ਹਰਪ੍ਰੀਤ ਸਿੰਘ ਕਾਹਲੋਂ
13 ਅਪ੍ਰੈਲ 1919 ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਤੋਂ ਬਾਅਦ ਅੰਮ੍ਰਿਤਸਰ ਦੀ ਗਲ਼ੀਆਂ 'ਚ ਹੈਵਾਨੀਅਤ ਨੱਚ ਰਹੀ ਸੀ। ਮਾਰਸ਼ਲ ਲਾਅ ਲਾਗੂ ਸੀ ਅਤੇ ਸੁਰੱਖਿਆ ਦੇ ਨਾਮ 'ਤੇ ਬਰਤਾਨਵੀ ਸਰਕਾਰ ਦਾ ਜ਼ੁਲਮ ਸਿਖ਼ਰਾਂ 'ਤੇ ਸੀ। ਇਸੇ ਦੌਰਾਨ ਇਕ ਗਲ਼ੀ ਦਾ ਜ਼ਿਕਰ ਬਹੁਤ ਆਉਂਦਾ ਹੈ ‘ਕੂਚਾ ਕੌੜੀਆਂਵਾਲ਼ਾ’
10 ਅਪ੍ਰੈਲ 1919 ਨੂੰ ਇੱਥੇ ਮਿਸ ਸ਼ੀਅਰਵੁੱਡ 'ਤੇ ਭੀੜ ਵਲੋਂ ਹਮਲਾ ਕੀਤਾ ਗਿਆ। ਉਸ ਸਮੇਂ ਹਮਲਾ ਕਰਨ ਵਾਲਿਆਂ ਤੋਂ ਮੁਹੱਲੇ ਦੇ ਕੁਝ ਬੰਦਿਆਂ ਨੇ ਸ਼ੀਅਰਵੁੱਡ ਨੂੰ ਬਚਾ ਲਿਆ ਪਰ ਅੰਮ੍ਰਿਤਸਰ 'ਚ ਬਰਤਾਨਵੀ ਸਾਮਰਾਜ ਨੇ ਇਸ ਘਟਨਾ ਨੂੰ ਨਿੱਜੀ ਅਸਮਤ 'ਤੇ ਹਮਲੇ ਦੇ ਰੂਪ 'ਚ ਲਿਆ। ਇਹ ਘਟਨਾ ਕੂਚਾ ਕੌੜਿਆਂਵਾਲ਼ੇ 'ਚ ਵਾਪਰਨ ਕਰਕੇ ਖ਼ੂਨੀ ਵਿਸਾਖੀ ਤੋਂ ਬਾਅਦ ਲੱਗੇ ਮਾਰਸ਼ਲ ਲਾਅ 'ਚ ਇਸ ਗਲ਼ੀ ਦਾ ਅੰਗਰੇਜ਼ਾਂ ਨੇ ਇਹ ਦਸਤੂਰ ਬਣਾਇਆ ਕਿ ਇੱਥੋਂ ਆਉਣ ਜਾਣ ਵਾਲਾ ਗਲ਼ੀ 'ਚ ਲਿਟਕੇ ਹੀ ਜਾਵੇਗਾ। ਇੰਝ ਨਾ ਕਰਨ 'ਤੇ ਗਲ਼ੀ ਦੇ ਅਖੀਰ 'ਚ ਮੰਦਰ ਕੋਲ ਖ਼ੂਹ ਸੀ, ਜਿੱਥੇ ਕਿੜੱਕੀ (ਸ਼ਿਕੰਜਾ ਜਾਂ ਟਿਕਟਕੀ ਵੀ ਨਾਮ ਹੈ) ਨਾਲ ਬੰਨ੍ਹ ਕੇ ਕੱਪੜੇ ਲਹਾ ਕੇ ਕੌੜੇ ਮਾਰੇ ਜਾਂਦੇ ਸਨ।
ਇਹ ਗਲ਼ੀ ਹੁਣ ਕਿੱਥੇ ਹੈ? ਅਤੇ ਸਾਨੂੰ ਕਿਉਂ ਨਹੀਂ ਪਤਾ ? ਅਤੇ ਇਸ ਨੂੰ ਇਤਿਹਾਸਕ ਵਿਰਾਸਤ ਦੇ ਰੂਪ 'ਚ ਕਿਉਂ ਨਹੀਂ ਸੰਭਾਲਿਆ ਗਿਆ ਵੱਡਾ ਸਵਾਲ ਹੈ। ਇਹ ਗਲ਼ੀ 1919 ਦੇ ਜ਼ੁਲਮਾਂ ਦੀ ਗਵਾਹ ਹੈ। ਅੰਮ੍ਰਿਤਸਰ 'ਚ ਆਉਂਦੇ ਜਾਂਦੇ ਸੈਰ ਸਪਾਟੇ 'ਚ ਮੁਸਾਫਰ ਇਸ ਗਲ਼ੀ ਦੇ ਨੇੜੇ ਕੇਸਰ ਢਾਬੇ 'ਤੇ ਰੁੱਕਦੇ ਹਨ। ਦਿੱਲੀ ਤੋਂ ਆਈ ਜਸਪ੍ਰੀਤ ਕੌਰ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਕੇਸਰ ਢਾਬੇ ਦੇ ਮਸ਼ਹੂਰ ਪਰੌਠਿਆਂ ਦੇ ਸਵਾਦ ਦਾ ਤਾਂ ਪਤਾ ਸੀ ਪਰ ਕੂਚਾ ਕੌੜਿਆਂਵਾਲਾ ਦਾ ਨਹੀਂ।
ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲੇ ਬਾਗ਼ ਦਾ ਉਹ ਸਾਹਿਤ, ਜੋ ਅੰਗਰੇਜ਼ ਸਰਕਾਰ ਨੇ ਜ਼ਬਤ ਕੀਤਾ
ਪੜ੍ਹੋ ਇਹ ਵੀ ਖਬਰ - ਅੰਗਰੇਜ਼ਾਂ ਦੇ ਇਸ ਅਫ਼ਸਰ ਨੇ 'ਜਲ੍ਹਿਆਂਵਾਲ਼ੇ ਬਾਗ਼' 'ਚ ਗੋਲ਼ੀ ਚਲਾਉਣ ਤੋਂ ਮਨਾ ਕਰਕੇ ਕੀਤੀ ਸੀ ਬਗਾਵਤ
ਇਸ ਗਲ਼ੀ ਬਾਰੇ ਸਥਾਨਕ ਲੋਕ ਵੀ ਬਹੁਤੇ 'ਦੁੱਗਲਾਂ ਵਾਲੀ ਗਲ਼ੀ' ਵਜੋਂ ਹੀ ਜਾਣਦੇ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਨੂੰ ਆਏ ਹਰਦੀਪ ਸਿੰਘ ਕਹਿੰਦੇ ਹਨ ਕਿ ਇਹ ਗਲ਼ੀ ਤਾਂ ਵਿਰਾਸਤੀ ਰਾਹ ਬਣਨਾ ਚਾਹੀਦਾ ਸੀ। ਉਨ੍ਹਾਂ ਮੁਤਾਬਕ ਜਲ੍ਹਿਆਂਵਾਲੇ ਬਾਗ਼ ਪਹੁੰਚ ਕੇ 1919 ਨੂੰ ਯਾਦ ਕਰਕੇ ਧੁਰ ਅੰਦਰ ਹਿੱਲ ਜਾਂਦਾ ਹੈ। ਮੈਨੂੰ ਦੁੱਖ ਹੈ ਕਿ ਮੈਨੂੰ ਇਸ ਗਲ਼ੀ ਬਾਰੇ ਨਹੀਂ ਪਤਾ ਸੀ ਪਰ ਚੰਗਾ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਗਲ਼ੀ ਬਾਰੇ ਪਤਾ ਹੈ ਅਤੇ ਮੈਂ ਹਰ ਵਾਰ ਇਸ ਗਲ਼ੀ 'ਚ ਆਇਆ ਕਰਾਂਗਾ।
ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ 'ਚ ਜਲ੍ਹਿਆਂਵਾਲੇ ਬਾਗ਼ ਦੀ 100 ਸਾਲਾ ਸ਼ਹਾਦਤ ਨੂੰ ਸਮਰਪਿਤ ਖ਼ਾਸ ਪ੍ਰਦਰਸ਼ਨੀ ਲਾਈ ਹੈ। ਇਸ 'ਚ ਕੂਚਾ ਕੌੜਿਆਂਵਾਲ਼ਾ ਦੇ ਹਲਾਤ ਦਾ ਹਵਾਲਾ ਮਿਲਦਾ ਹੈ ਕਿ ਉਨ੍ਹਾਂ ਦਿਨਾਂ 'ਚ ਮੁਹੱਲੇ 'ਚ ਪੈਂਦੇ ਘਰ 'ਚ ਗਰਭਵਤੀ ਬੀਬੀ ਨੂੰ ਵੇਖਣ ਕੋਈ ਡਾਕਟਰ ਨਹੀਂ ਆਇਆ ਸੀ, ਕਿਉਂਕਿ ਡਾਕਟਰ ਨੂੰ ਵੀ ਲਿਟਕੇ ਆਉਣਾ ਪੈਣਾ ਸੀ। ਇਹ ਉਨ੍ਹਾਂ ਸਮਿਆਂ ਦੀ ਤਸ਼ੱਦਦ ਨੂੰ ਬਿਆਨ ਕਰਦਾ ਹਵਾਲਾ ਹੈ।
600 ਮੀਟਰ ਲੰਮੀ ਇਹ ਗਲ਼ੀ, ਜਿਸ ਤਸ਼ੱਦਦ ਦੀ ਗਵਾਹ ਬਣੀ ਹੈ, ਉਸ ਨੂੰ ਲੈ ਕੇ ਸਾਡੀ ਉਦਾਸੀਨਤਾ ਹੈ। ਗੁਰਦਿਆਲ ਸਿੰਘ ਇਸੇ ਗਲ਼ੀ 'ਚ ਗਾਰਮੈਂਟਸ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਮੁਤਾਬਕ ਮੇਰੇ ਬਜ਼ੁਰਗ ਵੰਡ ਵੇਲੇ ਲਾਹੌਰ ਤੋਂ ਆਏ ਸੀ। ਉਨ੍ਹਾਂ ਨੇ ਜਲ੍ਹਿਆਂਵਾਲ਼ੇ ਬਾਗ਼ ਬਾਰੇ ਸੁਣਿਆ ਸੀ। ਇਸ ਕੂਚੇ ਬਾਰੇ ਸੁਣਿਆ ਸੀ। ਗੁਰਦਿਆਲ ਸਿੰਘ ਮੁਤਾਬਕ ਹੁਣ ਦੇ ਬਹੁਤੇ ਨਵੇਂ ਇਨ੍ਹਾਂ ਗੱਲਾਂ ਨੂੰ ਅਣਗੋਲਿਆ ਕਰਦੇ ਹਨ।
ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁਕੰਮਲ ਕਹਾਣੀ
ਇਸ ਵੇਲੇ ਨਗਰ ਨਿਗਮ ਜਾਂ ਅੰਮ੍ਰਿਤਸਰ 'ਚ ਕਿਸੇ ਨੇ ਵੀ ਇਸ ਇਤਿਹਾਸਕ ਗਲ਼ੀ ਨੂੰ ਸੰਭਾਲਣ ਦਾ ਤਹੱਈਆ ਨਹੀਂ ਕੀਤਾ। ਸਥਾਨਕ ਬੰਦਿਆਂ ਮੁਤਾਬਕ ਗਲ਼ੀ ਬਕਾਇਦਾ ਆਪਣੇ ਬੋਰਡਾਂ ਨਾਲ 'ਦੁੱਗਲਾ ਵਾਲੀ ਗਲ਼ੀ' ਹੀ ਵੱਜਦੀ ਹੈ। ਅੰਮ੍ਰਿਤਸਰ 'ਚ ਇਹ ਕਿਸੇ ਵੇਲੇ ਦੁੱਗਲਾਂ ਦਾ ਮੁਹੱਲਾ ਸੀ। ਇੱਥੋਂ ਦੇ ਵਸਨੀਕਾਂ ਮੁਤਾਬਕ ਸਰਕਾਰ ਇਸ ਗਲ਼ੀ ਨੂੰ ਯਾਦਗਾਰ ਵਜੋਂ ਸਥਾਪਿਤ ਕਰੇ। ਇਹ ਇਨ੍ਹਾਂ ਲੋਕਾਂ ਦੀ ਦਿਲੋਂ ਮੰਗ ਹੈ। ਭਾਂਵਾਂਕਿ ਇਸ ਗਲੀ ਦਾ ਨਾਮ 'ਗਲੀ ਸ਼ਹੀਦਾਂ' ਰੱਖਣ ਦਾ ਵਿਚਾਰ ਪਿਛਲੇ ਸਾਲ 100 ਸਾਲਾ ਜਲ੍ਹਿਆਂਵਾਲ਼ਾ ਬਾਗ਼ ਮੌਕੇ ਉਸ ਸਮੇਂ ਦੇ ਪੰਜਾਬ ਕੈਬਨਿਟ ਮੰਤਰੀ ਨਵਜੌਤ ਸਿੱਧੂ ਨੇ ਪੇਸ਼ ਕੀਤਾ ਸੀ ਪਰ ਇੱਕ ਸਾਲ ਬਾਅਦ ਵੀ ਇਸ ਬਾਰੇ ਕਈ ਅਮਲ ਨਹੀਂ ਹੋ ਸਕਿਆ।
ਜਲੰਧਰ: ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਦੀਪਕ ਸ਼ਰਮਾ ਦੀ ਲੋਕਾਂ ਨੂੰ ਖਾਸ ਅਪੀਲ
NEXT STORY