ਸ੍ਰੀ ਚਮਕੌਰ ਸਾਹਿਬ (ਕੌਸ਼ਲ) - ਇਕ ਸਾਬਕਾ ਫੌਜੀ ਨੇ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮਾਰਨ ਉਪਰੰਤ ਖੁਦਕੁਸ਼ੀ ਦਾ ਬਹਾਨਾ ਬਣਾਉਣ ਲਈ ਉਸਦੀ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ। ਪੁਲਸ ਵਲੋਂ ਮ੍ਰਿਤਕਾ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਘਟਨਾ ਸਥਾਨ 'ਤੇ ਪੁੱਜੇ ਜ਼ਿਲਾ ਰੋਪੜ ਦੇ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ, ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ, ਸਥਾਨਕ ਐੱਸ. ਐੱਚ. ਓ. ਕੁਲਭੂਸ਼ਣ ਸ਼ਰਮਾ, ਫਾਰੈਂਸਿਕ ਟੀਮ ਸਮੇਤ ਹੋਰ ਅਧਿਕਾਰੀਆਂ ਨੇ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ। ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਿਕ ਮ੍ਰਿਤਕ ਦੇ ਪੁੱਤਰ ਵਰਿੰਦਰ ਸਿੰਘ ਵਾਸੀ ਨੇੜੇ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਨੇ ਦੱਸਿਆ ਕਿ ਮੇਰੇ ਪਿਤਾ ਕੁਲਦੀਪ ਸਿੰਘ ਫੌਜ ਵਿਚੋਂ ਰਿਟਾਇਰਡ ਹੋਣ ਉਪਰੰਤ ਡੀ. ਐੱਸ. ਸੀ. ਵਿਚੋਂ ਰਿਟਾਇਰਡ ਹੋਏ ਹਨ। ਉਨ੍ਹਾਂ ਦਾ ਅਕਸਰ ਮੇਰੀ ਮਾਤਾ ਪਰਮਜੀਤ ਕੌਰ ਨਾਲ ਝਗੜਾ ਰਹਿੰਦਾ ਸੀ ਤੇ 4 ਦਿਨ ਪਹਿਲਾਂ ਉਸ ਨੇ ਮੇਰੀ ਮਾਤਾ ਦੀ ਕੁੱਟਮਾਰ ਵੀ ਕੀਤੀ ਸੀ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰੀ ਰਿਪੋਰਟ ਨਾ ਮਿਲਣ ਕਾਰਨ ਮੇਰੇ ਪਿਤਾ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ।
ਉਸਨੇ ਦੱਸਿਆ ਕਿ ਅੱਜ ਤੜਕੇ ਪੌਣੇ 5 ਵਜੇ ਮੇਰੀ ਮਾਤਾ ਮੇਰੇ ਪਿਤਾ ਲਈ ਕਮਰੇ ਵਿਚ ਚਾਹ ਲੈ ਕੇ ਗਈ ਸੀ ਪਰ ਉਨ੍ਹਾਂ ਉਸ ਨਾਲ ਲੜਾਈ-ਝਗੜਾ ਸ਼ੁਰੂ ਕਰ ਦਿੱਤਾ ਤੇ ਰੌਲਾ ਸੁਣ ਕੇ ਜਦੋਂ ਮੈਂ ਉਨ੍ਹਾਂ ਦੇ ਕਮਰੇ ਵੱਲ ਗਿਆ ਤਾਂ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ। ਮੈਂ ਖਿੜਕੀ ਰਾਹੀਂ ਅੰਦਰ ਦੇਖਿਆ ਕਿ ਮੇਰਾ ਪਿਤਾ ਮੇਰੀ ਮਾਤਾ ਦੇ ਗਲ ਵਿਚ ਰੱਸੀ ਪਾ ਕੇ ਉਸ ਦਾ ਗਲਾ ਘੁੱਟ ਰਿਹਾ ਸੀ। ਮੈਂ ਦਰਵਾਜ਼ਾ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਇੰਨੇ ਨੂੰ ਮੇਰੀ ਭਰਜਾਈ ਅਮਰਜੋਤ ਕੌਰ ਰੌਲਾ ਸੁਣ ਕੇ ਚੁਬਾਰੇ ਤੋਂ ਹੇਠਾਂ ਆ ਗਈ ਪਰ ਮੇਰੇ ਪਿਤਾ ਨੇ ਉਦੋਂ ਤਕ ਮੇਰੀ ਮਾਤਾ ਨੂੰ ਮਾਰ ਕੇ ਰੱਸੀ ਨਾਲ ਬੰਨ੍ਹ ਕੇ ਪੱਖੇ ਨਾਲ ਟੰਗ ਦਿੱਤਾ ਸੀ।
ਉਸਨੇ ਆਪਣੇ ਕਾਗਜ਼ਾਂ ਵਾਲੇ ਅਟੈਚੀ ਤੇ ਕੱਪੜਿਆਂ ਨੂੰ ਵੀ ਅੱਗ ਲਾ ਦਿੱਤੀ ਤੇ ਘਰੋਂ ਭੱਜਦਾ ਹੋਇਆ ਸਾਨੂੰ ਕਹਿਣ ਲੱਗਾ ਕਿ ਮੈਂ ਤੁਹਾਡੀ ਮਾਂ ਦਾ ਫਾਹਾ ਵੱਢ ਦਿੱਤਾ ਹੈ, ਜੇ ਤੁਸੀਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਤੁਹਾਡਾ ਵੀ ਇਹੀ ਹਾਲ ਕਰਾਂਗਾ। ਮੇਰੀ ਭਰਜਾਈ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਰੱਸੀ ਕੱਟ ਕੇ ਮੇਰੀ ਮਾਤਾ ਨੂੰ ਪੱਖੇ ਤੋਂ ਹੇਠਾਂ ਉਤਾਰਿਆ ਤੇ ਗੁਆਂਢੀਆਂ ਦੀ ਮਦਦ ਨਾਲ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਉਧਰ ਇਸ ਸਬੰਧੀ ਗੁਆਂਢੀਆਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਅਕਸਰ ਲੜਾਈ-ਝਗੜਾ ਇਸ ਕਰਕੇ ਕਰਦਾ ਰਹਿੰਦਾ ਸੀ ਕਿਉਂਕਿ ਉਹ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ। 4 ਦਿਨ ਪਹਿਲਾਂ ਉਸਨੇ ਲੜਾਈ-ਝਗੜਾ ਕਰਕੇ ਆਪਣੀ ਪਤਨੀ ਦੀਆਂ ਹੱਥਾਂ ਦੀਆਂ ਉਗਲੀਂਆਂ ਤੋੜੀਆਂ ਸਨ ਤੇ ਜੇਕਰ ਪੁਲਸ ਉਦੋਂ ਕਾਰਵਾਈ ਕਰ ਦਿੰਦੀ ਤਾਂ ਸ਼ਾਇਦ ਅੱਜ ਪਰਮਜੀਤ ਕੌਰ ਜਿਊਂਦੀ ਹੁੰਦੀ। ਖੈਰ ਹੁਣ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਉਕਤ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
22 ਸਾਲਾ ਨੌਜਵਾਨ ਦੀ ਲਾਸ਼ ਮਿਲੀ : ਹਾਦਸਾ ਜਾਂ ਹੱਤਿਆ?
NEXT STORY