ਸੰਗਰੂਰ, (ਸਿੰਗਲਾ)- ਸੰਗਰੂਰ ਸ਼ਹਿਰ ਦੇ ਆਬਾਦੀ ਭਰੇ ਇਲਾਕੇ ਪੁਰਾਣੀ ਨੂਰਪੁਰਾ ਬਸਤੀ ਨਵਾਂ ਪ੍ਰਤਾਪ ਨਗਰ ਨੇੜੇ ਹਰਗੋਬਿੰਦਪੁਰਾ ਗੁਰਦੁਆਰਾ ਸਾਹਿਬ ਵਿਖੇ ਇਕ ਵਿਆਹ ਵਾਲੇ ਘਰੋਂ ਲੰਘੀ ਰਾਤ ਲੱਖਾਂ ਰੁਪਏ ਦੇ ਗਹਿਣੇ, ਨਕਦੀ, ਕੈਨੇਡੀਅਨ ਡਾਲਰ, ਆਈਫੋਨ ਅਤੇ ਹੋਰ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਵਿਵੇਕ ਮਿੱਤਲ ਪੁੱਤਰ ਬੀਰਭਾਨ ਵਾਸੀ ਪ੍ਰਤਾਪ ਨਗਰ ਸੰਗਰੂਰ ਨੇ ਦੱਸਿਆ ਕਿ ਉਨ੍ਹਾਂ ਦੀ ਕੈਨੇਡਾ ਰਹਿੰਦੀ ਭੈਣ ਦਾ ਜੋ ਕਿ 27 ਜਨਵਰੀ ਨੂੰ ਵਿਆਹ ਲਈ ਸੰਗਰੂਰ ਵਿਖੇ ਆਈ ਸੀ ਅਤੇ 5 ਫਰਵਰੀ ਨੂੰ ਘਰ ’ਚ ਲੇਡੀ ਸੰਗੀਤ ਰੱਖਿਆ ਗਿਆ ਸੀ ਅਤੇ 7 ਨੂੰ ਇਕ ਪੈਲੇਸ ਵਿਖੇ ਵਿਆਹ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਸਮੁੱਚਾ ਪਰਿਵਾਰ ਵਿਆਹ ਕਰਨ ਲਈ ਲੱਗਭਗ 10 ਵਜੇ ਦੀ ਕਰੀਬ ਘਰੋਂ ਪੈਲੇਸ ’ਚ ਚਲਿਆ ਗਿਆ ਸੀ ਅਤੇ ਸਾਰੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਵਿਆਹ ’ਚ ਖੁਸ਼ੀਆਂ ਮਨਾ ਰਹੇ ਸਨ।
ਜਦੋਂ ਰਾਤ ਸਮੇਂ ਕੁਝ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਪੈਲੇਸ ’ਚੋਂ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਘਰ ’ਚ ਚੋਰੀ ਹੋ ਜਾਣ ਦੀ ਘਟਨਾ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਉਨ੍ਹਾਂ ਦੱਸਿਆ ਕਿ ਘਰ ’ਚ ਵੱਖ-ਵੱਖ ਕਮਰਿਆਂ ਦੇ ਗੇਟਾਂ ਦੇ ਤਾਲੇ ਤੋੜ ਕੇ ਘਰ ’ਚ ਪਏ ਟਰੰਕ, ਕੱਪ ਬੋਰਡ, ਅਲਮਾਰੀਆਂ, ਸੂਟ ਕੇਸਾਂ ਦੀ ਬੁਰੀ ਤਰ੍ਹਾ ਭੰਨ-ਤੋੜ ਕੀਤੀ ਹੋਈ ਸੀ ਅਤੇ ਉਸ ’ਚ ਪਿਆ ਸਾਮਾਨ ਨਕਦੀ ਆਦਿ ਚੋਰੀ ਕੀਤਾ ਹੋਇਆ ਸੀ।
ਵਿਵੇਕ ਮਿੱਤਲ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ’ਚ ਅਣਪਛਾਤੇ ਚੋਰਾਂ ਵੱਲੋਂ 4 ਹਜ਼ਾਰ ਕੈਨੇਡੀਅਨ ਡਾਲਰ, 2 ਲੱਖ 50 ਹਜ਼ਾਰ ਦੇ ਕਰੀਬ ਲੜਕੀ ਦੇ ਲੇਡੀਜ਼ ਸੰਗੀਤ ਵਾਲਾ ਸ਼ਗਨ ਅਤੇ ਹੋਰ ਕੈਸ਼, ਲੱਗਭਗ 18 ਤੋਲੇ ਸੋਨੇ ਦੇ ਗਹਿਣੇ ਅਤੇ 700 ਗ੍ਰਾਮ ਚਾਂਦੀ, ਇਕ ਆਈਫੋਨ, ਅੱਠ ਘੜੀਆਂ, ਦੋ ਗੈਸ ਸਿਲੰਡਰ, ਇਕ ਐੱਲ. ਸੀ. ਡੀ. 55 ਇੰਚੀ, ਮੋਬਾਈਲ ਚਾਰਜਰ ਅਤੇ ਹੋਰ ਨਿੱਕਾ ਮੋਟਾ ਸਾਮਾਨ ਚੋਰੀ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਰਾਤ ਨੂੰ ਹੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
ਅੱਜ ਘਟਨਾ ਸਥਾਨ ’ਤੇ ਪੁਲਸ ਜ਼ਿਲਾ ਸੰਗਰੂਰ ਦੇ ਡੀ. ਐੱਸ. ਪੀ. ਆਰ. ਸੁਖਦੇਵ ਸਿੰਘ, ਏ. ਐੱਸ. ਆਈ. ਗੁਰਲਾਲ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪੁੱਜ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਨੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਪਹੁੰਚ ਕੇ ਵੀ ਚੋਰੀ ਵਾਲੇ ਘਰ ਦਾ ਨਿਰੀਖਣ ਕੀਤਾ ਗਿਆ। ਇਸ ਚੋਰੀ ਦੀ ਘਟਨਾ ਸਬੰਧੀ ਸੰਗਰੂਰ ਪੁਲਸ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਰਿਹਾਅ ਹੋ ਗਏ ਹਾਰਡੀ ਸੰਧੂ, ਲਾਈਵ ਪ੍ਰਫਾਰਮ ਕਰਨ ਲਈ ਪੁਲਸ ਨੇ ਲਿਆ ਸੀ ਹਿਰਾਸਤ 'ਚ
NEXT STORY