ਮੋਗਾ (ਸੰਦੀਪ ਸ਼ਰਮਾ) : ਸਿਹਤ ਵਿਭਾਗ ਮੋਗਾ ਵੱਲੋਂ ਬੀਤੇ ਦਿਨੀਂ ਸਥਾਨਕ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਤੋਂ ਲਏ 4 ਸੈਂਪਲਾਂ ਵਿਚੋਂ 3 ਫੇਲ੍ਹ ਹੋਏ ਹਨ ਜਦਕਿ ਇਕ ਸੈਂਪਲ ਪਾਸ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਇੰਸਪੈਕਟਰ ਯੋਗੇਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਉਕਤ ਪਤੀਸਾ ਫੈਕਟਰੀ ਤੋਂ ਖੋਇਆ ਬਰਫੀ, ਮਿਲਕ ਕੇਕ ਅਤੇ ਪਤੀਸਾ ਦੇ ਚਾਰ ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ ਖੋਇਆ ਬਰਫੀ, ਮਿਲਕ ਕੇਕ ਦੇ ਤਿੰਨ ਸੈਂਪਲ ਫੇਲ੍ਹ ਹੋਏ ਹਨ, ਜਦਕਿ ਪਤੀਸੇ ਦਾ ਸੈਂਪਲ ਪਾਸ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੋ ਮਟੀਰੀਅਲ ਸੀਜ਼ ਕੀਤਾ ਗਿਆ ਸੀ, ਉਸ ਨੂੰ ਜਲਦੀ ਹੀ ਨਿਯਮਾਂ ਤਹਿਤ ਨਸ਼ਟ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਖੁਦ ਮੋਗਾ ਦੀ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਜਾ ਕੇ ਚੈਕਿੰਗ ਕੀਤੀ ਸੀ। ਸਿਵਲ ਸਰਜਨ ਨੇ ਫੂਡ ਇੰਸਪੈਕਟਰ ਯੋਗੇਸ਼ ਗੋਇਲ ਸਮੇਤ ਟੀਮ ਨੂੰ ਬੁਲਾ ਕੇ ਮੌਕੇ ਉੱਤੇ ਜੋਧਪੁਰ ਅਤੇ ਅਬੋਹਰ ਤੋਂ ਆਇਆ ਸ਼ੱਕੀ ਮਿਲਾਵਟੀ ਮਿਲਕ ਕੇਕ 1392 ਕਿੱਲੋ, ਖੋਇਆ ਬਰਫੀ 255 ਕਿਲੋ, ਪਤੀਸੇ ਸਮੇਤ 4 ਸੈਂਪਲ ਲਏ ਗਏ ਸਨ। ਕੁੱਲ 1647 ਕਿੱਲੋ ਖਾਣ ਪੀਣ ਵਾਲਾ ਸ਼ੱਕੀ ਮਾਲ ਸੀਜ਼ ਕੀਤਾ ਗਿਆ ਸੀ।
ਫੂਡ ਸੇਫਟੀ ਇੰਸਪੈਕਟਰ ਨੇ ਸਮੂਹ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈ ਅਤੇ ਹੋਰ ਖਾਧ ਪਦਾਰਥ ਖਰੀਦਣ ਵੇਲੇ ਗੁਣਵੱਤਾ ਵੱਲ ਜ਼ਰੂਰ ਧਿਆਨ ਦੇਣ। ਜੇਕਰ ਉਨ੍ਹਾਂ ਨੂੰ ਕੋਈ ਮਿਲਾਵਟ ਬਾਰੇ ਸ਼ੱਕ ਪੈਂਦਾ ਹੈ ਤਾਂ ਤੁਰੰਤ ਫੂਡ ਸੇਫਟੀ ਟੀਮ ਜਾਂ ਸਿੱਧਾ ਸਿਹਤ ਵਿਭਾਗ ਦੇ ਧਿਆਨ ਵਿਚ ਲਿਆਉਣ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮੁਨਾਫੇ ਲਈ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।
ਆਵਾਜ਼ ਪ੍ਰਦੂਸ਼ਨ ਬਾਰੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਸ਼ਹਿਰਾਂ 'ਚ ਲੱਗਣਗੇ Noise Monitoring Terminal
NEXT STORY