ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰੱਹਦ ਨਾਲ ਲੱਗਦੇ ਭਾਰਤੀ ਇਲਾਕਿਆਂ 'ਤੇ ਹਮੇਸ਼ਾ ਸੰਕਟ ਦੇ ਬੱਦਲ ਛਾਏ ਰਹਿੰਦੇ ਹਨ। ਪਾਕਿਸਤਾਨ ਦੀ ਸ਼ਹਿ ਹੇਠ ਅੱਤਵਾਦੀਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਅਤੇ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਪਿੰਡਾਂ 'ਚ ਭਾਰੀ ਤਬਾਹੀ ਮਚਾਈ ਹੈ। ਪਾਕਿਸਤਾਨ ਦੀ ਇਹ ਘਿਨਾਉਣੀ ਅਤੇ ਮਾਰੂ ਨੀਤੀ ਅੱਜ ਵੀ ਜਾਰੀ ਹੈ। ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਫਾਇਰਿੰਗ ਕਾਰਨ ਅਤੇ ਪਾਕਿਸਤਾਨੀ ਨੇਤਾਵਾਂ ਦੀ ਪੁੱਠੀ-ਸਿੱਧੀ ਬਿਆਨਬਾਜ਼ੀ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਕਠੂਆ ਤੋਂ ਲੈ ਕੇ ਪੁੰਛ ਤਕ ਹਜ਼ਾਰਾਂ ਅਜਿਹੇ ਪਿੰਡ ਹਨ, ਜਿਨ੍ਹਾਂ ਦੇ ਵਸਨੀਕਾਂ ਨੂੰ ਆਪਣੇ ਘਰਾਂ 'ਚੋਂ ਵਾਰ-ਵਾਰ ਉਜੜਣ ਲਈ ਮਜਬੂਰ ਹੋਣਾ ਪੈਂਦਾ ਹੈ। ਇਨ੍ਹਾਂ ਪਰਿਵਾਰਾਂ ਲਈ ਸਿਰ ਦੀ ਛੱਤ ਅਤੇ ਰੋਟੀ ਦਾ ਮਸਲਾ ਹਮੇਸ਼ਾ ਪਹਾੜ ਵਰਗਾ ਬਣਿਆ ਰਹਿੰਦਾ ਹੈ।
ਉਮੀਦ ਦੇ ਸਹਾਰੇ ਜੀਅ ਰਹੇ ਅਤੇ ਪਾਕਿਸਤਾਨ ਵੱਲੋਂ ਲਾਏ ਜ਼ਖ਼ਮਾਂ ਨੂੰ ਪਲੋਸ ਰਹੇ ਇਨ੍ਹਾਂ ਬਦਕਿਸਮਤ ਭਾਰਤੀ ਸ਼ਹਿਰੀਆਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ 1999 ਦੀ ਕਾਰਗਿਲ ਜੰਗ ਤੋਂ ਬਾਅਦ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਹੜੀ ਅੱਜ ਤਕ ਜਾਰੀ ਹੈ। ਇਸ ਮੁਹਿੰਮ ਅਧੀਨ 520ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਪਿੰਡ ਗੰਡਲੀ 'ਚ ਵੰਡੀ ਗਈ ਸੀ। ਇਸ ਮੌਕੇ 'ਤੇ ਵੱਖ-ਵੱਖ ਪਿੰਡਾਂ ਤੋਂ ਜੁੜੇ 300 ਤੋਂ ਵਧੇਰੇ ਪਰਿਵਾਰਾਂ ਨੂੰ ਰਸੋਈ ਦੀ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸ਼੍ਰੀ ਸ਼੍ਰੀ 1008 ਵੇਦਾਂਤਾਚਾਰੀਆ ਸੁਗਰੀਵਾਨੰਦ ਜੀ ਮਹਾਰਾਜ ਵੱਲੋਂ ਡੇਰਾ ਬਾਬਾ ਰੁਦਰਾਨੰਦ ਆਸ਼ਰਮ ਨਾਰੀ (ਊਨਾ-ਹਿਮਾਚਲ ਪ੍ਰਦੇਸ਼) ਤੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਊਨਾ ਤੋਂ ਪੰਜਾਬ ਕੇਸਰੀ ਦੀ ਪ੍ਰਤੀਨਿਧੀ ਸਰੋਜ ਮੋਦਗਿੱਲ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।
ਪੰਜਾਬ ਕੇਸਰੀ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਨਾਰੀ (ਊਨਾ) ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 43 ਕੁਇੰਟਲ ਚਾਵਲ, 30 ਕੁਇੰਟਲ ਆਟਾ, 10 ਕੁਇੰਟਲ ਦਾਲ, 10 ਕੁਇੰਟਲ ਖੰਡ ਅਤੇ 300 ਬੋਤਲਾਂ ਸਰੋਂ ਦਾ ਤੇਲ ਸ਼ਾਮਲ ਸੀ। ਟਰੱਕ ਰਵਾਨਾ ਕਰਨ ਦੇ ਮੌਕੇ 'ਤੇ ਇੰਜੀਨੀਅਰ ਪ੍ਰਵੀਨ ਭਾਰਦਵਾਜ, ਪ੍ਰਿੰਸੀਪਲ ਇੰਦਰ ਦੱਤ ਉਨਿਆਲ, ਰਮੇਸ਼ ਭਾਰਦਵਾਜ, ਰਜਿੰਦਰ ਭਾਰਦਵਾਜ, ਸ਼ਸ਼ੀ ਪੁਰੀ, ਰਮਨ ਸ਼ਰਮਾ, ਵਿਵੇਕ ਸ਼ਰਮਾ, ਸੰਜੀਵ ਭਾਰਦਵਾਜ ਅਤੇ ਕਿਸ਼ਨ ਲਾਲ ਸ਼ਰਮਾ ਵੀ ਮੌਜੂਦ ਸਨ। ਰਾਹਤ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਸਰਹੱਦੀ ਖੇਤਰਾਂ 'ਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ 'ਪੰਜਾਬ ਕੇਸਰੀ' ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੱਸ. ਪੁਰਾ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਅਤੇ ਵਿਨੋਦ ਸ਼ਰਮਾ ਵੀ ਸ਼ਾਮਲ ਸਨ। ਪਿੰਡ ਗੰਡਲੀ 'ਚ ਇਹ ਸਮੱਗਰੀ ਸਰਪੰਚ ਅਤੇ ਸਮਾਜ ਸੇਵੀ ਗੁਰਦੀਪ ਸਿੰਘ ਸੈਣੀ ਦੀ ਦੇਖ-ਰੇਖ ਹੇਠ ਵੰਡੀ ਗਈ।
15 ਅਗਸਤ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ-ਬਰਮਿੰਘਮ ਦੀ ਸਿੱਧੀ ਉਡਾਣ
NEXT STORY