ਆਦਮਪੁਰ (ਦਿਲਬਾਗੀ)— ਹੁਸ਼ਿਆਰਪੁਰ ਰੋਡ 'ਤੇ ਪੈਂਦੇ ਕਠਾਰ ਵਿਖੇ ਦਿਨ-ਦਿਹਾੜੇ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਥਿਆਰਾਂ ਦੇ ਜ਼ੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਗਾ ਜਿਉਲਰਜ਼ ਕਠਾਰ ਦੇ ਮਾਲਕ ਰਾਹੁਲ ਵਰਮਾ ਨੇ ਦੱਸਿਆ ਕਿ ਉਹ ਕਰੀਬ 11 ਵਜੇ ਆਪਣੀ ਦੁਕਾਨ 'ਤੇ ਪੂਜਾ ਕਰ ਰਹੇ ਸਨ ਕਿ ਅਚਾਨਕ ਤਿੰਨ ਨੌਜਵਾਨ ਮੂੰਹ 'ਤੇ ਕੱਪੜਾ ਬੰਨ੍ਹ ਕੇ ਉਨ੍ਹਾਂ ਦੀ ਦੁਕਾਨ 'ਚ ਆਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਨਕਾਬਪੋਸ਼ਾਂ ਨੂੰ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ ਤਾਂ ਉਨ੍ਹਾਂ 'ਚੋਂ ਦੋ ਨੌਜਵਾਨਾਂ ਨੇ ਰਾਹੁਲ 'ਤੇ ਪਿਸਤੌਲ ਅਤੇ ਦੇਸੀ ਕੱਟਾ ਤਾਣ ਦਿੱਤਾ ਜਦਕਿ ਤੀਜੇ ਨੇ ਤੇਜ਼ਧਾਰ ਹਥਿਆਰ ਨਾਲ ਰਾਹੁਲ ਨੂੰ ਚੁੱਪ ਰਹਿਣ ਲਈ ਕਿਹਾ। ਇਸੇ ਦੌਰਾਨ ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਮਾਰਨ ਦੀ ਧਮਕੀ ਦਿੰਦੇ ਹੋਏ ਪਿਛਲੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਖੁੱਲ੍ਹੀ ਤਿਜੌਰੀ ਸਮੇਤ ਗੱਲੇ 'ਚੋਂ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਲੈ ਕੇ ਫਰਾਰ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਉਹ ਦਰਵਾਜ਼ੇ 'ਤੇ ਲੱਗੀ ਫਾਈਬਰ ਨੂੰ ਤੋੜ ਕੇ ਬਾਹਰ ਨਿਕਲੇ ਅਤੇ ਘਟਨਾ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਐੱਸ. ਪੀ. ਬਲਕਾਰ ਸਿੰਘ, ਡੀ. ਐੱਸ. ਪੀ. ਸੁਰਿੰਦਰ ਕੁਮਾਰ, ਆਦਮਪੁਰ ਥਾਣਾ ਮੁਖੀ ਸੁੱਖਾ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਆ ਕੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ। ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ।
ਦਾਦੂਵਾਲ ਦੀ ਨਾਰਾਜ਼ਗੀ 'ਤੇ ਦੇਖੋ ਕੀ ਬੋਲੇ ਧਿਆਨ ਸਿੰਘ ਮੰਡ
NEXT STORY