ਜਲੰਧਰ (ਪੁਨੀਤ) : ਪੰਜਾਬ ਸਰਕਾਰ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਦੇ ਰਹੀ ਹੈ, ਜਿਸ ਕਾਰਨ ਲੱਖਾਂ ਲੋਕਾਂ ਦਾ ਬਿੱਲ ਸਿਫਰ ਆਉਣਾ ਸ਼ੁਰੂ ਹੋ ਚੁੱਕਾ ਹੈ। ਇਸਦੇ ਬਾਵਜੂਦ ਕਈ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਕੋਲੋਂ ਬਿਜਲੀ ਦੇ ਬਿੱਲ ਵਸੂਲ ਰਹੇ ਹਨ, ਜੋ ਕਿ ਸਿੱਧੇ ਤੌਰ ’ਤੇ ਧੋਖਾਧੜੀ ਦਾ ਮਾਮਲਾ ਬਣਦਾ ਹੈ। ਕਾਨੂੰਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਕੇਸ ਵਿਚ ਮਕਾਨ ਮਾਲਕ ’ਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਜਾ ਸਕਦੀ ਹੈ। ਇਸ ਮਾਮਲੇ ਸਬੰਧੀ ਸਭ ਤੋਂ ਪਹਿਲਾਂ ਕਿਰਾਏਦਾਰਾਂ ਨੂੰ ਜਾਗਰੂਕ ਹੋਣ ਦੀ ਲੋਡ਼ ਹੈ ਅਤੇ ਆਪਣੇ ਮਕਾਨ ਮਾਲਕ ਤੋਂ ਬਿਜਲੀ ਦੇ ਬਿੱਲ ਦੀ ਡਿਮਾਂਡ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਸਿਫਰ ਬਿੱਲ ਆਉਣ ਬਾਰੇ ਪਤਾ ਲੱਗ ਸਕੇ। ਵੱਡੀ ਗਿਣਤੀ ਵਿਚ ਅਜਿਹੇ ਮਾਮਲੇ ਧਿਆਨ ਵਿਚ ਆ ਰਹੇ ਹਨ, ਜਿਨ੍ਹਾਂ ਵਿਚ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨਹੀਂ ਮਿਲ ਪਾ ਰਹੀ ਅਤੇ ਮਕਾਨ ਮਾਲਕ ਮੁਫਤ ਬਿਜਲੀ ਦੇ ਪੈਸੇ ਵਸੂਲ ਕੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ। ਇਸ ਪੂਰੇ ਘਟਨਾਕ੍ਰਮ ’ਚ ਪੰਜਾਬ ਸਰਕਾਰ ਦੀ ਸਿੱਧੇ ਤੌਰ ’ਤੇ ਕਿਰਕਿਰੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂ ਸਟੇਜਾਂ ’ਤੇ ਮੁਫਤ ਬਿਜਲੀ ਦੀ ਸਹੂਲਤ ਦਾ ਗੁਣਗਾਨ ਕਰਦੇ ਨਹੀਂ ਥੱਕਦੇ, ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਲੱਖਾਂ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਮਕਾਨ ਮਾਲਕਾਂ ਦੀ ਇਸ ਮਨਮਰਜ਼ੀ ’ਤੇ ਰੋਕ ਲਾਉਣ ਲਈ ਸਰਕਾਰ ਵੱਲੋਂ ਉਚਿਤ ਕਦਮ ਨਹੀਂ ਚੁੱਕੇ ਗਏ। ਇਸ ਕਾਰਨ ਸਰਕਾਰ ਨੂੰ ਵੋਟਾਂ ਪਾ ਕੇ ਸੱਤਾ ਵਿਚ ਲਿਆਉਣ ਵਾਲੇ ਲੱਖਾਂ ਲੋਕ ਮੁਫਤ ਬਿਜਲੀ ਸਹੂਲਤ ਮਿਲਣ ਦੀ ਅਜੇ ਤੱਕ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਪੁਰੀ ਦਾ ਵੱਡਾ ਬਿਆਨ, "ਪੰਜਾਬ ’ਚ ‘ਆਪ’ ਸਰਕਾਰ ਨੂੰ ਘੱਟੋ-ਘੱਟ ਇਕ ਸਾਲ ਤਾਂ ਦੇਣਾ ਬਣਦਾ ਹੈ"
ਇਸੇ ਤਰ੍ਹਾਂ ਦੀ ਜਾਣਕਾਰੀ ਦਿੰਦਿਆਂ ਇਕ ਖਪਤਕਾਰ ਨੇ ਦੱਸਿਆ ਕਿ ਮਕਾਨ ਮਾਲਕ ਉਸ ਕੋਲੋਂ ਬਿਜਲੀ ਦਾ ਪ੍ਰਤੀ ਮਹੀਨਾ 2500 ਰੁਪਏ ਵਸੂਲ ਕਰਦਾ ਹੈ। ਅੱਜ ਜਦੋਂ ਬਿਜਲੀ ਦਾ ਬਿੱਲ ਬਣਾਉਣ ਵਾਲਾ ਮੀਟਰ ਰੀਡਰ ਆਇਆ ਤਾਂ ਉਸਨੇ ਸਿਫਰ ਦਾ ਬਿੱਲ ਕੱਢ ਕੇ ਉਸਨੂੰ ਫੜਾ ਦਿੱਤਾ। ਬਿੱਲ ’ਤੇ ਆਖਰੀ ਬਿੱਲਾਂ ਦਾ ਵੇਰਵਾ ਦੇਖਣ ’ਤੇ ਪਤਾ ਲੱਗਾ ਕਿ ਪਿਛਲੀ ਵਾਰ ਦਾ ਬਿੱਲ ਵੀ ਸਿਫਰ ਆਇਆ ਸੀ ਪਰ ਮਕਾਨ ਮਾਲਕ ਨੇ ਪਿਛਲੀ ਵਾਰੀ ਵੀ ਉਸ ਕੋਲੋਂ ਬਿਜਲੀ ਦਾ ਬਿੱਲ ਵਸੂਲਿਆ ਸੀ। ਇਸ ਸਬੰਧੀ ਜਦੋਂ ਉਸਨੇ ਮਕਾਨ ਮਾਲਕ ਨੂੰ ਪੁੱਿਛਆ ਤਾਂ ਉਹ ਬਿੱਲ ’ਤੇ ਵਰਤੇ ਯੂਨਿਟ ਦਿਖਾਉਣ ਲੱਗਾ ਅਤੇ ਬਿੱਲ ਵਸੂਲਣ ਦੀ ਗੱਲ ਕਹਿਣ ਲੱਗਾ।
ਮਕਾਨ ਮਾਲਕ ਸਿੱਧੇ ਤੌਰ ’ਤੇ ਕਰ ਰਿਹਾ 420 : ਡਿਪਟੀ ਚੀਫ ਇੰਦਰਪਾਲ
ਪਾਵਰਕਾਮ ਜਲੰਧਰ ਸਰਕਲ ਦੇ ਹੈੱਡ ਤੇ ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਘਰੇਲੂ ਕੁਨੈਕਸ਼ਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਸਬ-ਮੀਟਰ ਲਾ ਕੇ ਜਾਂ ਕਿਸੇ ਹੋਰ ਢੰਗ ਨਾਲ ਬਿਜਲੀ ਵੇਚ ਕੇ ਕਿਸੇ ਕੋਲੋਂ ਵਸੂਲੀ ਕਰਨਾ ਨਿਯਮਾਂ ਦੇ ਉਲਟ ਹੈ। ਅਜਿਹੇ ਕੇਸਾਂ ਵਿਚ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਨਾਲ ਸਿੱਧੇ ਤੌਰ ’ਤੇ 420 ਕਰ ਰਿਹਾ ਹੈ। ਖਪਤਕਾਰ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਜਿਹਾ ਕਰਨ ਵਾਲੇ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪਿਓ ਨੇ ਹਾਰਟ ਅਟੈਕ ਦੱਸ ਕੀਤਾ ਪੁੱਤ ਦਾ ਸਸਕਾਰ, ਪੋਤੀ ਨੇ ਖੋਲ੍ਹੀਆਂ ਪਰਤਾਂ ਤਾਂ ਲੋਕ ਰਹਿ ਗਏ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਗੁਜਰਾਤ ’ਚ ਨਵਾਂ ਇਤਿਹਾਸ ਲਿਖੇ ਜਾਣ ’ਚ ਕੁਝ ਹੀ ਦਿਨ ਬਾਕੀ : ਭਗਵੰਤ ਮਾਨ
NEXT STORY