ਸਾਹਨੇਵਾਲ(ਜਗਰੂਪ)-10 ਦਿਨ ਪਹਿਲਾਂ ਇਕ ਪ੍ਰਵਾਸੀ ਮਹਿਲਾ ਵੱਲੋਂ ਥਾਣਾ ਸਾਹਨੇਵਾਲ ਪੁਲਸ ਨੂੰ ਆਪਣੇ ਪਤੀ ਨੂੰ ਦੋ ਐੱਨ. ਆਰ. ਆਈ. ਭਰਾਵਾਂ ਵੱਲੋਂ ਅਗਵਾ ਕਰਨ ਦੀ ਸ਼ਿਕਾਇਤ ਦੇਣ ਦੇ ਬਾਅਦ ਭਾਵੇਂ ਪੁਲਸ ਉਕਤ ਮਹਿਲਾ ਦੇ ਪਤੀ ਦਾ ਪਤਾ ਨਹੀਂ ਲਾ ਸਕੀ ਪਰ ਇਕ ਹਫਤਾ ਪਹਿਲਾਂ ਏ. ਸੀ. ਪੀ. ਸਾਹਨੇਵਾਲ ਨੂੰ ਉਕਤ ਪ੍ਰਵਾਸੀ ਮਹਿਲਾ ਵੱਲੋਂ ਅਗਵਾ ਦੀ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਅਦਾਰਾ 'ਜਗ ਬਾਣੀ' ਵੱਲੋਂ ਪ੍ਰਮੁੱਖਤਾ ਨਾਲ ਛਾਪੀ ਗਈ ਖਬਰ ਦਾ ਅਸਰ ਇਹ ਹੋਇਆ ਕਿ ਉਕਤ ਅਗਵਾ ਹੋਇਆ ਪ੍ਰਵਾਸੀ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ, ਜਿਸ ਦੀ ਜਾਣਕਾਰੀ ਉਸ ਨੇ ਇਲਾਕਾ ਕੌਂਸਲਰ ਨੂੰ ਫੋਨ ਕਰ ਕੇ ਦਿੰਦਿਆਂ ਕਿਹਾ ਕਿ ਉਹ ਠੀਕ ਹੈ ਤੇ ਆਪਣੇ ਘਰ ਪਹੁੰਚ ਗਿਆ ਹੈ ਪਰ ਕਿਸੇ ਵੱਲੋਂ ਵੀ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ। ਭਾਵੇਂ ਕਿ ਅਜੇ ਤੱਕ ਇਸ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਪ੍ਰਵਾਸੀ ਵਿਅਕਤੀ ਸਹੀ ਸਲਾਮਤ ਆਪਣੇ ਘਰ ਪਹੁੰਚ ਚੁੱਕਾ ਹੈ, ਜਿਸ ਨੇ ਇਸਦੀ ਜਾਣਕਾਰੀ ਆਪਣੇ ਵਾਰਡ ਦੇ ਕੌਂਸਲਰ ਨੂੰ ਫੋਨ ਰਾਹੀਂ ਵੀ ਦੇ ਦਿੱਤੀ ਹੈ ਅਤੇ ਹੁਣ ਉਸ ਪ੍ਰਵਾਸੀ ਮਜ਼ਦੂਰ ਉਪਰ ਸਮਝੌਤਾ ਕਰਨ ਲਈ ਉਕਤ ਐੱਨ. ਆਰ. ਆਈ. ਭਰਾਵਾਂ ਵੱਲੋਂ ਆਪਣੀ ਸਿਆਸੀ ਪਹੁੰਚ ਕਾਰਨ ਜਿਥੇ ਦਬਾਅ ਬਣਾਇਆ ਜਾ ਰਿਹਾ ਹੈ, ਉਥੇ ਹੀ ਥਾਣਾ ਪੁਲਸ ਨੂੰ ਵੀ ਇਸ ਮਾਮਲੇ 'ਚ ਕੋਈ ਵੀ ਕਾਰਵਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਸਵਾਲ ਸਾਹਮਣੇ ਖੜ੍ਹੇ ਹੋਏ ਹਨ।
ਐੱਨ. ਆਰ. ਆਈ. ਭਰਾ ਪਹੁੰਚੇ ਸਿਆਸੀ ਸ਼ਰਨ 'ਚ
ਸੂਤਰਾਂ ਦੀ ਮੰਨੀਏ ਤਾਂ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਲਈ ਐੱਨ. ਆਰ. ਆਈ. ਭਰਾਵਾਂ ਦੇ ਕੁਝ ਰਿਸ਼ਤੇਦਾਰ ਪ੍ਰਵਾਸੀ ਨਾਲ ਸਮਝੌਤਾ ਕਰਵਾਉਣ ਲਈ ਵਿਚੋਲਗੀ ਕਰਨ ਲਈ ਰਾਜ਼ੀ ਸਨ, ਜਿਸ ਲਈ ਅੱਜ ਦਾ ਦਿਨ ਸਮਝੌਤੇ ਲਈ ਰੱਖਿਆ ਗਿਆ ਸੀ ਪਰ ਉਕਤ ਦੋਵੇਂ ਭਰਾਵਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਦਰ-ਕਿਨਾਰ ਕਰਦੇ ਹੋਏ ਇਕ ਸੱਤਾਧਾਰੀ ਸੀਨੀਅਰ ਕਾਂਗਰਸੀ ਆਗੂ ਦੇ ਰਿਸ਼ਤੇਦਾਰ ਨਾਲ ਸੰਪਰਕ ਕਰ ਕੇ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦਬਾਅ ਬਣਾਇਆ, ਜਿਸ ਕਾਰਨ ਉਸਦੇ ਰਿਸ਼ਤੇਦਾਰ ਵੀ ਇਸ ਗੱਲ ਤੋਂ ਗੁੱਸੇ ਦੱਸੇ ਜਾ ਰਹੇ ਹਨ।
...ਤਾਂ ਪੁਲਸ ਨੇ ਹੋਣਾ ਸੀ ਜ਼ਿੰਮੇਵਾਰ
ਜੇਕਰ ਇਸ ਮਾਮਲੇ 'ਚ ਪ੍ਰਵਾਸੀ ਵਿਅਕਤੀ ਦਾ ਜਾਨ-ਮਾਲ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਇਸ ਲਈ ਸਿੱਧੇ ਤੌਰ 'ਤੇ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਸੀ ਪਰ ਹੁਣ ਪੁਲਸ ਦੇ ਕੰਮ 'ਚ ਸਿੱਧੀ ਸਿਆਸੀ ਦਖਲ-ਅੰਦਾਜ਼ੀ ਇਸ ਗੱਲ ਦਾ ਸਬੂਤ ਹੈ ਕਿ ਪੁਲਸ ਨੂੰ ਨਿਰਪੱਖ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ, ਜਿਸ ਕਾਰਨ ਅਜਿਹੇ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਹਨ ਅਤੇ ਸਿਆਸੀ ਦਖਲਅੰਦਾਜ਼ੀ ਕਾਰਨ ਪੁਲਸ ਅਜਿਹੇ ਮਾਮਲਿਆਂ 'ਚ ਕੁਝ ਵੀ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੁੰਦੀ ਹੈ। ਇਸ ਲਈ ਮੁੱਖ ਮੰਤਰੀ ਵੱਲੋਂ ਪੁਲਸ ਨੂੰ ਆਜ਼ਾਦ ਤੌਰ 'ਤੇ ਕੰਮ ਕਰਨ ਦੇ ਦਾਅਵੇ ਫੋਕੇ ਸਾਬਤ ਹੁੰਦੇ ਸਿੱਧ ਹੁੰਦੇ ਹਨ।
ਗੁਰਦਾਸਪੁਰ ਚੋਣਾਂ 'ਤੇ ਜੀ. ਐੱਸ. ਟੀ. ਦਾ ਪਵੇਗਾ ਪਰਛਾਵਾਂ!
NEXT STORY