ਕਪੂਰਥਲਾ (ਰਜਿੰਦਰ)-ਨਵੇਂ ਵਿੱਤੀ ਵਰ੍ਹੇ ਦੌਰਾਨ ਨੇਡ਼ਲੇ ਪਿੰਡ ਪੰਡੋਰੀ ਅਰਾਈਆਂ ਵਿਖੇ ਸ਼ਰਾਬ ਠੇਕੇਦਾਰ ਵਲੋਂ ਖੋਲ੍ਹੇ ਜਾ ਰਹੇ ਠੇਕੇ ਦਾ ਅੱਜ ਪਿੰਡ ਵਾਸੀਆਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਖੁਲ੍ਹਣ ਦਿੱਤਾ। ਦੂਜੇ ਪਾਸੇ ਲੋਕਾਂ ਦੇ ਵਿਰੋਧ ਬਾਰੇ ਪਤਾ ਲੱਗਣ ’ਤੇ ਭੁਲੱਥ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਦੱਸਣਯੋਗ ਹੈ ਕਿ ਸ਼ਾਮ ਸਮੇਂ ਸ਼ਰਾਬ ਠੇਕੇਦਾਰ ਦੇ ਕਰਮਚਾਰੀ ਪਿੰਡ ਵਿਚ ਠੇਕਾ ਖੋਲ੍ਹਣ ਲਈ ਪੁੱਜੇ ਸਨ। ਪਰ ਇਸ ਦੌਰਾਨ ਪਿੰਡ ਦੇ ਸਰਪੰਚ ਗੁਰਭੇਜ ਸਿੰਘ, ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ, ਮੈਂਬਰ ਸ਼ਿੰਗਾਰਾ ਸਿੰਘ, ਰੇਸ਼ਮ ਸਿੰਘ, ਰਵੇਲ ਸਿੰਘ, ਕੁਲਬੀਰ ਸਿੰਘ, ਲਖਵੀਰ ਸਿੰਘ, ਦੀਵਾਨ ਸਿੰਘ, ਤਾਰਾ ਸਿੰਘ, ਜਰਨੈਲ ਸਿੰਘ, ਸੇਵਾ ਸਿੰਘ, ਸ਼ੀਸ਼ਨ ਸਿੰਘ, ਨਰੇਸ਼ ਸਿੰਘ, ਬੂਟਾ ਸਿੰਘ, ਮਨਪ੍ਰੀਤ ਸਿੰਘ, ਰਵੇਲ ਸਿੰਘ, ਸਤਨਾਮ ਸਿੰਘ ਤੇ ਪਿਆਰਾ ਸਿੰਘ ਸਮੇਤ ਵੱਡੀ ਗਿਣਤੀ ਲੋਕ ਇਕੱਠੇ ਹੋਏ ਗਏ। ਜਿਨ੍ਹਾਂ ਨੇ ਪਿੰਡ ਵਿਚ ਸ਼ਰਾਬ ਦੇ ਠੇਕੇ ਵਾਲੀ ਦੁਕਾਨ ਦਾ ਘੇਰਾਓ ਕਰਦੇ ਹੋਏ ਠੇਕੇ ਖੋਲ੍ਹੇ ਜਾਣ ਜ਼ੋਰਦਾਰ ਵਿਰੋਧ ਕੀਤਾ। ਇਸ ਮੌਕੇ ਸਰਪੰਚ ਗੁਰਭੇਜ ਸਿੰਘ ਤੇ ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ ਨੇ ਦੱਸਿਆ ਕਿ ਸਾਡਾ ਪਿੰਡ ਛੋਟਾ ਹੈ, ਜਿਥੋਂ ਦੇ ਠੇਕੇ ਤੋਂ ਬਾਹਰਲੇ ਪਿੰਡਾਂ ਤੋਂ ਲੋਕ ਆ ਕੇ ਸ਼ਰਾਬ ਪੀਂਦੇ ਹਨ, ਜੋ ਇਥੇ ਰੌਲਾ ਪਾ ਕੇ ਪਿੰਡ ਦਾ ਮਾਹੌਲ ਖਰਾਬ ਕਰਦੇ ਹਨ। ਇਸ ਦੇ ਨਾਲ ਪਿੰਡ ਵਿਚ ਠੇਕਾ ਹੋਣ ਦਾ ਸਾਨੂੰ ਬਹੁਤ ਨੁਕਸਾਨ ਹੈ, ਕਿਉਂਕਿ ਇਸ ਦਾ ਯੁਵਾ ਪੀਡ਼੍ਹੀ ਤੇ ਬੱਚਿਆਂ ’ਤੇ ਬਹੁਤ ਮਾਡ਼੍ਹਾ ਅਸਰ ਪੈ ਰਿਹਾ ਹੈ। ਜਿਸ ਸਬੰਧੀ ਅਸੀ ਮਾਰਚ ਮਹੀਨੇ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖਤੀ ਮੰਗ-ਪੱਤਰ ਵੀ ਦੇ ਚੁੱਕੇ ਹਾਂ, ਪਰ ਫਿਰ ਵੀ ਸਾਡੇ ਪਿੰਡ ਵਿਚ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ। ਦੂਸਰੇ ਪਾਸੇ ਇਸ ਸਬੰਧ ਵਿਚ ਜਦੋਂ ਸ਼ਰਾਬ ਠੇਕੇਦਾਰ ਨਵਦੀਪ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਸਥਾਪਿਤ ਨਹੀਂ ਹੋ ਸਕਿਆ। ਕੀ ਕਹਿੰਦੇ ਨੇ ਅਸਿਸਟੈਂਟ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਇਸ ਸਬੰਧੀ ਜਦੋਂ ਜ਼ਿਲਾ ਕਪੂਰਥਲਾ ਦੀ ਅਸਿਸਟੈਂਟ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ (ਏ. ਈ. ਟੀ. ਸੀ.) ਦਰਵੀਰ ਰਾਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਪੰਡੋਰੀ ਅਰਾਈਆਂ ਵਿਚ ਸ਼ਰਾਬ ਦਾ ਠੇਕਾ ਬੰਦ ਕਰਨ ਲਈ ਸਾਨੂੰ ਪੰਚਾਇਤ ਵਲੋਂ ਕੋਈ ਮਤਾ ਨਹੀਂ ਮਿਲਿਆ। ਜੇਕਰ ਇਹ ਮਤਾ ਸਾਡੇ ਕੋਲ ਸਮੇਂ ਸਿਰ ਆਉਂਦਾ ਤਾਂ ਅਸੀ ਉਸ ਮਤੇ ਨੂੰ ਅਗਾਂਹ ਵਿਭਾਗ ਕੋਲ ਮਨਜ਼ੂਰੀ ਵਾਸਤੇ ਭੇਜ ਦਿੰਦੇ। ਪਰ ਮਤਾ ਨਾ ਮਿਲਣ ਕਰਕੇ ਇਸ ਵਿੱਤੀ ਵਰ੍ਹੇ ਦੌਰਾਨ ਸਰਕਾਰ ਦਾ ਮਨਜ਼ੂਰ ਸ਼ੁਦਾ ਠੇਕਾ ਇਥੇ ਖੋਲ੍ਹਿਆ ਜਾਵੇਗਾ। ਜੇਕਰ ਪੰਚਾਇਤ ਪਿੰਡ ਵਿਚ ਠੇਕਾ ਨਹੀਂ ਖੋਲ੍ਹਣਾ ਚਾਹੁੰਦੀ ਤਾਂ ਉਹ ਪਿੰਡੋਂ ਬਾਹਰ ਜਗ੍ਹਾ ਦੇ ਦੇਵੇ।
‘ਮਾਂ ਸ਼ੀਤਲਾ ਜੀ ਦਾ ਵਰਤ ਰੱਖਣ ਤੇ ਪੂਜਾ ਕਰਨ ਨਾਲ ਸਮਸਤ ਰੋਗ ਦੂਰ ਰਹਿੰਦੇ ਹਨ’
NEXT STORY