ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ) — ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਵੱਸੇ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਪਿੰਡਾਂ 'ਚ ਰਹਿਣ ਵਾਲੇ ਲੋਕ ਨਿੱਤ-ਦਿਨ ਖਤਰਿਆਂ ਦਾ ਸਾਹਮਣਾ ਕਰਦੇ ਅਤੇ ਮਰ-ਮਰ ਕੇ ਜਿਊਂਦੇ ਹਨ। ਉਨ੍ਹਾਂ ਦੇ ਜੀਵਨ ਦੀਆਂ ਤੰਦਾਂ ਹਰ ਘੜੀ ਡਾਵਾਂਡੋਲ ਸਥਿਤੀ 'ਚ ਲਟਕਦੀਆਂ ਨਜ਼ਰ ਆਉਂਦੀਆਂ ਹਨ। ਕਿਸੇ ਪਲ ਦਾ ਕੋਈ ਭਰੋਸਾ ਨਹੀਂ ਅਤੇ ਕਿਸੇ ਘੜੀ ਦਾ ਕੋਈ ਵਿਸਾਹ ਨਹੀਂ। ਪੱਛੋਂ ਦੀ ਹਨੇਰੀ ਕਦੇ ਵੀ ਝੁੱਲ ਜਾਂਦੀ ਹੈ ਅਤੇ ਫਿਰ 'ਜੀਵਨ-ਤੰਦਾਂ' ਉੱਤੇ ਮੁਸੀਬਤ ਬਣ ਜਾਂਦੀ ਹੈ।
ਹਜ਼ਾਰਾਂ ਪਿੰਡ ਸਰਹੱਦੀ ਪੱਟੀ 'ਚ ਸਥਿਤ ਹਨ, ਜਿਥੇ ਰਹਿਣ ਵਾਲਿਆਂ ਲਈ 1947 ਤੋਂ ਪਿੱਛੋਂ ਜ਼ਿੰਦਗੀ ਦੀਆਂ ਘੜੀਆਂ ਵੀ ਮੁੱਲ ਦੀਆਂ ਹੋ ਗਈਆਂ। ਇਨ੍ਹਾਂ ਲੋਕਾਂ ਨੂੰ ਬਹੁਤ ਵੱਡਾ ਮੁੱਲ ਤਾਰਨਾ ਪਿਆ ਹੈ ਅਤੇ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਖੇਡ ਜਾਰੀ ਹੈ। ਇਸ ਗੱਲ ਦਾ ਲੇਖਾ-ਜੋਖਾ ਕਰਨਾ ਮੁਸ਼ਕਿਲ ਹੈ ਕਿ ਇਸ ਖੇਡ 'ਚ ਕਿੰਨੇ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਸ ਦੀ ਵੀ ਕੋਈ ਗਿਣਤੀ-ਮਿਣਤੀ ਨਹੀਂ ਕਿ ਸਰਹੱਦੀ ਲੋਕਾਂ ਨੂੰ ਕਿੰਨੀ ਵਾਰ ਆਪਣੇ ਘਰਾਂ 'ਚੋਂ ਉਜੜਨਾ ਪਿਆ ਅਤੇ ਕਿੰਨਾ ਸਮਾਂ ਕੈਂਪਾਂ 'ਚ ਜਾਂ ਦੂਰ-ਦੁਰਾਡੇ ਰਿਸ਼ਤੇਦਾਰਾਂ ਕੋਲ ਭਟਕਣਾ ਪਿਆ।
ਇਨ੍ਹਾਂ ਲੋਕਾਂ ਦਾ ਜੀਵਨ ਸੁਰੱਖਿਅਤ ਕਰਨ ਲਈ ਹੁਣ ਸਰਹੱਦੀ ਪਿੰਡਾਂ ਦੇ ਘਰਾਂ 'ਚ ਬੰਕਰ ਬਣਾਏ ਜਾ ਰਹੇ ਹਨ ਪਰ ਇਹ ਕਵਾਇਦ ਵੀ 'ਜ਼ੀਰੋ ਲਾਈਨ' ਦੇ ਕਿਨਾਰੇ ਸਥਿਤ ਪਿੰਡਾਂ ਤਕ ਹੀ ਸੀਮਤ ਹੈ। ਬਾਕੀ ਦੇ ਪਿੰਡ ਅਤੇ ਲੋਕ ਅਜੇ ਵੀ ਰੱਬ ਦੇ ਆਸਰੇ ਹੀ ਹਨ।
ਪਾਕਿਸਤਾਨੀ ਸੈਨਿਕਾਂ ਵੱਲੋਂ ਹੁਣ ਸਾਧਾਰਨ ਹਥਿਆਰਾਂ ਨਾਲ ਨਹੀਂ ਸਗੋਂ ਮੋਰਟਾਰ ਜਾਂ ਸਨਾਈਪਰ ਗੰਨ ਨਾਲ ਨਿਸ਼ਾਨਾ ਲਾਇਆ ਜਾਂਦਾ ਹੈ। ਇਹ ਹਥਿਆਰ 3-4 ਕਿਲੋਮੀਟਰ ਤੱਕ ਸਹਿਜੇ ਹੀ ਮਾਰ ਕਰਦੇ ਹਨ ਅਤੇ ਇਸ ਖੇਤਰ 'ਚ ਸਥਿਤ ਪਿੰਡ ਇਨ੍ਹਾਂ ਦੀ ਲਪੇਟ 'ਚ ਆ ਜਾਂਦੇ ਹਨ। ਅਜਿਹੀ ਸਥਿਤੀ 'ਚ ਜਿੱਥੇ ਲੋਕਾਂ ਨੂੰ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ, ਉਥੇ ਇਨ੍ਹਾਂ ਦੇ ਕੰਮ-ਧੰਦੇ ਅਤੇ ਰੋਜ਼ਗਾਰ ਵੀ ਪ੍ਰਭਾਵਿਤ ਹੁੰਦੇ ਹਨ। ਆਰ. ਐੱਸ. ਪੁਰਾ, ਸਾਂਬਾ, ਹੀਰਾ ਨਗਰ, ਕਠੂਆ ਤੋਂ ਇਲਾਵਾ ਪੁੰਛ ਅਤੇ ਰਾਜੌਰੀ ਤੱਕ ਦੇ ਸਰਹੱਦੀ ਖੇਤਰਾਂ 'ਚ ਰਹਿੰਦੇ ਅਣਗਿਣਤ ਲੋਕਾਂ ਨੂੰ ਗੋਲੀ ਅਤੇ ਭੁੱਖ ਦੀ ਮਾਰ ਲਗਾਤਾਰ ਸਹਿਣੀ ਪੈ ਰਹੀ ਹੈ। ਅਜਿਹੇ ਸਰਹੱਦੀ ਪਰਿਵਾਰਾਂ ਦੀ ਸਹਾਇਤਾ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਅਧੀਨ 494ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਸਾਂਬਾ ਸੈਕਟਰ ਦੇ ਪਿੰਡ ਹੀਰਾ ਚੱਕ 'ਚ ਵੱਖ-ਵੱਖ ਪਿੰਡਾਂ ਤੋਂ ਜੁੜੇ ਪਰਿਵਾਰਾਂ ਨੂੰ ਵੰਡੀ ਗਈ। ਇਸ ਮੌਕੇ 'ਤੇ ਜੰਮੂ ਦੀ ਸਮਾਜ ਸੇਵਿਕਾ ਸ਼੍ਰੀਮਤੀ ਸੁਰਜੀਤ ਕੌਰ ਦੀ ਦੇਖ-ਰੇਖ ਹੇਠ 250 ਪਰਿਵਾਰਾਂ ਨੂੰ ਰਜਾਈਆਂ ਦਿੱਤੀਆਂ ਗਈਆਂ।

ਰਾਹਤ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਸੂਬੇ ਦੇ ਭਾਜਪਾ ਪ੍ਰਧਾਨ ਜਨਾਬ ਸੋਫੀ ਯੂਸਫ (ਅਨੰਤਨਾਗ) ਨੇ ਕਿਹਾ ਕਿ ਇਸ ਸੂਬੇ ਦੇ ਲੋਕ ਪਾਕਿਸਤਾਨ ਦੀ ਦਰਿੰਦਗੀ ਨੂੰ ਸਹਿਣ ਕਰ ਰਹੇ ਹਨ। ਇਕ ਪਾਸੇ ਪਾਕਿਸਤਾਨ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ, ਜਦਕਿ ਦੂਜੇ ਪਾਸੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਅਤੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ 1990 'ਚ ਜਦੋਂ ਬੰਬ ਨਾਲ ਪਹਿਲਾ ਹਮਲਾ ਕੀਤਾ ਸੀ ਤਾਂ ਉਸ 'ਚ ਕਈ ਲੋਕ ਮਾਰੇ ਗਏ ਸਨ।
ਜਨਾਬ ਯੂਸਫ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਅੱਜ ਇਥੇ ਹਜ਼ਾਰਾਂ, ਲੱਖਾਂ ਮੁਸਲਮਾਨ ਹਨ, ਜਿਹੜੇ ਦੇਸ਼ ਲਈ ਮਰ-ਮਿਟਣ ਵਾਸਤੇ ਤਿਆਰ ਹਨ। ਉਹ ਸਹੀ ਅਰਥਾਂ 'ਚ ਦੇਸ਼ ਭਗਤ ਹਨ। ਉਨ੍ਹਾਂ ਕਿਹਾ ਕਿ ਗੁਰੇਜ਼ ਪਿੰਡ ਵਿਚ ਅੱਤਵਾਦੀਆਂ ਦੇ ਹਮਲੇ ਨਾਲ 40 ਘਰ ਸੜ ਗਏ ਸਨ। ਉਥੋਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਕੰਬਲ ਭਿਜਵਾਏ ਗਏ ਸਨ। ਯੂਸਫ ਨੇ ਕਿਹਾ ਕਿ ਉਨ੍ਹਾਂ 'ਤੇ ਵੀ ਅੱਤਵਾਦੀਆਂ ਨੇ ਅਟੈਕ ਕੀਤਾ ਸੀ, ਇਸ ਦੇ ਬਾਵਜੂਦ ਉਹ ਸ਼੍ਰੀਨਗਰ ਦੇ ਲਾਲ ਚੌਕ ਵਿਚ ਤਿਰੰਗਾ ਲਹਿਰਾਉਂਦੇ ਹਨ।
ਸਰਹੱਦੀ ਖੇਤਰਾਂ 'ਚ ਮੈਡੀਕਲ ਕੈਂਪ ਲਾਏ ਜਾਣ : ਸਰਬਜੀਤ ਕੌਰ
ਹਵਾਈ ਫੌਜ ਦੇ ਰਿਟਾਇਰਡ ਅਧਿਕਾਰੀ ਸਵਰਗੀ ਸ. ਹਰਭਜਨ ਸਿੰਘ ਦੀ ਸਮਾਜ ਸੇਵੀ ਬੇਟੀ ਸਰਬਜੀਤ ਕੌਰ ਨੇ ਇਸ ਮੌਕੇ 'ਤੇ ਕਿਹਾ ਕਿ ਸਰਹੱਦੀ ਪਿੰਡਾਂ ਵਿਚ ਬਹੁਤ ਸਾਰੇ ਲੋਕ ਵੱਖ-ਵੱਖ ਰੋਗਾਂ ਤੋਂ ਪੀੜਤ ਹਨ। ਉਨ੍ਹਾਂ ਕੋਲ ਆਪਣਾ ਇਲਾਜ ਕਰਵਾਉਣ ਦੀ ਸਮਰੱਥਾ ਵੀ ਨਹੀਂ ਹੈ। ਇਸ ਲਈ ਇਨ੍ਹਾਂ ਪਿੰਡਾਂ 'ਚ ਵਿਸ਼ੇਸ਼ ਮੈਡੀਕਲ ਕੈਂਪ ਲਾਏ ਜਾਣੇ ਚਾਹੀਦੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦੀ ਖੇਤਰਾਂ 'ਚ ਬੱਚਿਆਂ ਅਤੇ ਖਾਸ ਕਰਕੇ ਲੜਕੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਮੈਡਮ ਸ਼ਵੇਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਲਈ ਵਧ-ਚੜ੍ਹ ਕੇ ਯਤਨ ਕੀਤੇ ਜਾਣੇ ਚਾਹੀਦੇ ਹਨ। ਇਹ ਪ੍ਰਭਾਵਿਤ ਪਰਿਵਾਰਾਂ ਦਾ ਹੱਕ ਬਣਦਾ ਹੈ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਇਸ ਮੁਹਿੰਮ ਅਧੀਨ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਲਗਾਤਾਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਅਜੇ ਵੀ ਇਸ ਸਹਾਇਤਾ ਤੋਂ ਵਾਂਝੇ ਹਨ, ਉਨ੍ਹਾਂ ਤੱਕ ਵੀ ਛੇਤੀ ਪਹੁੰਚ ਕੀਤੀ ਜਾਵੇਗੀ।
ਜੰਮੂ-ਕਸ਼ਮੀਰ ਹਿੰਦ ਦਾ ਤਾਜ ਹੈ : ਅਵਨੀਸ਼ ਅਰੋੜਾ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਸ਼੍ਰੀ ਅਵਨੀਸ਼ ਅਰੋੜਾ ਨੇ ਇਸ ਮੌਕੇ 'ਤੇ ਕਿਹਾ ਕਿ ਜੰਮੂ-ਕਸ਼ਮੀਰ ਹਿੰਦੋਸਤਾਨ ਦਾ ਤਾਜ ਹੈ। ਇਸ ਦੀ ਸਲਾਮਤੀ ਹੀ ਭਾਰਤ ਦੀ ਸਲਾਮਤੀ ਹੈ ਅਤੇ ਇਸ ਸਬੰਧ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਸ਼ਹਿ ਦੇ ਕੇ ਅਤੇ ਬੇਦੋਸ਼ੇ ਨਾਗਰਿਕਾਂ 'ਤੇ ਗੋਲੀਬਾਰੀ ਕਰ ਕੇ ਪਾਕਿਸਤਾਨ ਨਾਪਾਕ ਹਰਕਤਾਂ ਕਰ ਰਿਹਾ ਹੈ। ਉਸ ਦੀਆਂ ਘਟੀਆ ਸਾਜ਼ਿਸ਼ਾਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੈਨਾ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹੈ। ਇਸ ਸਬੰਧ 'ਚ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਸਰਹੱਦੀ ਪਰਿਵਾਰਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਲਈ ਪ੍ਰੇਰਿਤ ਕਰਨ।
ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਸਮਾਜ ਸੇਵੀ ਕਾਰਜਾਂ ਦਾ ਬੀੜਾ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਚੁੱਕਿਆ ਹੈ, ਅਜਿਹਾ ਜਜ਼ਬਾ ਹਰ ਦੇਸ਼ ਵਾਸੀ 'ਚ ਹੋਣਾ ਚਾਹੀਦਾ ਹੈ, ਤਾਂ ਹੀ ਲੋੜਵੰਦਾਂ ਅਤੇ ਪੀੜਤਾਂ ਦੀ ਪੂਰੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਮੁਸੀਬਤਾਂ ਦੇ ਢੇਰ 'ਤੇ ਬੈਠੇ ਹਨ, ਜਿਹੜੇ ਅਕਸਰ ਮੌਤ ਦੇ ਰੂ-ਬ-ਰੂ ਹੁੰਦੇ ਰਹਿੰਦੇ ਹਨ। ਇਹ ਇਨ੍ਹਾਂ ਦੀ ਬਹਾਦਰੀ ਹੈ ਕਿ ਖਤਰਿਆਂ ਨਾਲ ਖੇਡ ਕੇ ਵੀ ਉਹ ਦੁਸ਼ਮਣ ਦੇ ਸਾਹਮਣੇ ਸੀਨਾ ਤਾਣ ਕੇ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਸਰਬਜੀਤ ਮੈਡਮ ਦੇ ਯਤਨਾਂ ਸਦਕਾ ਜਦੋਂ ਵੀ ਇਸ ਖੇਤਰ 'ਚ ਮੈਡੀਕਲ ਕੈਂਪ ਲਾਇਆ ਜਾਵੇਗਾ ਤਾਂ ਉਸ ਮੌਕੇ ਰਾਹਤ ਸਮੱਗਰੀ ਦਾ ਇਕ ਟੱਰਕ ਵੀ ਭਿਜਵਾਇਆ ਜਾਵੇਗਾ।
ਇਸ ਮੌਕੇ 'ਤੇ ਸ. ਹਰਦਿਆਲ ਸਿੰਘ ਅਮਨ, ਸਾਂਬਾ ਦੇ ਭਾਜਪਾ ਪ੍ਰਧਾਨ ਜੰਗਬੀਰ ਸਿੰਘ, ਸਮਾਜ ਸੇਵੀ ਮੁਹੰਮਦ ਯੂਸਫ, ਰਮਨ ਸ਼ਰਮਾ ਅਤੇ ਜਨਹਿਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਸ਼੍ਰੀਮਤੀ ਡੌਲੀ ਹਾਂਡਾ ਨੇ ਵੀ ਸੰਬੋਧਨ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਸੰਭਵ ਮਦਦ ਦਾ ਭਰੋਸਾ ਦਿਵਾਇਆ । ਇਸ ਮੌਕੇ 'ਤੇ 'ਪੰਜਾਬ ਕੇਸਰੀ' ਦੇ ਕ੍ਰਿਸ਼ਨ ਭਨੋਟ, ਰਾਜੇਸ਼ ਮਹਾਜਨ, ਸ਼੍ਰੀਮਤੀ ਵੀਨਾ ਮਹਾਜਨ ਵੀ ਮੌਜੂਦ ਸਨ। ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਪਿੰਡ ਬਨੋਤਰਾ, ਹੀਰਾ ਚੱਕ, ਸ਼ਾਮਾ ਚੱਕ, ਕੁੱਲੀਆਂ ਆਦਿ ਨਾਲ ਸਬੰਧਤ ਸਨ।
ਲੋਕ ਸਭਾ ਚੋਣਾਂ ਲਈ ਕੁਰਸੀ ਛੱਡਣ ਲਈ ਤਿਆਰ ਨਹੀਂ ਪੰਜਾਬ ਦੇ ਮੰਤਰੀ
NEXT STORY