ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਧਰਤੀ 'ਤੇ ਪੈਦਾ ਹੋਏ ਅੱਤਵਾਦ ਨੇ ਲੱਖਾਂ ਲੋਕਾਂ ਦਾ ਜੀਵਨ ਤਬਾਹ ਕਰ ਦਿੱਤਾ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਇਸ ਅੱਤਵਾਦ ਦਾ ਸੇਕ ਸਹਿਣ ਕੀਤਾ ਅਤੇ ਭਾਰਤ ਦੇ ਕਈ ਖੇਤਰਾਂ 'ਚ ਹੱਸਦੇ ਖੇਡਦੇ ਜੀਵਨ ਗੁਜ਼ਾਰ ਰਹੇ ਲੋਕਾਂ ਦੀਆਂ ਇੱਛਾਵਾਂ-ਸੱਧਰਾਂ ਨੂੰ ਵੀ ਦਾਨਵਾਂ ਦੇ ਟੋਲੇ ਲਾਂਬੂ ਲਾਉਂਦੇ ਫਿਰ ਰਹੇ ਹਨ। ਇਸ ਗੱਲ ਨੂੰ ਸਾਰਾ ਸੰਸਾਰ ਜਾਣ ਚੁੱਕਾ ਹੈ ਕਿ ਪਾਕਿਸਤਾਨ ਦੀ ਧਰਤੀ 'ਤੇ ਚੱਲ ਰਹੇ ਕੈਂਪਾਂ 'ਚ ਅੱਤਵਾਦੀਆਂ ਨੂੰ ਸਿਖਲਾਈ ਦੇ ਕੇ, ਉਨ੍ਹਾਂ ਦੇ ਦਿਮਾਗਾਂ 'ਚ ਜ਼ਹਿਰ ਭਰ ਕੇ ਅਤੇ ਹਥਿਆਰਾਂ ਨਾਲ ਲੈਸ ਕਰ ਕੇ ਭਾਰਤ ਦੇ ਰਾਹ ਤੋਰਿਆ ਜਾ ਰਿਹਾ ਹੈ, ਜਿੱਥੇ ਉਹ ਲਗਾਤਾਰ ਮੌਤ ਦਾ ਤਾਂਡਵ ਕਰ ਰਹੇ ਹਨ। ਜੰਮੂ-ਕਸ਼ਮੀਰ 'ਚ ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ, ਜਿਸ ਦਿਨ ਅੱਤਵਾਦੀਆਂ ਵੱਲੋਂ ਕੋਈ ਕਾਰਾ ਨਾ ਕੀਤਾ ਜਾਂਦਾ ਹੋਵੇ। ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਲਈ ਤਾਂ ਮੁਸੀਬਤ ਹੋਰ ਵੀ ਜ਼ਿਆਦਾ ਹੈ, ਕਿਉਂਕਿ ਉਨ੍ਹਾਂ ਨੂੰ ਹਰ ਵੇਲੇ ਸਰਹੱਦ ਪਾਰ ਤੋਂ ਆਉਣ ਵਾਲੀ ਗੋਲੀਬਾਰੀ ਦਾ ਖਤਰਾ ਵੀ ਸਤਾਉਂਦਾ ਰਹਿੰਦਾ ਹੈ, ਸਹਿਮ ਭਰਿਆ ਜੀਵਨ ਗੁਜ਼ਾਰਨ ਵਾਲੇ ਇਨ੍ਹਾਂ ਲੋਕਾਂ ਦੀਆਂ ਅੱਖਾਂ 'ਚੋਂ ਹੰਝੂਆਂ ਦੇ ਦਰਿਆ ਲਗਾਤਾਰ ਵਗਦੇ ਰਹਿੰਦੇ ਹਨ।
ਬੇਰੋਜ਼ਗਾਰੀ, ਭੁੱਖਮਰੀ ਅਤੇ ਮਹਿੰਗਾਈ ਵੀ ਅੱਤਵਾਦ ਪੀੜਤਾਂ ਦੇ ਜ਼ਖਮਾਂ 'ਤੇ ਮਿਰਚਾਂ ਛਿੜਕਦੀ ਰਹਿੰਦੀ ਹੈ। ਅਜਿਹੇ ਕੁਝ ਪਰਿਵਾਰਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਦਰਦ ਸੁਣਨ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ ਜ਼ਿਲਾ ਪੁੰਛ ਨਾਲ ਸਬੰਧਤ ਭੀਂਬਰ ਗਲੀ ਅਤੇ ਬਾਲਾਕੋਟ ਦੇ ਖੇਤਰਾਂ 'ਚ 513ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਗਈ ਸੀ। ਇਹ ਸਮੱਗਰੀ ਜ਼ਿਲਾ ਮੋਗਾ ਦੇ ਪਿੰਡ ਅਕਾਲੀਆਂਵਾਲਾ ਦੀ ਪੰਚਾਇਤ ਅਤੇ ਹੋਰ ਲੋਕਾਂ ਵੱਲੋਂ ਭਿਜਵਾਈ ਗਈ ਸੀ।
ਭੀਂਬਰ ਗਲੀ ਨੇੜੇ ਇਕ ਪਹਾੜੀ ਦੀ ਢਲਾਣ 'ਤੇ ਹੋਏ ਇਸ ਰਾਹਤ ਵੰਡ ਆਯੋਜਨ ਦੌਰਾਨ 250 ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਘਰੇਲੂ ਵਰਤੋਂ ਦਾ ਹੋਰ ਸਾਮਾਨ ਵੰਡਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪੁੰਛ ਭਾਜਪਾ ਦੇ ਵਾਈਸ ਪ੍ਰਧਾਨ ਨਿਸਾਰ ਸ਼ਾਹ ਨੇ ਕਿਹਾ ਕਿ ਅੱਤਵਾਦ ਪੀੜਤ ਅਤੇ ਸਰਹੱਦੀ ਖੇਤਰਾਂ ਦੇ ਪਰਿਵਾਰ ਯਤੀਮਾਂ ਵਰਗਾ ਜੀਵਨ ਗੁਜ਼ਾਰ ਰਹੇ ਹਨ। ਗਰੀਬੀ ਅਤੇ ਬੇਰੋਜ਼ਗਾਰੀ ਕਾਰਣ ਲੋਕਾਂ ਨੂੰ ਹਰ ਵੇਲੇ ਰੋਜ਼ੀ-ਰੋਟੀ ਦੀ ਚਿੰਤਾ ਬਣੀ ਰਹਿੰਦੀ ਹੈ।
ਜਨਾਬ ਨਿਸਾਰ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਰਕਾਰ ਵੱਲੋਂ ਸਰਹੱਦੀ ਪਹਾੜੀ ਖੇਤਰਾਂ 'ਚ ਰਹਿਣ ਵਾਲਿਆਂ ਲਈ ਕੋਈ ਵਿਸ਼ੇਸ਼ ਯੋਜਨਾ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਕਦੇ ਕਦੇ ਫੌਜ ਵਾਲੇ ਲੋਕਾਂ ਦੀ ਸਹਾਇਤਾ ਲਈ ਮੈਡੀਕਲ ਕੈਂਪ ਲਾਉਂਦੇ ਹਨ ਅਤੇ ਹੁਣ ਪਿਛਲੇ ਕੁਝ ਸਮੇਂ ਤੋਂ ਪੰਜਾਬ ਕੇਸਰੀ ਗਰੁੱਪ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਰਾਹਤ ਸਮੱਗਰੀ ਦੇ ਟਰੱਕ ਭਿਜਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਸਮੱਗਰੀ ਨਾਲ ਲੋਕਾਂ ਨੂੰ ਕਾਫੀ ਹੌਸਲਾ ਮਿਲਿਆ ਹੈ। ਸ਼ਾਹ ਨੇ ਅਪੀਲ ਕੀਤੀ ਕਿ ਇਸ ਖੇਤਰ ਦੇ ਲੋਕਾਂ ਲਈ ਹੋਰ ਸਮੱਗਰੀ ਭਿਜਵਾਈ ਜਾਵੇ ।
ਪੰਜਾਬ ਨੇ ਵੀ ਸਹਿਣ ਕੀਤਾ ਅੱਤਵਾਦ ਦਾ ਸੇਕ: ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਪੱਤਰ ਸਮੂਹ ਦੇ ਬਾਨੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਜਨਮ ਦਿਨ (31 ਮਈ) ਮੌਕੇ ਵੰਡੀ ਗਈ ਇਸ ਰਾਹਤ ਮੌਕੇ ਸੰਬੋਧਨ ਕਰਦਿਆਂ ਮੁਹਿੰਮ ਦੇ ਆਗੂ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਸ ਅੱਤਵਾਦ ਨੇ ਅੱਜ ਜੰਮੂ ਕਸ਼ਮੀਰ 'ਚ ਕਹਿਰ ਮਚਾਇਆ ਹੋਇਆ ਹੈ, ਉਸ ਦਾ ਸੇਕ ਪੰਜਾਬ ਵੀ ਸਹਿਣ ਕਰ ਚੁੱਕਾ ਹੈ। ਪੰਜਾਬ ਕੇਸਰੀ ਪਰਿਵਾਰ ਨੇ ਵੀ ਅੱਤਵਾਦ ਵਿਰੁੱਧ ਲੜਾਈ ਲੜੀ ਅਤੇ ਪਹਿਲਾਂ ਲਾਲਾ ਜਗਤ ਨਾਰਾਇਣ ਜੀ ਨੇ ਅਤੇ ਫਿਰ ਉਨ੍ਹਾਂ ਦੇ ਬੇਟੇ ਸ਼੍ਰੀ ਰੋਮੇਸ਼ ਚੰਦਰ ਜੀ ਨੇ ਇਸ ਲੜਾਈ 'ਚ ਸ਼ਹਾਦਤ ਦਿੱਤੀ ।
ਵਰਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਸੁਰੱਖਿਆ ਫੋਰਸਾਂ ਨੂੰ ਅੱਤਵਾਦ ਨਾਲ ਲੜਾਈ ਲੜਨੀ ਪੈ ਰਹੀ ਹੈ ਅਤੇ ਭਾਰਤ ਦੇ ਨਾਲ-ਨਾਲ ਕੌਮਾਂਤਰੀ ਭਾਈਚਾਰੇ ਵੱਲੋਂ ਵੀ ਪਾਕਿਸਤਾਨ 'ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਅੱਤਵਾਦ ਦੀ ਦੁਕਾਨ ਨੂੰ ਬੰਦ ਕਰੇ ਪਰ ਇਸ ਦੇ ਬਾਵਜੂਦ ਕੋਈ ਅਸਰਦਾਰ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਸਿੱਧੇ ਰਸਤੇ 'ਤੇ ਨਹੀਂ ਆਉਂਦਾ, ਉਦੋਂ ਤਕ ਭਾਰਤੀ ਲੋਕ ਅਮਨ ਸ਼ਾਂਤੀ ਨਾਲ ਨਹੀਂ ਰਹਿ ਸਕਦੇ।
ਮੁਹੰਮਦ ਰਸ਼ੀਦ ਮੀਰ ਹਾਜੀ ਨੇ ਕਿਹਾ ਕਿ ਸਰਹੱਦੀ ਪਹਾੜੀ ਖੇਤਰਾਂ ਦੇ ਲੋਕਾਂ ਨੂੰ ਕੋਈ ਸਹੂਲਤ ਪ੍ਰਾਪਤ ਨਹੀਂ ਹੈ। ਜ਼ਿਆਦਾਤਰ ਲੋਕ ਥੋੜ੍ਹੀ ਬਹੁਤ ਖੇਤੀ ਕਰਦੇ ਹਨ ਜਾਂ ਫਿਰ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਇਸ ਤੋਂ ਜਿਹੜੀ ਆਮਦਨ ਹੁੰਦੀ ਹੈ, ਉਸ ਨਾਲ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਸਰਕਾਰ ਨੂੰ ਇਸ ਖੇਤਰ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।
ਪ੍ਰਭਾਵਿਤ ਲੋਕਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇ: ਕੁਲਦੀਪ ਭੁੱਲਰ
ਫਿਰੋਜ਼ਪੁਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਕੁਲਦੀਪ ਭੁੱਲਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਕਤਾਰ ਬਹੁਤ ਲੰਬੀ ਹੈ ਅਤੇ ਉਨ੍ਹਾਂ ਦੇ ਦੁੱਖਾਂ ਦਾ ਵੀ ਕੋਈ ਅੰਤ ਨਹੀਂ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਪਾਕਿਸਤਾਨੀ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਹੋਰ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਇਸ ਸੇਵਾ ਕਾਰਜ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਸਮੱਗਰੀ ਦਾ ਇਹ ਟਰੱਕ ਭਿਜਵਾਉਣ ਲਈ ਸੂਤਰਧਾਰ ਬਣੇ ਸ਼੍ਰੀ ਦਵਿੰਦਰ ਸਿੰਘ ਅਕਾਲੀਆਂਵਾਲਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਪਵਿੱਤਰ ਕਾਰਜ ਹੈ। ਇਸ ਮਕਸਦ ਲਈ ਉਹ ਭਵਿੱਖ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ। ਇਸ ਮੌਕੇ ਪਿੰਡ ਅਕਾਲੀਆਂਵਾਲਾ ਦੇ ਸਰਪੰਚ ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ ਘਾਰੂ, ਜਸਵੀਰ ਸਿੰਘ ਜੋਸਨ, ਰਜਿੰਦਰ ਸ਼ਰਮਾ (ਭੋਲਾ ਜੀ), ਬਾਲਾਕੋਟ ਖੇਤਰ ਦੇ ਸਮਾਜਸੇਵੀ ਸਰਪੰਚ ਨਜੀਰ ਖਾਕੀ , ਪਿੰਡ ਧਾਰ ਗਲੂਨ ਦੇ ਸਰਪੰਚ ਮੁਹੰਮਦ ਫਾਰੂਕ ਅਤੇ ਮੁਹੰਮਦ ਰਸ਼ੀਦ ਵੀ ਮੌਜੂਦ ਸਨ।
ਅੰਮ੍ਰਿਤਸਰ 'ਚ ਲੱਗੀ ਭਿਆਨਕ ਅੱਗ, 7 ਦੁਕਾਨਾਂ ਸੜ੍ਹ ਕੇ ਸੁਆਹ
NEXT STORY