ਫਤਿਹਗੜ੍ਹ ਸਾਹਿਬ (ਜਗਦੇਵ) : ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਨੂੰ ਪੰਜਾਬ ਦੀ ਸਰਹੱਦ ਨਾਲ 15 ਕਿਲੋਮੀਟਰ ਤੋਂ ਵਧਾ ਕੇ ਘੇਰਾ 50 ਕਿਲੋਮੀਟਰ ਤੱਕ ਲੱਗਦੇ ਇਲਾਕੇ ਵਿਚ ਕਾਰਵਾਈ ਕਰਨ ਦੇ ਅਧਿਕਾਰ ਦੇਣੇ ਜਿੱਥੇ ਭਵਿੱਖ ਵਿਚ ਗੰਭੀਰ ਸਿੱਟੇ ਸਾਹਮਣੇ ਲਿਆ ਸਕਦੇ ਹਨ, ਉੱਥੇ ਹੀ ਸੂਬੇ ਦੀ ਪੁਲਸ ’ਤੇ ਬੇਭਰੋਸਗੀ ਦੇ ਨਵੇਂ ਸ਼ੰਕੇ ਖੜ੍ਹੇ ਕਰ ਕੇ ਰੱਖ ਦਿੱਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਤਸਕਰੀ ਸਮੇਤ ਵੱਖ-ਵੱਖ ਅਪਰਾਧਾਂ ’ਤੇ ਸ਼ਿਕੰਜਾ ਕੱਸਣ ਦੇ ਮਨੋਰਥ ਨਾਲ ਬੀ. ਐੱਸ. ਐੱਫ. ਦੇ ਅਧਿਕਾਰ ਨੂੰ ਵਧਾ ਦਿੱਤੇ ਜਾਣ ਨਾਲ ਤੇ ਸੂਬਾ ਸਰਕਾਰਾਂ ਦੇ ਹੱਥ ਵੱਢ ਕੇ ਸਿੱਧਾ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ ’ਚ ਚਲਿਆ ਜਾਵੇਗਾ ਅਤੇ ਉੱਥੋਂ ਰਾਜਾਂ ਲਈ ਹੋਰ ਮਾਰੂ ਫ਼ੈਸਲੇ ਭਵਿੱਖ ’ਚ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਵੱਧ ਅਧਿਕਾਰਾਂ ਵਿਚ ਦਖ਼ਲ-ਅੰਦਾਜ਼ੀ ਕਰ ਕੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਨਾਲ ਸਬੰਧਿਤ 15 ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਲੋਕ ਬੀ. ਐੱਸ. ਐੱਫ. ਦੇ ਵਰਤਾਰੇ ਤੋਂ ਤੰਗ ਹਨ। ਉਲਟਾ 50 ਕਿਲੋਮੀਟਰ ਘੇਰਾ ਫੈਲਣ ਨਾਲ ਉੱਥੋਂ ਦੀ ਹੋਰ ਜਨਤਾ ਵੀ ਪ੍ਰਭਾਵਿਤ ਹੋਵੇਗੀ, ਕਿਉਂਕਿ ਕੰਮਾਂ ਕਾਰਾਂ ਵਾਲੇ ਲੋਕਾਂ ਦੀ ਬੀ. ਐੱਸ. ਐੱਫ. ਵੱਲੋਂ ਕੀਤੀ ਜਾਣ ਵਾਲੀ ਤਲਾਸ਼ੀ ਜਾਂ ਹੋਰ ਖੱਜਲ-ਖੁਆਰੀ ਤੋਂ ਲੋਕ ਹੋਰ ਤੰਗ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਇਹ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਦਾ ਫ਼ੈਸਲਾ ਰਾਜਾਂ ਦੇ ਅਧਿਕਾਰਾਂ ਦਾ ਹਨਨ : ਸੰਤ ਗਿ.ਹਰਨਾਮ ਸਿੰਘ ਖ਼ਾਲਸਾ
NEXT STORY