ਅੰਮ੍ਰਿਤਸਰ (ਸਰਬਜੀਤ) : ਦਿੱਲੀ ਦੀ ਸਿਆਸਤ ’ਚ ਵਿਸ਼ੇਸ਼ ਪਛਾਣ ਰੱਖਣ ਵਾਲੇ ਟਕਸਾਲੀ ਅਕਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਸੂਬਾਈ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਗੁਜ਼ਾਰੀ ’ਤੇ ਅਸ਼ੰਤੁਸਟੀ ਪ੍ਰਗਟਾਈ ਹੈ। ਸਰਨਾ ਨੇ ਕਿਹਾ ਕਿ ਕੋਈ ਯੋਗ ਉਮੀਦਵਾਰ ਮਿਲਣ ’ਤੇ ਜਥੇਦਾਰ ਦੀ ਤਬਦੀਲੀ ਕਰਨ ਦੀ ਸਮੇਂ ਮੁਤਾਬਕ ਸਖ਼ਤ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ
ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਨਾ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਮਸਲੇ ਹਨ, ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖੁਦ ਹੀ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦਿਆਂ ਇਸ ਪਾਸੇ ਕੋਈ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ।ਉਨ੍ਹਾਂ ਕਿਹਾ ਕਿ ਜਿਹੜਾ ਜਥੇਦਾਰ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਨਾਕਾਮ ਰਹਿੰਦਾ ਹੈ, ਉਸ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੋਈ ਯੋਗ ਉਮੀਦਵਾਰ ਮਿਲ ਜਾਣ ’ਤੇ ਜਥੇਦਾਰ ਦੀ ਤਬਦੀਲੀ ਕਰ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਸਣੇ ਕਈ ਭਾਜਪਾ ਆਗੂਆਂ ’ਤੇ ਲਾਏ ਵੱਡੇ ਇਲਜ਼ਾਮ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਹੀ ਉਹ ਖ਼ੁਦ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ’ਚ ਹਿੱਸੇਦਾਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਦਾ ਪਛਤਾਵਾ ਰਹੇਗਾ ਕਿ ਉਨ੍ਹਾਂ ਨੇ ਗ਼ਲਤੀ ਕੀਤੀ ਹੈ ਤੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕਰ ਕੇ ਉਹ ਭੁੱਲ ਬਖ਼ਸ਼ਾਉਂਦੇ ਹੋਏ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਮੁਆਫੀ ਮੰਗਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ 102 ਸਾਲਾਂ ਬਾਅਦ ਸਾਕਾ ਨਨਕਾਣਾ ਸਾਹਿਬ ਦੇ ਮਹੰਤ ਨਰੈਣੂ ਵਾਲੀ ਗ਼ਲਤੀ ਦੁਹਾਰਾਈ ਹੈ, ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਕ ਵਾਰੀ ਫਿਰ ਮਹੰਤ ਨੂੰ ਪ੍ਰਬੰਧ ਸੌਂਪਿਆ ਗਿਆ ਹੈ ਤੇ ਉਸ ਮਹੰਤ ਕਰਮਜੀਤ ਸਿੰਘ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਚੱਲਦੇ ਸਮਾਗਮ ’ਚ ਗੋਲਕਾਂ ਦੇ ਤਾਲੇ ਤੋੜ ਕੇ ਬੱਜਰ ਗ਼ਲਤੀ ਕੀਤੀ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਗੁਰਦੁਆਰਾ ਐਕਟ 1925 ਦੀ ਸਿੱਧੇ ਤੌਰ ’ਤੇ ਉਲੰਘਣਾ ਹੈ। ਸਰਨਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਹਰਿਅਣਾ ’ਚ ਐਡਹਾਕ ਕਮੇਟੀ ਬਣਾ ਕੇ ਪ੍ਰਬੰਧ ਅਨਪੜ੍ਹਾਂ ਤੇ ਗਵਾਰਾਂ ਨੂੰ ਸੌਂਪਿਆ ਗਿਆ ਹੈ, ਉਸ ਤੋਂ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਅਪਣਾਈ ਗਈ ਬੇਗਾਨਗੀ ਦੀ ਭਾਵਨਾ ਸਪੱਸ਼ਟ ਨਜ਼ਰ ਆਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ’ਚ ਹੋਈ ਗੈਂਗਵਾਰ ਦੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਵਿਰੋਧੀਆਂ ਨੂੰ ਦਿੱਤੀ ਧਮਕੀ
ਅਜਨਾਲਾ ਵਿਖੇ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਦਿਆ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੇ ਅਰਦਾਸ ਕਰਕੇ ਤਾਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਉਸ ਦੀ ਆੜ ਹੇਠ ਥਾਣੇ ’ਤੇ ਹਮਲਾ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਮਾਨਸਿਕ ਤਵਾਜ਼ਨ ਗੁਆ ਚੁੱਕੀ ਹੈ, ਜਿਸ ਨੇ ਬਾਬੇ ਨਾਨਕ ਦੇ ਕਿਰਤ ਕਰੋ, ਵੰਡ ਛੱਕੋ ਤੇ ਨਾਮ ਜਪੋ ਦੇ ਸਿਧਾਂਤ ਨੂੰ ਦਰਕਿਨਾਰ ਕਰਕੇ ਸੂਬੇ ਨੂੰ ਤਾਂ ਕਰਜ਼ਾਈ ਕਰ ਦਿੱਤਾ ਹੈ ਤੇ ਹਰ ਵਸਤੂ ਫ੍ਰੀ ਦੇ ਕੇ ਸੂਬੇ ਦੀ ਆਰਥਿਕਤਾ ਨੂੰ ਭਾਰੀ ਖੋਰਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਪਹਿਲਾਂ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ’ਚ ਲੁਟਾਇਆ ਗਿਆ ਸੀ। ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦਾ ਇਕ ਮੰਤਰੀ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਕੇਸ ’ਚ ਨਾਮਜ਼ਦ ਹੈ ਤੇ ਹੁਣ ਦੂਜਾ ਮੰਤਰੀ ਵੀ ਈ. ਡੀ. ਦੇ ਸ਼ਿਕੰਜੇ ’ਚ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕੱਟੜ ਈਮਾਨਦਾਰ ਸਰਕਾਰ ਦੀ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਦਿੱਲੀ ਦੀ ਭ੍ਰਿਸ਼ਟਾਚਾਰ ਦੀ ਅੱਗ ਦਾ ਸੇਕ ਪੰਜਾਬ ਦੀ ਆਬਕਾਰੀ ਨੀਤੀ ’ਤੇ ਵੀ ਪੈ ਸਕਦਾ ਹੈ। ਕੋਟਕਪੂਰਾ ਕਾਂਡ ਦੀ ਰਿਪੋਰਟ ਬਾਰੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ ਤੇ ਇਸ ’ਤੇ ਕੋਈ ਟਿੱਪਣੀ ਕਰਨ ਨਾਲ ਅਦਾਲਤ ਦੀ ਮਾਣਹਾਨੀ ਦਾ ਸਵਾਲ ਹੈ। ਇਸ ਮੌਕੇ ਮਨਿੰਦਰ ਸਿੰਘ ਧੁੰਨਾ ਵੀ ਹਾਜ਼ਰ ਸਨ।
ਟੋਲ ਪਲਾਜ਼ਾ ’ਤੇ ਗੁੰਡਾਗਰਦੀ ਕਰਨ ਵਾਲੇ ਮੁਲਜ਼ਮ ਅਜੇ ਤਕ ਪੁਲਸ ਦੀ ਪਹੁੰਚ ਤੋਂ ਦੂਰ
NEXT STORY