ਢੁੱਡੀਕੇ (ਮੋਗਾ), (ਪਵਨ ਗਰੋਵਰ, ਗੋਪੀ ਰਾਊਕੇ)- ਇਕ ਪਾਸੇ ਜਿਥੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਭਰ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਪਿੰਡ ਢੁੱਡੀਕੇ ਵਿਖੇ 1968 'ਚ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਨਾਂ 'ਤੇ ਬਣਿਆ ਹਾਕੀ ਵਿੰਗ ਤੇ ਸਿਖਲਾਈ ਕੇਂਦਰ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਰ ਕੇ 'ਖੰਡਰ' ਬਣ ਗਿਆ ਹੈ। 'ਭੂਤ ਬੰਗਲਾ' ਬਣੀ ਇਹ ਇਮਾਰਤ ਇਲਾਕੇ ਦੇ ਨਸ਼ੱਈਆਂ ਲਈ ਨਸ਼ਾ ਕਰਨ ਦਾ ਕਥਿਤ ਸੁਰੱਖਿਅਤ ਅੱਡਾ ਵੀ ਬਣ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਵਾਸੀਆਂ ਵੱਲੋਂ ਇਸ ਹਾਕੀ ਵਿੰਗ ਦੀ ਸੰਭਾਲ ਸਬੰਧੀ ਕਈ ਦਫਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਪਰ ਹਾਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
'ਜਗ ਬਾਣੀ' ਵੱਲੋਂ ਇਸ ਸਬੰਧ 'ਚ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਉਸ ਵੇਲੇ 45 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਸਟੇਡੀਅਮ 'ਚ 33 ਕਮਰੇ ਬਣਾਏ ਗਏ ਸਨ ਤਾਂ ਜੋ ਹਾਕੀ ਵਿੰਗ 'ਚੋਂ ਸਿਖਲਾਈ ਲੈ ਕੇ ਖਿਡਾਰੀ ਇਨ੍ਹਾਂ ਕਮਰਿਆਂ 'ਚ ਰਹਿ ਸਕਣ। ਪਿੰਡ ਵਾਸੀਆਂ ਦਾ ਦੱਸਣਾ ਹੈ ਕਿ ਅੱਤਵਾਦ ਦੀ 'ਕਾਲੀ ਹਨੇਰੀ' ਦੌਰਾਨ ਇਥੇ ਹਾਕੀ ਵਿੰਗ ਦੀ ਹੋਂਦ ਖਤਮ ਹੋਣ ਲੱਗੀ ਪਈ ਅਤੇ ਇਸ ਮਗਰੋਂ ਹੌਲੀ-ਹੌਲੀ ਇਕ-ਇਕ ਕਰ ਕੇ ਕਮਰਿਆਂ ਦੀਆਂ ਬੂਹੇ-ਬਾਰੀਆਂ ਚੋਰੀ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਹਾਲਾਤ ਇੰਨੇ ਖਰਾਬ ਹਨ ਕਿ ਕਮਰਿਆਂ ਅਤੇ ਸਿਖਲਾਈ ਕੇਂਦਰ ਦੀ ਚਾਰਦਵਾਰੀ ਦੀਆਂ ਕੰਧਾਂ ਵੀ ਢਹਿ-ਢੇਰੀ ਹੋਣ ਲੱਗੀਆਂ ਹਨ। ਖੇਡ ਸਿਖਲਾਈ ਕੇਂਦਰ ਦੇ ਕਮਰਿਆਂ 'ਚ ਥਾਂ-ਥਾਂ ਪਈਆਂ ਸਰਿੰਜਾਂ ਅਤੇ ਨਸ਼ਿਆਂ ਲਈ ਕਥਿਤ ਤੌਰ 'ਤੇ ਹੋਰ ਵਰਤਿਆ ਜਾਣ ਵਾਲਾ ਸਾਜ਼ੋ-ਸਾਮਾਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰੋਜ਼ਾਨਾ ਹੀ ਇਥੇ ਨਸ਼ਿਆਂ ਦੇ ਆਦੀ ਆਉਂਦੇ ਹਨ।
ਦੁੱਧ ਦਾ ਰੇਟ ਘੱਟ ਤੇ ਫੀਡ ਮਹਿੰਗੀ ਮਿਲਣ ਕਾਰਨ ਕਿਸਾਨਾਂ 'ਚ ਰੋਸ
NEXT STORY