ਪੱਟੀ, (ਸੌਰਭ)- ਸ਼ਹਿਰ ਦੀ ਮੇਨ ਸਡ਼ਕ ਜੋ ਕਿ ਬੱਸ ਸਟੈਂਡ ਤੋਂ ਲੈ ਕੇ ਲਾਹੌਰ ਚੌਕ ਤੱਕ ਨਾ ਬਣਨ ਕਰ ਕੇ ਸੂਮਹ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਪਰ ਕਾਂਗਰਸ ਸਰਕਾਰ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਸਿਕੰਦਰ ਸੋਈ, ਰਾਜਦੀਪ ਰਾਜਾ, ਸਰਬਜੀਤ ਸਿੰਘ ਤੇ ਲਖਬੀਰ ਸਿੰਘ ਆਦਿ ਦੁਕਾਨਦਾਰਾਂ ਨੇ ਸਡ਼ਕ ਨਾ ਬਣਨ ਕਾਰਨ ਹੋ ਰਹੇ ਨੁਕਸਾਨ ਕਰ ਕੇ ਮੇਨ ਸਡ਼ਕ ਵਿਚ ਧਰਨਾ ਲਾ ਦਿੱਤਾ ਅਤੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਭਡ਼ਾਸ ਕੱਢੀ। ਇਸ ਮੌਕੇ ਸਿਕੰਦਰ ਸੋਈ ਨੇ ਦੱਸਿਆ ਕਿ ਸਾਡੇ ਮਹਾਸ਼ਾ ਮੈਡੀਕਲ ਸਟੋਰ ’ਤੇ ਲੱਗਾ ਸ਼ੀਸਾ 2 ਵਾਰ ਟੁੱਟ ਚੁੱਕਾ ਹੈ ਤੇ ਕਰੀਬ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਪਰ ਪ੍ਰਸ਼ਾਸਨ ਤੇ ਸਰਕਾਰ ਦੀ ਅਣਗਹਿਲੀ ਕਰ ਕੇ ਸਡ਼ਕ ਨਾ ਬਣਨ ਕਾਰਨ ਇਹ ਹਾਦਸੇ ਹੋ ਰਹੇ ਹਨ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਸਡ਼ਕ ਵੱਲ ਧਿਆਨ ਦੇ ਕੇ ਇਸ ਨੂੰ ਪਹਿਲ ਦੇ ਆਧਾਰ ਬਣਾਇਆ ਜਾਵੇ।
ਇਸ ਧਰਨੇ ਵਿਚ ਭੁਪਿੰਦਰ ਸਿੰਘ, ਸਰਬਜੀਤ ਸਿੰਘ, ਦਰਸ਼ਨ ਸਿੰਘ ਬੱਬੂ ਭਾਟੀਆ, ਸੋਭਾ ਸਿੰਘ, ਅਰਜਿੰਦਰ ਸਿੰਘ, ਅਰਸ਼ਦੀਪ ਸਿੰਘ ਭਾਟੀਆ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਇਸ ਸਬੰਧੀ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਜਲਦ ਹੱਲ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਤੇ ਸਰਕਾਰ ਨਾਲ ਗੱਲਬਾਤ ਕਰ ਕੇ ਜਲਦ ਹੀ ਇਹ ਸਡ਼ਕ ਬਣਾ ਦਿੱਤੀ ਜਾਵੇਗੀ।
8 ਸਾਲਾ ਬੱਚੇ ਨੂੰ ਪਿੰਡ ਦੇ ਹੀ ਵਿਅਕਤੀ ਨੇ ਕੀਤਾ ਅਗਵਾ
NEXT STORY