ਅੰਮ੍ਰਿਤਸਰ (ਬਿਊਰੋ) - ਭਾਰਤ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਕਿਸਾਨਾਂ ਵੱਲੋਂ ਹਾਲ ਹੀ ਵਿੱਚ ਕਰਨਾਲ ਵਿਖੇ ਲਗਾਏ ਗਏ ਮੋਰਚੇ ਦੌਰਾਨ ਸ਼੍ਰੋਮਣੀ ਕਮੇਟੀ ਲੰਗਰ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦੇਵੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਤੋਂ ਬਾਅਦ ਹਰਿਆਣਾ ਦੇ ਕਰਨਾਲ ਵਿਖੇ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸਹਿਯੋਗੀ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਕੁਰੂਕਸ਼ੇਤਰ ਅਤੇ ਹਰਿਆਣਾ ਰਾਜ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਤੁਰੰਤ ਪ੍ਰਭਾਵ ਤੋਂ ਕਾਰਜਸ਼ੀਲ ਹੋਣ ਲਈ ਆਖਿਆ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਨਾਲ ਲਗਦੀ ਸਰਹੱਦ ਦੇ ਨਜ਼ਦੀਕੀ ਗੁਰਦੁਆਰਾ ਤੋਂ ਅਮਲਾ ਭੇਜਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਅੰਦਰ ਕਾਂਗਰਸੀ ਉਮੀਦਵਾਰਾਂ ਦੀਆਂ ਟਿਕਟਾਂ ਸਬੰਧੀ ਹਰੀਸ਼ ਰਾਵਤ ਨੇ ਦਿੱਤਾ ਵੱਡਾ ਬਿਆਨ
ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਲੰਗਰ, ਚਾਹ ਪਾਣੀ ਅਤੇ ਰਹਿਣ ਸਹਿਣ ਦੇ ਪ੍ਰਬੰਧ ਕਰਕੇ ਦਿੱਤੇ ਜਾਣਗੇ, ਜਿਸ ਦੀ ਨਿਗਰਾਨੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਕੱਤਰ ਪੱਧਰ ਦਾ ਅਧਿਕਾਰੀ ਕਰੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਧਰਨੇ ਦੌਰਾਨ ਕਿਸਾਨਾਂ ਨੂੰ ਲੰਗਰ ਅਤੇ ਪਾਣੀ ਦੀ ਵੱਡੀ ਲੋੜ ਹੈ। ਉਨ੍ਹਾਂ ਨੇ ਤੁਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਤਿੰਨ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਦੀ ਡਿਊਟੀ ਲਗਾ ਕੇ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਧਰਨੇ ਵਾਲੀ ਥਾਂ ’ਤੇ ਲੰਗਰ ਲਗਾ ਦਿੱਤੇ ਗਏ ਹਨ ਅਤੇ ਹੁਣ ਇਨ੍ਹਾਂ ਨੂੰ ਵਿਧੀਵਤ ਚਲਾਉਣ ਲਈ ਟੀਮਾਂ ਭੇਜੀਆਂ ਗਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ ਅਤੇ ਇਸ ਮੌਕੇ ਸਿੱਖ ਪੰਥ ਦੀ ਆਗੂ ਸੰਸਥਾ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਨਾਲ ਹੈ। ਦਿੱਲੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਲੋੜੀਂਦੀਆਂ ਸੇਵਾਵਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਸਨ ਅਤੇ ਹੁਣ ਕਰਨਾਲ ਵਿਖੇ ਵੀ ਕਿਸਾਨਾਂ ਨਾਲ ਖੜ੍ਹਣ ਲਈ ਵੀ ਸ਼੍ਰੋਮਣੀ ਕਮੇਟੀ ਵਚਨਬੱਧ ਹੈ। ਉਨ੍ਹਾਂ ਹਰਿਆਣਾ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਰਨਾਲ ਵਿਖੇ ਕਿਸਾਨਾਂ ’ਤੇ ਕੀਤੇ ਗਏ ਤਸ਼ਦੱਦ ਦੀ ਨਿਖੇਧੀ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੱਸ ਸਕਦੇ ਹਨ ਕਿ ਦੇਸ਼ ਲਈ ਅੰਨ ਭੰਡਾਰ ਭਰਨ ਵਾਲਾ ਕਿਸਾਨ ਸੜਕਾਂ ’ਤੇ ਕਿਉਂ ਰੁਲ ਰਿਹਾ ਹੈ। ਪ੍ਰਧਾਨ ਮੰਤਰੀ ਇਹ ਵੀ ਦੱਸਣ ਕੀ ਕੇਂਦਰ ਸਰਕਾਰ ਦੀ ਅੜੀ ਦੇਸ਼ ਦੇ ਹਿੱਤ ਵਿਚ ਹੈ?
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਆਹ ਤੋਂ ਕੁੱਝ ਦਿਨ ਪਹਿਲਾਂ ਘਰ ’ਚ ਵਾਪਰੀ ਵਾਰਦਾਤ, ਲਾੜੀ ਦਾ 18 ਤੋਲੇ ਸੋਨਾ ਹੋਇਆ ਚੋਰੀ (ਤਸਵੀਰਾਂ)
ਉਨ੍ਹਾਂ ਕਿਹਾ ਕਿ ਬਿਨ੍ਹਾਂ ਕਾਰਨ ਜਿੱਦ ਭਾਰਤ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੀ ਅਤੇ ਪ੍ਰਧਾਨ ਮੰਤਰੀ ਨੂੰ ਹਠੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਸ. ਗੁਰਨਾਮ ਸਿੰਘ ਜੱਸਲ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਗੁ. ਬਾਬਾ ਬਕਾਲਾ ਸਾਹਿਬ ਦੇ ਅਖੰਡ ਪਾਠੀ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ
ਬਜ਼ੁਰਗ ਬੀਬੀ ਦੇ ਕਤਲ ਦੀ ਸੁਲਝੀ ਗੁੱਥੀ, ਘਰੋਂ ਕੱਢਣ ’ਤੇ ਕੇਅਰਟੇਕਰ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
NEXT STORY