ਜਲੰਧਰ, (ਪ੍ਰੀਤ)- ਫਿਲਮੀ ਸਟਾਈਲ ਵਿਚ ਕਪੂਰਥਲਾ ਦੇ ਗੈਂਗਸਟਰ ਦੀਪਾ ਦੇ ਘਰ ਵਿਚ ਦਾਖਲ ਹੋ ਕੇ ਕੀਤੀ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਰੰਜੀਤ ਸਿੰਘ ਉਰਫ ਰਾਜਾ ਤੇ ਉਸ ਦੇ ਸਾਥੀ ਨੂੰ ਜਲੰਧਰ ਦਿਹਾਤੀ ਦੇ ਸੀ. ਆਈ. ਏ. ਸਟਾਫ-2 ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ 4 ਸਾਲ ਤੋਂ ਫਰਾਰ ਸੀ। ਰਾਜਾ ਤੇ ਉਸ ਦੇ ਸਾਥੀ ਕੋਲੋਂ ਪੁਲਸ ਨੇ ਪਿਸਤੌਲ, ਕਾਰਤੂਸ ਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-2 ਇੰਸ. ਸ਼ਿਵ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਕਈ ਕੇਸਾਂ ਵਿਚ ਭਗੌੜਾ ਰੰਜੀਤ ਸਿੰਘ ਉਰਫ ਰਾਜਾ ਆਦਮਪੁਰ ਇਲਾਕੇ ਵਿਚ ਵੇਖਿਆ ਗਿਆ ਹੈ। ਸੂਚਨਾ ਮਿਲਦਿਆਂ ਹੀ ਐੈੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਰਿੰਦਰ ਮੋਹਨ ਦੀ ਅਗਵਾਈ ਵਿਚ ਜਾਂਚ ਕੀਤੀ ਤੇ ਪੁਲਸ ਟੀਮ ਵਲੋਂ ਲਾਏ ਗਏ ਟ੍ਰੈਪ ਦੌਰਾਨ ਆਦਮਪੁਰ ਏਰੀਏ ਵਿਚੋਂ ਰੰਜੀਤ ਸਿੰਘ ਉਰਫ ਰਾਜਾ ਪੁੱਤਰ ਅਮਰਜੀਤ ਸਿੰਘ ਵਾਸੀ ਚਖਿਆਰਾ, ਆਦਮਪੁਰ ਤੇ ਉਸ ਦੇ ਸਾਥੀ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਇੰਦਰਜੀਤ ਸਿੰਘ ਵਾਸੀ ਡਰੋਲੀ ਕਲਾਂ ਆਦਮਪੁਰ ਨੂੰ ਗ੍ਰਿਫਤਾਰ ਕਰ ਲਿਆ।
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਰਾਜਾ ਕੋਲੋਂ ਇਕ ਪਿਸਤੌਲ 32 ਬੋਰ, 4 ਕਾਰਤੂਸ ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦੋਂਕਿ ਕਮਲਜੀਤ ਕਮਲ ਕੋਲੋਂ ਪੁਲਸ ਨੇ 1 ਪਿਸਤੌਲ 315 ਬੋਰ ਤੇ 2 ਕਾਰਤੂਸ ਬਰਾਮਦ ਕੀਤੇ। ਐੈੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਚਰਨਜੀਤ ਉਰਫ ਰਾਜਾ ਪੇਸ਼ੇਵਰ ਅਪਰਾਧੀ ਹੈ। ਰਾਜਾ ਨੇ 2013 ਵਿਚ ਕਪੂਰਥਲਾ ਦੇ ਸ਼ੇਰੂ ਗੈਂਗ ਨਾਲ ਸੰਬੰਧਤ ਦੀਪਾ 'ਤੇ ਘਰ ਵਿਚ ਵੜ ਕੇ ਹਮਲਾ ਕੀਤਾ ਸੀ ਤੇ ਤੇਜ਼ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਦੀਪਾ ਨੂੰ ਮਾਰਨ ਲਈ ਕਾਲਾ ਮਾਮਾ ਨਾਲ ਕੀਤੀ ਸੀ 13 ਲੱਖ ਦੀ ਡੀਲ : ਰਾਜਾ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਕਪੂਰਥਲਾ ਵਿਚ ਦੀਪਾ ਨੂੰ ਮਾਰਨ ਲਈ ਉਸ ਨੇ ਕਾਲਾ ਮਾਮਾ ਵਾਸੀ ਕਪੂਰਥਲਾ ਨਾਲ 13 ਲੱਖ ਰੁਪਏ ਵਿਚ ਡੀਲ ਕੀਤੀ ਸੀ। ਰਾਜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰੇਆਮ ਦੀਪਾ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਵਾਰਦਾਤ ਵਿਚ ਸ਼ਾਮਲ 4 ਦੋਸ਼ੀ ਪਹਿਲਾਂ ਹੀ ਫਰਾਰ ਹੋ ਚੁੱਕੇ ਹਨ ਤੇ ਕਈ ਅਜੇ ਫਰਾਰ ਹਨ। ਰਾਜਾ ਦੀਪਾ ਦੀ ਹੱਤਿਆ ਤੋਂ ਬਾਅਦ ਗੁੜਗਾਓਂ ਚਲਾ ਗਿਆ ਸੀ, ਜਿਥੇ ਕਾਲਾ ਮਾਮਾ ਖੁਦ ਜਾ ਕੇ ਉਸ ਨੂੰ ਇਕ ਲੱਖ ਰੁਪਏ ਦੇ ਕੇ ਆਇਆ ਸੀ। ਸਾਲ 2013 ਤੋਂ ਬਾਅਦ ਰਾਜਾ ਗੁੜਗਾਓਂ ਤੋਂ ਹਜ਼ੂਰ ਸਾਹਿਬ, ਨਾਸਿਕ ਤੋਂ ਗੁਜਰਾਤ ਚਲਾ ਗਿਆ। ਸਾਲ 2015 ਵਿਚ ਉਹ ਜ਼ੀਰਕਪੁਰ ਆ ਗਿਆ। ਜ਼ੀਰਕਪੁਰ ਵਿਚ ਉਹ ਹੈਰੋਇਨ ਸਮੱਗਲਿੰਗ ਕਰਨ ਲੱਗ ਪਿਆ। ਬੀਤੇ ਸਾਲ ਉਹ ਨੰਗਲ ਵਿਚ ਵੀ ਲੁਕ ਕੇ ਰਿਹਾ।
2008 ਵਿਚ ਰਾਜਾ ਨੇ ਬਣਾਇਆ ਸੀ ਗੈਂਗ : ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਰੰਜੀਤ ਰਾਜਾ ਸਾਲ 2008 ਤੋਂ ਅਪਰਾਧ ਦੀ ਦੁਨੀਆ ਦਾ ਹਿੱਸਾ ਬਣਿਆ। ਉਸ ਨੇ ਆਪਣਾ ਗੈਂਗ ਬਣਾਇਆ ਤੇ ਉਸੇ ਸਾਲ ਰਾਜਾ ਗੈਂਗ ਦੀ ਸ਼ੇਰੂ ਗੈਂਗ ਦੇ ਨਾਲ ਜੱਬੜ ਵਾਲੇ ਸੰਤਾਂ ਦੇ ਪੁਲ 'ਤੇ ਗੈਂਗਵਾਰ ਹੋਈ। ਜੁਲਾਈ 2008 ਵਿਚ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਹੋਇਆ। ਰਾਜਾ ਉਸ ਸਮੇਂ ਗ੍ਰਿਫਤਾਰ ਹੋਇਆ ਤੇ ਜੇਲ ਵਿਚ ਵੀ ਰਿਹਾ।
ਜੇਲ 'ਚ ਰਾਜਾ ਦਾ ਬਣਿਆ ਸਟ੍ਰਾਂਗ ਨੈੱਟਵਰਕ : ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਰਾਜਾ ਦਾ ਜੇਲ ਵਿਚ ਸਟ੍ਰਾਂਗ ਨੈੱਟਵਰਕ ਬਣ ਗਿਆ। ਉਸ ਨੇ ਸਾਲ 2012 ਵਿਚ ਆਪਣੇ ਸਾਥੀ ਨਵਜੋਤ ਸਿੰਘ ਵਾਸੀ ਬੋਦਲਾ, ਹੁਸ਼ਿਆਰਪੁਰ ਤੇ ਪਰਮਜੀਤ ਉਰਫ ਪੰਮਾ ਵਾਸੀ ਭੱਲਾ ਟਾਂਡਾ ਦੇ ਨਾਲ ਮਿਲ ਕੇ ਬਹਿਰਾਮ ਪਿੰਡ ਵਿਚ ਮਨੀ ਐਕਸਚੇਂਜਰ ਰਵਿੰਦਰ ਸਿੰਘ ਕੋਲੋਂ 2 ਲੱਖ ਦੀ ਨਕਦੀ, ਡਾਲਰ, ਪੌਂਡ ਤੇ ਲੈਪਟਾਪ ਲੁੱਟਿਆ ਸੀ।
ਰਾਜਾ 'ਤੇ ਹੈ ਲੁੱਟ-ਖੋਹ, ਹੱਤਿਆ ਦੇ 7 ਕੇਸ, 6 'ਚ ਭਗੌੜਾ : ਐੱਸ. ਐੱਸ. ਪੀ. ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਰੰਜੀਤ ਰਾਜਾ ਦੇ ਖਿਲਾਫ ਸਾਲ 2008 ਤੋਂ ਲੈ ਕੇ 2013 ਤੱਕ ਆਦਮਪੁਰ, ਕਪੂਰਥਲਾ ਵਿਚ ਹੱਤਿਆ, ਲੁੱਟ-ਖੋਹ, ਕੁੱਟਮਾਰ, ਚੋਰੀ ਦੇ 7 ਕੇਸ ਦਰਜ ਹੋਏ, ਜਿਨ੍ਹਾਂ ਵਿਚੋਂ 6 ਕੇਸਾਂ ਵਿਚ ਅਦਾਲਤਾਂ ਵਲੋਂ ਸਮੇਂ-ਸਮੇਂ 'ਤੇ ਭਗੌੜਾ ਕਰਾਰ ਦਿੱਤਾ ਹੋਇਆ ਹੈ, ਜਦੋਂਕਿ ਇਸ ਦੇ ਸਾਥੀ ਕਮਲਜੀਤ ਸਿੰਘ ਉਰਫ ਕਮਲ 'ਤੇ ਐੱਸ. ਸੀ. ਐੱਸ. ਟੀ. ਐਕਟ ਦਾ ਇਕ ਕੇਸ ਤੇ ਹੈਰੋਇਨ ਸਮੱਗਲਿੰਗ ਦਾ ਇਕ ਕੇਸ ਦਰਜ ਹੈ, ਜਿਸ ਵਿਚ ਉਹ ਵੀ ਭਗੌੜਾ ਹੈ। ਐੈੱਸ. ਐੱਸ. ਪੀ. ਨੇ ਦੱਸਿਆ ਕਿ ਕਮਲ ਸਾਲ 2010 ਵਿਚ ਕਾਰੋਬਾਰ ਦੇ ਸਿਲਸਿਲੇ ਵਿਚ ਇਟਲੀ ਗਿਆ ਸੀ। ਪਿਛਲੇ ਸਾਲ ਉਹ ਪਰਤਿਆ ਤੇ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਹ ਵੀ ਰਾਜਾ ਦੇ ਨਾਲ ਹੈਰੋਇਨ ਸਮੱਗਲਿੰਗ ਕਰ ਰਿਹਾ ਸੀ।
ਬਿਨਾਂ ਪਰਮਿਟ ਦੇ ਚੱਲ ਰਹੀਆਂ ਬੱਸਾਂ 'ਤੇ ਚੱਲਿਆ ਡੀ. ਟੀ. ਓ. ਤੇ ਵਿਜੀਲੈਂਸ ਬਿਊਰੋ ਦਾ ਡੰਡਾ
NEXT STORY