ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਵਾਹਗੇ ਦੀ ਲਕੀਰ ਜਿਸ ਸਮੇਂ ਖਿੱਚੀ ਗਈ ਸੀ, ਉਸ ਵੇਲੇ ਇਨਸਾਨੀਅਤ ਲੀਰ-ਲੀਰ ਹੋ ਗਈ ਸੀ। 1947 ਖੂਨ 'ਚ ਰੰਗਿਆ ਗਿਆ ਸੀ। ਲਾਸ਼ਾਂ ਦੀਆਂ ਭਰੀਆਂ ਗੱਡੀਆਂ ਇਸ ਲਕੀਰ ਦੇ ਆਰ-ਪਾਰ ਆ-ਜਾ ਰਹੀਆਂ ਸਨ। ਲੋਕਾਂ ਦੇ ਨਸੀਬ ਉੱਧੜ ਗਏ ਅਤੇ ਤਕਦੀਰਾਂ ਤਿੜਕ ਗਈਆਂ ਸਨ। ਆਜ਼ਾਦੀ ਦੀ ਪ੍ਰਾਪਤੀ ਲਈ ਬਹੁਤ ਯੋਧਿਆਂ ਨੇ ਜੇਲਾਂ ਕੱਟੀਆਂ, ਕੁਰਬਾਨੀਆਂ ਦਿੱਤੀਆਂ ਅਤੇ ਜਿਸ ਤਰ੍ਹਾਂ ਮੁਲਕ ਦੀ ਵੰਡ ਹੋਈ, ਉਸ ਪ੍ਰਕਿਰਿਆ 'ਚ ਮਨੁੱਖਤਾ ਦਾ ਵੱਡਾ ਘਾਣ ਹੋਇਆ। ਉਸ ਵੇਲੇ ਮੱਚੇ ਸਿਵਿਆਂ ਦਾ ਸੇਕ ਅੱਜ ਵੀ ਇਸ ਲਕੀਰ ਦੇ ਦੋਹੀਂ ਪਾਸੀਂ ਮਹਿਸੂਸ ਕੀਤਾ ਜਾ ਰਿਹਾ ਹੈ। ਸਦੀਆਂ ਦੇ ਰਿਸ਼ਤੇ ਦੁਸ਼ਮਣੀਆਂ 'ਚ ਬਦਲ ਗਏ ਅਤੇ ਫਿਰ ਇਹ ਦੁਸ਼ਮਣੀਆਂ ਕੁਝ ਲੋਕਾਂ ਦੇ ਦਿਲਾਂ 'ਚ ਘਰ ਕਰ ਗਈਆਂ।
ਸਰਹੱਦ ਦੇ ਪਾਰਲੇ ਪਾਸੇ ਵਾਲੇ ਸੱਤਾਧਾਰੀਆਂ ਨੇ ਤਾਂ ਜਿਵੇਂ ਇਸ ਦੁਸ਼ਮਣੀ ਨੂੰ ਹੀ ਆਪਣਾ ਆਧਾਰ ਬਣਾ ਲਿਆ। ਕਦੀ ਕਸ਼ਮੀਰ ਦਾ ਬਹਾਨਾ, ਕਦੀ ਬੰਗਲਾਦੇਸ਼ ਦਾ ਬਹਾਨਾ, ਵਾਰ-ਵਾਰ ਬੰਦੂਕਾਂ ਤਣਦੀਆਂ ਰਹੀਆਂ। ਵੰਡ ਤੋਂ ਪਿੱਛੋਂ ਵੀ ਇਨ੍ਹਾਂ ਬੰਦੂਕਾਂ ਨੇ ਹਜ਼ਾਰਾਂ ਬੇਦੋਸ਼ੇ ਇਨਸਾਨਾਂ ਦੀਆਂ ਜਾਨਾਂ ਲਈਆਂ, ਬੜਾ ਖੂਨ ਡੁੱਲ੍ਹਿਆ, ਫਿਰ ਵੀ ਪਾਕਿਸਤਾਨ ਦੇ ਹੁਕਮਰਾਨਾਂ ਨੇ ਭਾਰਤ ਵੱਲੋਂ ਸਮੇਂ-ਸਮੇਂ ਦਿੱਤਾ ਜਾਣ ਵਾਲਾ ਸ਼ਾਂਤੀ ਦਾ ਪਾਠ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਇਸੇ ਇਨਕਾਰ 'ਚੋਂ ਅੱਤਵਾਦ, ਜਾਅਲੀ ਕਰੰਸੀ ਅਤੇ ਨਸ਼ਿਆਂ ਦੇ ਭਾਂਬੜਾਂ ਦਾ ਜਨਮ ਹੋਇਆ, ਜਿਨ੍ਹਾਂ ਨੇ ਭਾਰਤ ਦੇ ਹੋਰ ਸੂਬਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਅਣਗਿਣਤ ਘਰਾਂ ਦੇ ਚਿਰਾਗ ਬੁਝਾ ਦਿੱਤੇ ਅਤੇ ਵੱਡਾ ਮਾਲੀ ਨੁਕਸਾਨ ਕੀਤਾ।
ਦੁਸ਼ਮਣੀ ਦੇ ਇਨ੍ਹਾਂ ਕਾਲੇ ਸਾਇਆਂ ਹੇਠ ਵੱਸਦੇ ਭਾਰਤ ਦੇ ਸਰਹੱਦੀ ਲੋਕਾਂ ਲਈ ਜ਼ਿੰਦਗੀ ਦੀ ਗੱਡੀ ਕਦੇ ਵੀ ਪਟੜੀ 'ਤੇ ਨਹੀਂ ਆ ਸਕੀ। ਡਰ ਅਤੇ ਦਹਿਸ਼ਤ ਦੇ ਮਾਹੌਲ ਦੀ ਘੁਟਣ 'ਚ ਇਹ ਲੋਕ ਅੱਜ ਵੀ ਮਰ-ਮਰ ਕੇ ਜਿਉਂਦੇ ਹਨ। ਇਨ੍ਹਾਂ ਲੋਕਾਂ ਦੀ ਪੀੜ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਰਿਸਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਈ ਜਾ ਸਕੇ। ਇਸ ਮੁਹਿੰਮ ਅਧੀਨ ਹੀ 489ਵੇਂ ਟਰੱਕ ਦੀ ਸਮੱਗਰੀ ਵਾਹਗੇ ਵਾਲੀ ਲਕੀਰ ਦੇ ਕੰਢੇ ਵੱਸੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਬੋਹਲੀਆਂ 'ਚ ਵੰਡੀ ਗਈ। ਇਹ ਸਮੱਗਰੀ ਪਟਿਆਲਾ ਦੀ ਸੰਸਥਾ 'ਦੋਸਤ' ਦੇ ਸਹਿਯੋਗ ਨਾਲ ਭਿਜਵਾਈ ਗਈ ਸੀ।
ਬੋਹਲੀਆਂ ਪਿੰਡ ਤੋਂ ਇਲਾਵਾ ਤੂਰ, ਮਿਆਦੀ ਕਲਾਂ, ਧੁੱਪ ਸੜੀ, ਕੁੱਤੀਵਾਲ, ਬੱਲੜ੍ਹ ਵਾਲਾ ਆਦਿ ਪਿੰਡਾਂ ਤੋਂ ਜੁੜੇ ਲੋਕਾਂ ਨੂੰ ਪਿੰਡ ਦੇ ਆਗੂ ਜਸਪਾਲ ਸਿੰਘ, ਦਿਲਬਾਗ ਸਿੰਘ ਸਰਪੰਚ (ਮਿਆਦੀ ਕਲਾਂ) ਦੀ ਦੇਖ-ਰੇਖ ਹੇਠ ਠੰਡ ਤੋਂ ਬਚਾਅ ਲਈ 300 ਰਜਾਈਆਂ ਵੰਡੀਆਂ ਗਈਆਂ।
ਰਾਹਤ ਵੰਡ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਾਤਾ ਜਗੀਰ ਕੌਰ ਜੀ ਮੀਰਾਂਕੋਟ (ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ) ਨੇ ਆਪਣੇ ਸੰਬੋਧਨ 'ਚ ਇਹ ਸਮੱਗਰੀ ਭਿਜਵਾਉਣ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਲਾਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਨੇ ਪਹਿਲਾਂ ਦੇਸ਼ ਦੀ ਆਜ਼ਾਦੀ ਖਾਤਰ ਜੇਲਾਂ ਕੱਟੀਆਂ ਅਤੇ ਫਿਰ ਇਸ ਆਜ਼ਾਦੀ ਦੀ ਸਲਾਮਤੀ ਲਈ ਆਪਣਾ ਬਲੀਦਾਨ ਦਿੱਤਾ। ਲਾਲਾ ਜੀ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਸਰਹੱਦੀ ਲੋਕਾਂ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਹਮੇਸ਼ਾ ਡਾਂਗ 'ਤੇ ਡੇਰਾ ਹੁੰਦਾ ਹੈ। ਜਦੋਂ ਵੀ ਸਰਹੱਦ 'ਤੇ ਗੜਬੜ ਹੁੰਦੀ ਹੈ ਤਾਂ ਇਨ੍ਹਾਂ ਨੂੰ ਆਪਣੇ ਹੱਸਦੇ-ਵੱਸਦੇ ਘਰਾਂ ਨੂੰ ਛੱਡ ਕੇ ਦੌੜਨਾ ਪੈਂਦਾ ਹੈ। ਇਨ੍ਹਾਂ ਲੋਕਾਂ ਨੂੰ ਕਦੇ ਵੀ ਜੀਵਨ ਦੀਆਂ ਸੁੱਖ-ਸਹੂਲਤਾਂ ਮੁਕੰਮਲ ਰੂਪ 'ਚ ਨਹੀਂ ਮਿਲਦੀਆਂ। ਬੜੇ ਮੁਸ਼ਕਲ ਹਾਲਾਤ ਵਿਚ ਜੀਵਨ ਗੁਜ਼ਾਰਨ ਲਈ ਮਜਬੂਰ ਹੁੰਦੇ ਹਨ। ਮਿੱਟੀ ਨਾਲ ਮਿੱਟੀ ਹੋਣ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਦੇ ਚੁੱਲ੍ਹੇ ਠੀਕ ਤਰ੍ਹਾਂ ਨਹੀਂ ਬਲਦੇ। ਤੰਗੀਆਂ-ਤੁਰਸ਼ੀਆਂ 'ਚ ਹੀ ਜੀਵਨ ਹੰਢ ਜਾਂਦੇ ਹਨ। ਅਜਿਹੇ ਪਰਿਵਾਰਾਂ ਲਈ ਪੰਜਾਬ ਕੇਸਰੀ ਗਰੁੱਪ ਵਲੋਂ 'ਸੇਵਾ ਦਾ ਸਾਗਰ' ਚਲਾਉਣਾ ਬਹੁਤ ਵੱਡੇ ਪੁੰਨ ਦਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਐੱਮ. ਪੀ. ਸ. ਗੁਰਜੀਤ ਸਿੰਘ ਔਜਲਾ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਸੰਸਦ 'ਚ ਉਠਾ ਰਹੇ ਹਨ ਤਾਂ ਜੋ ਵਿਸ਼ੇਸ਼ ਪੈਕੇਜ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸਕੂਲਾਂ ਦਾ ਮੂੰਹ-ਮੱਥਾ ਸੰਵਾਰਨ ਦੀ ਵੱਡੀ ਲੋੜ ਹੈ ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਕੇ ਦੇਸ਼ ਦਾ ਭਵਿੱਖ ਬਚਾਇਆ ਜਾ ਸਕੇ।
ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਰਹੱਦੀ ਇਲਾਕਿਆਂ ਲਈ ਵਿਸ਼ੇਸ਼ ਨੀਤੀ ਤਿਆਰ ਕਰ ਕੇ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਦੀਆਂ ਸਮੱਸਿਆਵਾਂ ਅਖਬਾਰ ਰਾਹੀਂ ਵੀ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ ਤਾਂ ਜੋ ਤਰਸਯੋਗ ਹਾਲਤ 'ਚ ਰਹਿਣ ਵਾਲਿਆਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਸਕਣ।
ਲਾਇਨ ਜੇ. ਬੀ. ਸਿੰਘ ਚੌਧਰੀ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਇਸ ਰਾਹਤ ਮੁਹਿੰਮ ਰਾਹੀਂ ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ 'ਚੋਂ ਪਲਾਇਨ ਕਰਨ ਵਾਲੇ ਪਰਿਵਾਰਾਂ ਤਕ ਮਦਦ ਪਹੁੰਚਾਉਣ ਦੇ ਨਾਲ-ਨਾਲ ਹੁਣ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ ਨੂੰ ਵੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋੜਵੰਦ ਪਰਿਵਾਰ ਹੁਣ ਤਕ ਇਸ ਸਹਾਇਤਾ ਤੋਂ ਵਾਂਝੇ ਹਨ, ਉਨ੍ਹਾਂ ਨੂੰ ਵੀ ਛੇਤੀ ਹੀ ਮਦਦ ਪਹੁੰਚਾਈ ਜਾਵੇਗੀ।
ਪਟਿਆਲਾ ਦੀ ਸਮਾਜ ਸੇਵਿਕਾ ਮੈਡਮ ਸਤਿੰਦਰ ਪਾਲ ਕੌਰ ਵਾਲੀਆ ਨੇ ਕਿਹਾ ਕਿ ਦੂਜਿਆਂ ਦੇ ਦੁੱਖ-ਸੁੱਖ 'ਚ ਕੰਮ ਆਉਣਾ ਪੰਜਾਬੀਆਂ ਦਾ ਸੁਭਾਅ ਰਿਹਾ ਹੈ। ਇਸ ਸੁਭਾਅ ਦਾ ਸਦਕਾ ਹੀ ਇਹ ਰਾਹਤ-ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੋੜਵੰਦਾਂ ਅਤੇ ਪੀੜਤਾਂ ਦੀ ਸੇਵਾ ਕੀਤੀ ਜਾ ਸਕੇ। ਇਹ ਕਾਰਜ ਭਵਿੱਖ 'ਚ ਵੀ ਜਾਰੀ ਰਹੇਗਾ। 'ਦੋਸਤ' ਦੇ ਪ੍ਰਧਾਨ ਕਰਨਲ ਜੇ. ਐੱਸ. ਥਿੰਦ ਨੇ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਹੀ ਸੇਵਾ-ਕਾਰਜਾਂ ਲਈ ਕੀਤੀ ਗਈ ਸੀ। ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਰਾਹਤ-ਮੁਹਿੰਮ ਵਿਚ ਹੋਰ ਵੀ ਯੋਗਦਾਨ ਦਿੱਤਾ ਜਾਵੇਗਾ। ਅੰਮ੍ਰਿਤਸਰ ਤੋਂ ਪੰਜਾਬ ਕੇਸਰੀ ਦੇ ਮੈਡਮ ਸਿੰਪਲ ਖੰਨਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ-ਸਹਾਇਤਾ ਲਈ ਵਧ-ਚੜ੍ਹ ਕੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ 'ਤੇ ਧਰਮਕੋਟ ਬੱਗਾ ਤੋਂ ਅਸ਼ੋਕ ਭਗਤ, ਇਕਬਾਲ ਸਿੰਘ ਅਰਨੇਜਾ, ਅਜਨਾਲਾ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਸੁਰਿੰਦਰ ਸਿੰਘ 'ਬਾਠ', ਪਟਿਆਲਾ ਦੇ ਰੋਹਿਤ ਕੁਮਾਰ ਗੁਪਤਾ, ਸੁਭਾਸ਼ ਸ਼ਰਮਾ, ਪ੍ਰਵੀਨ ਕੁਮਾਰ ਗੋਇਲ, ਟੇਕ ਚੰਦ ਰਿਸ਼ੀ, ਸੰਨੀ, ਸੀ. ਆਰ. ਪੀ. ਐੱਫ. ਦੇ ਰਿਟਾਇਡ ਕਮਾਂਡੈਂਟ ਸੁਲਿੰਦਰ ਸਿੰਘ ਕੰਡੀ, ਐੱਮ. ਡੀ. ਸੱਭਰਵਾਲ, ਰਜਿੰਦਰ ਸ਼ਰਮਾ 'ਭੋਲਾ' ਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਭਾਅ ਜੀ ਵੀ ਮੌਜੂਦ ਸਨ।
ਪੰਚਾਇਤੀ ਚੋਣਾਂ 2018 : ਜਿੱਤ ਦੇ ਜਸ਼ਨ ਦੌਰਾਨ ਚੱਲੀਆਂ ਗੋਲੀਆਂ (ਵੀਡੀਓ)
NEXT STORY