ਚੰਡੀਗੜ੍ਹ, (ਰਮਨਜੀਤ)- ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕੁਝ ਦਿਨ ਪਹਿਲਾਂ ਕਪੂਰਥਲਾ ਪੁਲਸ ਵਲੋਂ ਪਿੰਡ ਅਕਾਲਾ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਗੁੱਜਰ ਨੂੰ ਯੂ. ਏ. ਪੀ. ਏ. ਐਕਟ ਅਧੀਨ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਚੁੱਕਿਆ ਹੈ। ਖਹਿਰਾ ਦਾ ਕਹਿਣਾ ਹੈ ਕਿ ਪੁਲਸ ਵਲੋਂ ਇਸ ਮਾਮਲੇ ਵਿਚ ਧੱਕਾ ਕੀਤਾ ਗਿਆ ਹੈ ਅਤੇ ਉਨ੍ਹਾਂ ਸੀ. ਐੱਮ. ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਪੱਧਰ ’ਤੇ ਮਾਮਲੇ ਨੂੰ ਦੇਖਣ ਅਤੇ ਬਜ਼ੁਰਗ ਨੂੰ ਇਨਸਾਫ਼ ਦੇਣ।
ਖਹਿਰਾ ਨੇ ਆਪਣੇ ਪੱਤਰ ’ਚ ਕਿਹਾ ਹੈ ਕਿ ਜੋਗਿੰਦਰ ਸਿੰਘ ਗੁੱਜਰ ਨੂੰ ਅੱਤਵਾਦੀ ਸਰਗਰਮੀਆਂ ਅਤੇ ਭਾਰਤ ਖਿਲਾਫ਼ ਜੰਗ ਛੇੜਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ , ਜਦਕਿ ਸੱਚ ਇਹ ਹੈ ਕਿ ਇਹ 65 ਸਾਲਾ ਵਿਅਕਤੀ ਜੋ ਕਿ ਪਿਛਲੇ 18 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਹੈ, ਅਨਪੜ੍ਹ ਅਤੇ ਦਿਲ ਦਾ ਮਰੀਜ਼ ਹੈ। ਉਸ ਦਾ ਕੋਈ ਅਪਰਾਧਕ ਰਿਕਾਰਡ ਵੀ ਨਹੀਂ ਹੈ। ਪੁਲਸ ਦੋਸ਼ਾਂ ਅਨੁਸਾਰ ਉਸ ਨੇ 1 ਨਵੰਬਰ, 2019 ਨੂੰ ਜਨੇਵਾ ਵਿਖੇ ਹੋਈ ਐੱਸ.ਐੱਫ.ਜੇ. ਦੀ ਕਨਵੈਨਸ਼ਨ ਵਿਚ ਹਿੱਸਾ ਲਿਆ ਸੀ, ਜਿਸ ਦੀ ਫੋਟੋ ਤੋਂ ਹੀ ਉਸ ਦਾ ਇਕ ਸਧਾਰਨ ਜਿਹਾ ਦਰਸ਼ਕ ਦਿਖਾਈ ਦੇਣਾ ਜਾਪਦਾ ਹੈ। ਦੂਸਰਾ, ਉਸ ’ਤੇ ਇਟਲੀ ਦੇ ਗੁਰਦੁਆਰੇ ਵਿਚ ਅਵਤਾਰ ਪੰਨੂ ਨੂੰ ਸਿਰੋਪਾ ਦੇਣ ਦਾ ਦੋਸ਼ ਲਾਇਆ ਗਿਆ ਹੈ। ਤੀਸਰਾ, ਉਸ ’ਤੇ ਇਲਜ਼ਾਮ ਹੈ ਕਿ ਉਸ ਨੇ ਜਲੰਧਰ ਦੇ ਸੰਦੀਪ ਸਿੰਘ ਨੂੰ ਮਾਮੂਲੀ 200 ਯੂਰੋ (15000 ਰੁਪਏ) ਵੈਸਟਰਨ ਯੂਨੀਅਨ ਰਾਹੀਂ ਭੇਜੇ ਹਨ, ਜੋ ਕਿ ਕਿਸੇ ਰਣ ਸਿੰਘ ਵਲੋਂ ਭੇਜੇ ਜਾਣ ਦੀ ਫੋਟੋ ਹੈ। ਉਸ ਦੀ ਗਲਤੀ ਇਹ ਸੀ ਕਿ ਇਹ ਫੋਟੋ ਉਸ ਦੀ ਫੋਨ ਗੈਲਰੀ ਵਿਚ ਸੀ ਅਤੇ ਉਸ ਨੇ ਜਦਕਿ ਇਹ ਪੈਸੇ ਭੇਜੇ ਵੀ ਨਹੀਂ। ਖਹਿਰਾ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਇਕ ਕਨਵੈਨਸ਼ਨ ਵਿਚ ਹਿੱਸਾ ਲੈ ਕੇ, ਕਿਸੇ ਨੂੰ ਸਿਰੋਪਾ ਦੇ ਕੇ ਅਤੇ ਜਲੰਧਰ ਵਿਚ ਟਰੇਸ ਨਾ ਕੀਤੇ ਜਾ ਸਕਣ ਵਾਲੇ ਕਿਸੇ ਵਿਅਕਤੀ ਨੂੰ ਨਾਮਾਤਰ 200 ਯੂਰੋ ਟਰਾਂਸਫਰ ਕਰਕੇ ਉਹ ਭਾਰਤ ਵਰਗੇ ਮਜਬੂਤ ਦੇਸ਼ ਖਿਲਾਫ ਜੰਗ ਛੇੜ ਸਕਦਾ ਹੈ? ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ਪੁਲਸ ਪਿਛਲੇ ਕੁਝ ਸਮੇਂ ਤੋਂ ਦੁਬਾਰਾ ਸਿੱਖਾਂ ਨੂੰ ਨਿਸ਼ਾਨਾ ਬਣਾਉਣ, ਅਪਮਾਨਿਤ ਕਰਨ ਅਤੇ ਅੱਤਵਾਦੀ ਦਾ ਲੇਬਲ ਲਾਉਣ ਲਈ ਕੇਂਦਰੀ ਏਜੰਸੀਆਂ ਅਤੇ ਪੁਲਸ ਵਲੋਂ ਗਿਣੀ ਮਿਥੀ ਯੋਜਨਾ ਤਹਿਤ ਮਾਮਲੇ ਦਰਜ ਕਰ ਰਹੀ ਹੈ।
3 ਸਿਹਤ ਕਾਮਿਆਂ ਤੇ ਪੁਲਸ ਕਾਮਿਆਂ ਸਮੇਤ 20 ਹੋਰ ਕੋਰੋਨਾ ਪਾਜ਼ੇਟਿਵ
NEXT STORY