂ ਗਲਤੀਆਂ 'ਚ ਸਭ ਤੋਂ ਵੱਡੀ ਗਲਤੀ ਜੰਮੂ-ਕਸ਼ਮੀਰ ਵਿਖੇ ਦੇਖਣ ਨੂੰ ਮਿਲੀ, ਜਿੱਥੇ ਸਲਾਮੀ ਦੇਣ ਸਮੇਂ ਝੰਡਾ ਹੀ ਹੇਠਾਂ ਡਿੱਗ ਗਿਆ, ਜਿਸ ਤੋਂ ਬਾਅਦ ਬਿਨਾਂ ਝੰਡੇ ਤੋਂ ਅਧਿਕਾਰੀਆਂ ਨੇ ਸਲਾਮੀ ਦੇ ਦਿੱਤੀ ਤੇ ਬਾਅਦ 'ਚ ਝੰਡੇ ਨੂੰ ਵੱਖਰੀ ਪਾਈਪ ਲਗਾ ਕੇ ਖੜ੍ਹਾ ਕੀਤਾ ਗਿਆ। ਗਣਤੰਤਰ ਦਿਵਸ ਮੌਕੇ ਹੋਈ ਇਹ ਵੱਡੀ ਭੁੱਲ ਚਰਚਾ ਦਾ ਵਿਸ਼ਾ ਬਣ ਗਈ।
ਲੁਧਿਆਣਾ ਵਿਖੇ ਕਰਵਾਏ ਜਾ ਰਹੇ ਗਣਤੰਤਰ ਦਿਵਸ ਸਮਾਗਮ 'ਚ ਵੀ ਸਿੱਖਿਆ ਮੰਤਰੀ ਓ. ਪੀ. ਸੋਨੀ ਵੀ ਸੰਬੋਧਨ ਕਰਦੇ ਹੋਏ ਗਲਤੀ ਕਰ ਗਏ। ਓ. ਪੀ. ਸੋਨੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ 70ਵੇਂ ਗਣਤੰਤਰ ਦਿਵਸ ਨੂੰ 69ਵਾਂ ਗਣਤੰਤਰ ਦਿਵਸ ਕਹਿ ਦਿੱਤਾ।
ਮੋਹਾਲੀ ਦੇ ਸਰਕਾਰੀ ਕਾਲਜ ਫੇਜ 6 ਵਿਖੇ ਕਰਵਾਏ ਗਏ ਗਣਤੰਤਰ ਦਿਵਸ ਸਮਾਗਮ 'ਚ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੀ। ਇਸ ਸਮਾਗਮ 'ਚ ਵੀ ਵੱਡੀ ਕੋਤਾਹੀ ਦੇਖਣ ਨੂੰ ਮਿਲੀ, ਜਿੱਥੇ ਮੁੱਖ ਗੇਟ 'ਤੇ ਲੱਗੇ ਬੈਨਰ 'ਤੇ ਹੀ ਗਣਤੰਤਰਤਾ ਦਿਵਸ ਦੀ ਥਾਂ ਗਣਤੰਤਹਤਾ ਦਿਵਸ ਲਿਖਿਆ ਗਿਆ ਸੀ। ਹੈਰਾਨੀ ਦੀ ਗੱਲ ਸੀ ਕਿ ਕਿਸੇ ਵੀ ਅਧਿਕਾਰੀ ਦੀ ਨਜ਼ਰੀ ਇਹ ਗਲਤੀ ਨਹੀਂ ਪਈ ਤੇ ਪੰਜਾਬ 'ਚ ਪੰਜਾਬੀ ਦੁਰਦਸ਼ਾ ਮਜ਼ਾਕ ਦਾ ਕਾਰਨ ਬਣ ਗਈ। ਕੁਲ ਮਿਲਾ ਕੇ ਇਹ ਗਣਤੰਤਰ ਦਿਵਸ ਇਨ੍ਹ੍ਹਾਂ ਮੰਤਰੀਆਂ ਤੇ ਅਧਿਕਾਰੀਆਂ ਲਈ ਗਲਤੀ ਦਿਵਸ ਹੋ ਨਿਬੜਿਆ।
ਪਾਸਪੋਰਟ ਨੂੰ ਲੈ ਕੇ ਵਿਵਾਦਾਂ 'ਚ ਵਿਰਸਾ ਸਿੰਘ ਵਲਟੋਹਾ
NEXT STORY