ਮੋਹਾਲੀ, (ਕੁਲਦੀਪ)- ਜ਼ਿਲਾ ਬਾਰ ਐਸੋਸੀਏਸ਼ਨ ਮੋਹਾਲੀ ਵਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਜ਼ਿਲਾ ਅਦਾਲਤ ਵਿਚ ਕੰਮਕਾਜ ਬੰਦ ਰੱਖਿਆ ਗਿਆ ਤੇ ਅਣਮਿੱਥੇ ਸਮੇਂ ਲਈ ਭੁੱਖ ਹਡ਼ਤਾਲ ਸ਼ੁਰੂ ਕਰ ਦਿੱਤੀ ਗਈ।
ਇਸ ਦੌਰਾਨ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਐਡਵੋਕੇਟ ਅਨਿਲ ਕੌਸ਼ਿਕ ਭੁੱਖ ਹਡ਼ਤਾਲ ’ਤੇ ਬੈਠ ਗਏ। ਉਨ੍ਹਾਂ ਕਿਹਾ ਕਿ ਜਦੋਂ ਤਕ ਐਸੋਸੀਏਸ਼ਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਉਹ ਭੁੱਖ ਹਡ਼ਤਾਲ ਜਾਰੀ ਰੱਖਣਗੇ। ਇਸ ਮੌਕੇ ਵਕੀਲਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਵਕੀਲਾਂ ਵਲੋਂ ਅਦਾਲਤਾਂ ਵਿਚ ਕੇਸਾਂ ਦੀ ਪੈਰਵਾਈ ਕੀਤੇ ਜਾਣ ਵਾਲਾ ਕੰਮਕਾਜ ਵੀ ਬੰਦ ਰੱਖਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਦੀਵਾਨਾ ਨੇ ਦੱਸਿਆ ਕਿ ਇਹ ਹਡ਼ਤਾਲ ਦਿਨ-ਰਾਤ ਜਾਰੀ ਰਹੇਗੀ।
ਇਹ ਹਨ ਮੰਗਾਂ
ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਦੀਵਾਨਾ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ, ਨਰਪਿੰਦਰ ਸਿੰਘ ਰੰਗੀ, ਲਲਿਤ ਸੂਦ, ਜਸਪਾਲ ਸਿੰਘ ਦੱਪਰ, ਗੁਰਬੀਰ ਸਿੰਘ ਲਾਲੀ, ਕਰਨੈਲ ਸਿੰਘ ਬੈਦਵਾਣ, ਗੁਰਦੀਪ ਸਿੰਘ ਅੰਟਾਲ, ਗੁਰਮੇਲ ਸਿੰਘ ਆਦਿ ਨੇ ਕਿਹਾ ਕਿ ਵਕੀਲਾਂ ਦੀਆਂ ਮੰਗਾਂ ਵਿਚ ਵਕੀਲਾਂ ਦੇ ਚੈਂਬਰਾਂ ਨੂੰ ਆਉਣ-ਜਾਣ ਵਾਲੇ ਰਸਤੇ ਵਿਚ ਲਾਏ ਗਏ ਗੇਟਾਂ ਨੂੰ ਹਟਾਇਆ ਜਾਣਾ, ਵਕੀਲਾਂ ਲਈ ਕਾਰ ਪਾਰਕਿੰਗ ਖੋਲ੍ਹਣਾ, ਕੰਟੀਨ ਛੇਤੀ ਖੋਲ੍ਹਣਾ, ਬਾਥਰੂਮਾਂ ਨੂੰ ਲਾਏ ਗਏ ਤਾਲੇ ਖੋਲ੍ਹਣ ਤੇ ਲਿਫਟਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਵਾਉਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਵਕੀਲਾਂ ਦੇ ਚੈਂਬਰਾਂ ਨੂੰ ਆਉਣ-ਜਾਣ ਵਾਲੇ ਰਸਤੇ ਵਿਚ ਗੇਟ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਹੀ ਖੋਲ੍ਹੇ ਜਾਂਦੇ ਹਨ, ਜਦੋਂ ਕਿ ਵਕੀਲਾਂ ਨੂੰ ਸ਼ਾਮ 5 ਵਜੇ ਤੋਂ ਬਾਅਦ ਵੀ ਆਪਣੇ ਚੈਂਬਰਾਂ ਵਿਚ ਕੰਮ ਕਰਨਾ ਪੈਂਦਾ ਹੈ। ਵਕੀਲਾਂ ਦੇ ਚੈਂਬਰਾਂ ਵਾਲੀ ਇਮਾਰਤ ਵਿਚ ਲਿਫਟਾਂ ਤੋਂ ਇਲਾਵਾ ਕੋਈ ਪੌਡ਼ੀ ਆਦਿ ਦਾ ਵੀ ਪ੍ਰਬੰਧ ਨਹੀਂ ਹੈ ਜੇਕਰ ਗੇਟ ਬੰਦ ਹੋਣ ਦੌਰਾਨ ਅੱਗ ਲੱਗਣ ਵਰਗੀ ਘਟਨਾ ਵਾਪਰ ਜਾਂਦੀ ਹੈ ਤਾਂ ਵਕੀਲਾਂ ਦੇ ਬਾਹਰ ਨਿਕਲਣ ਲਈ ਕੋਈ ਰਸਤਾ ਨਹੀਂ ਹੈ ਜੇਕਰ ਗੇਟ ਬੰਦ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਚੈਂਬਰਾਂ ਵਾਲੀ ਇਮਾਰਤ ਤੋਂ ਹੇਠਾਂ ਉਤਰ ਕੇ ਫਿਰ ਅਦਾਲਤ ਦੇ ਗੇਟ ਤੋਂ ਅੰਦਰ ਜਾਣਾ ਪੈਂਦਾ ਹੈ । ਅਜਿਹੇ ਵਿਚ ਵਕੀਲਾਂ ਦਾ ਕਾਫ਼ੀ ਸਮਾਂ ਵੀ ਬਰਬਾਦ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਕੀਲਾਂ ਦੇ ਚੈਂਬਰਾਂ ਤੋਂ ਅਦਾਲਤਾਂ ਨੂੰ ਜਾਣ ਵਾਲੇ ਗੇਟ ਤੁਰੰਤ ਖੋਲ੍ਹ ਕੇ ਵਕੀਲਾਂ ਨੂੰ ਰਾਹਤ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਮੰਗਾਂ ਨੂੰ ਵੀ ਛੇਤੀ ਮੰਨਿਅਾ ਜਾਵੇ।
ਹਡ਼ਤਾਲ ਕਾਰਨ ਕੈਦੀਆਂ ਨੂੰ ਲਿਆਉਣ ’ਚ ਹੋਈ ਪ੍ਰੇਸ਼ਾਨੀ
ਜ਼ਿਲਾ ਅਦਾਲਤ ਵਿਚ ਅੱਜ ਹੋਈ ਵਕੀਲਾਂ ਦੀ ਭੁੱਖ ਹਡ਼ਤਾਲ ਕਾਰਨ ਅਦਾਲਤ ਵਿਚ ਵੱਖ-ਵੱਖ ਜੇਲਾਂ ਤੋਂ ਕੈਦੀਆਂ ਨੂੰ ਪੇਸ਼ੀ ’ਤੇ ਲਿਆਉਣ ਮੌਕੇ ਪੁਲਸ ਪ੍ਰਸ਼ਾਸਨ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੈਦੀਆਂ ਨੂੰ ਲਿਆਉਣ ਵਾਲੀਅਾਂ ਜੇਲ ਦੀਆਂ ਗੱਡੀਆਂ ਖਡ਼੍ਹੀਆਂ ਕਰਨ ਵਾਲੀ ਜਗ੍ਹਾ ’ਤੇ ਵੱਡੀ ਗਿਣਤੀ ਵਿਚ ਵਕੀਲ ਭੁੱਖ ਹਡ਼ਤਾਲ ’ਤੇ ਬੈਠੇ ਹੋਏ ਸਨ, ਜਿਸ ਕਾਰਨ ਜੇਲ ਦੀਆਂ ਗੱਡੀਆਂ ਅਦਾਲਤ ਦੇ ਮੇਨ ਗੇਟ ਤੋਂ ਵੀ ਬਾਹਰ ਖਡ਼੍ਹੀਅਾਂ ਕਰਨੀਅਾਂ ਪਈਅਾਂ ਤੇ ਕੈਦੀਆਂ ਨੂੰ ਅਦਾਲਤ ਦੇ ਅੰਦਰ ਤਕ ਪੈਦਲ ਲਿਆਉਣਾ ਪਿਆ।
ਸਿਵਲ ਸਰਜਨ ਦਫਤਰ ਦੇ ਜਨਮ-ਮੌਤ ਰਜਿਸਟਰੇਸ਼ਨ ਵਿਭਾਗ ’ਤੇ ਵਿਜੀਲੈਂਸ ਦੀ ਰੇਡ
NEXT STORY