ਢਾਕਾ (ਵਾਰਤਾ): ਬੰਗਲਾਦੇਸ਼ ਦੇ ਰੰਗਪੁਰ ਸ਼ਹਿਰ ਵਿੱਚ ਇੱਕ ਸੇਵਾਮੁਕਤ ਹਿੰਦੂ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਹੋਰ ਜੀਆਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਕੀਤੇ ਗਏ ਖੁਲਾਸੇ ਬੇਹੱਦ ਹੈਰਾਨੀਜਨਕ ਅਤੇ ਰੂਹ ਕੰਬਾਊ ਹਨ, ਜਿਸ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 23 ਸਾਲਾ ਸਿਧਾਰਥ ਦਾਸ ਅਤੇ 19 ਸਾਲਾ ਮੁਗਧਾ ਦਾਸ ਵਜੋਂ ਹੋਈ ਹੈ, ਜਿਨ੍ਹਾਂ ਨੂੰ ਸ਼ਹਿਰ ਦੇ ਦਾਖੀਗੰਜ ਸ਼ਮਸ਼ਾਨਘਾਟ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਦੋਵਾਂ ਨੇ ਕਤਲ ਦੀ ਇਸ ਵਾਰਦਾਤ ਨੂੰ ਲੁੱਟ-ਖੋਹ ਦਾ ਰੂਪ ਦੇਣ ਲਈ ਘਰ ਦੇ ਸਮਾਨ ਦੀ ਫੋਲਾਫਾਲੀ ਵੀ ਕੀਤੀ ਸੀ ਤਾਂ ਜੋ ਜਾਂਚ ਨੂੰ ਗੁੰਮਰਾਹ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- 'ਕਰ ਦੇਵਾਂਗੇ ਖ਼ਾਤਮਾ..!', ਅਮਰੀਕਾ ਦੇ ਸਾਥੀਆਂ ਨੂੰ ਈਰਾਨ ਨੇ ਦੇ'ਤੀ ਚੇਤਾਵਨੀ
ਰਗਪੁਰ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਮੁਹੰਮਦ ਅਬਦੁਲ ਮਬੂਦ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵੀਰਵਾਰ (20 ਅਗਸਤ) ਦੀ ਦੇਰ ਰਾਤ ਦੋਵੇਂ ਮੁਲਜ਼ਮ ਸੇਵਾਮੁਕਤ ਅਧਿਆਪਕ ਗਣਪਤੀ ਚੱਕਰਵਰਤੀ ਦੇ ਘਰ ਦੀ ਛੱਤ 'ਤੇ ਬੈਠ ਕੇ 'ਯਾਬਾ' (ਇੱਕ ਬੇਹੱਦ ਖ਼ਤਰਨਾਕ ਨਸ਼ੀਲੀ ਗੋਲੀ) ਦਾ ਸੇਵਨ ਕਰ ਰਹੇ ਸਨ। ਛੱਤ ਤੋਂ ਆ ਰਹੀ ਅਵਾਜ਼ ਸੁਣ ਕੇ ਜਦੋਂ 65 ਸਾਲਾ ਗਣਪਤੀ ਚੱਕਰਵਰਤੀ ਉੱਪਰ ਗਏ, ਤਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਗਣਪਤੀ ਚੱਕਰਵਰਤੀ ਵੱਲੋਂ ਵਿਰੋਧ ਕਰਨ 'ਤੇ ਗੁੱਸੇ ਵਿੱਚ ਆਏ ਮੁਲਜ਼ਮਾਂ ਨੇ ਤੌਲੀਏ ਨਾਲ ਉਨ੍ਹਾਂ ਦਾ ਗਲਾ ਘੁੱਟ ਦਿੱਤਾ। ਜਦੋਂ ਗਣਪਤੀ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦੀ ਪਤਨੀ ਪ੍ਰੀਤੀਲਤਾ (50) ਅਤੇ ਧੀ ਆਗਾਮੀ ਚੱਕਰਵਰਤੀ ਪ੍ਰਾਰਥੀ (23) ਉਨ੍ਹਾਂ ਨੂੰ ਬਚਾਉਣ ਲਈ ਛੱਤ ਵੱਲ ਭੱਜੀਆਂ, ਤਾਂ ਮੁਲਜ਼ਮਾਂ ਨੇ ਉਨ੍ਹਾਂ ਦੋਵਾਂ ਦਾ ਵੀ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਕਾਤਲ ਘਰ ਦੇ ਅੰਦਰ ਦਾਖਲ ਹੋਏ ਅਤੇ ਕਮਰੇ ਵਿੱਚ ਮੌਜੂਦ ਜੋੜੇ ਦੇ ਇਕਲੌਤੇ 12 ਸਾਲਾ ਪੁੱਤਰ ਪ੍ਰਿਯਮ ਚੱਕਰਵਰਤੀ ਦਾ ਵੀ ਉਸੇ ਤਰ੍ਹਾਂ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੀ ਬੇਖ਼ੌਫ਼ ਹਰਕਤ ਨੇ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਸ਼ੁੱਕਰਵਾਰ ਸਵੇਰ ਤੱਕ ਉਸੇ ਘਰ ਦੇ ਅੰਦਰ ਹੀ ਰਹੇ। ਉਨ੍ਹਾਂ ਨੇ ਘਰ ਦੇ ਬਾਥਰੂਮ ਦੀ ਵਰਤੋਂ ਕੀਤੀ, ਮੇਜ਼ 'ਤੇ ਪਈਆਂ ਖਜੂਰਾਂ ਖਾਧੀਆਂ ਅਤੇ ਦੁਬਾਰਾ ਯਾਬਾ ਨਸ਼ੇ ਦਾ ਸੇਵਨ ਕੀਤਾ। ਇੰਨਾ ਹੀ ਨਹੀਂ ਆਪਣੀਆਂ ਉਂਗਲਾਂ ਦੇ ਨਿਸ਼ਾਨ ਮਿਟਾਉਣ ਲਈ ਉਨ੍ਹਾਂ ਨੇ ਗਣਪਤੀ ਅਤੇ ਪ੍ਰੀਤੀਲਤਾ ਦੇ ਮੋਬਾਈਲ ਫੋਨਾਂ ਨੂੰ ਸਰਫ਼ (ਵਾਸ਼ਿੰਗ ਪਾਊਡਰ) ਦੇ ਘੋਲ ਵਿੱਚ ਭਿਉਂ ਕੇ ਰੱਖ ਦਿੱਤਾ। ਪੁਲਿਸ ਨੇ ਸ਼ਨੀਵਾਰ ਰਾਤ ਨੂੰ ਘਰ ਦਾ ਤਾਲਾ ਤੋੜ ਕੇ ਚਾਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਇਸ ਵਹਿਸ਼ੀਆਨਾ ਕਤਲਕਾਂਡ ਦੇ ਵਿਰੋਧ ਵਿੱਚ ਐਤਵਾਰ ਨੂੰ ਰੰਗਪੁਰ ਜ਼ਿਲ੍ਹਾ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਨੇ ਜਮਾਤਾਂ ਦਾ ਬਾਈਕਾਟ ਕਰ ਦਿੱਤਾ ਅਤੇ ਸੜਕਾਂ 'ਤੇ ਉਤਰ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਮਾਰਚ ਕਰਦਿਆਂ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਵਿੱਚ ਮੰਗ ਪੱਤਰ ਸੌਂਪੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੇਣ ਦੀ ਮੰਗ ਕੀਤੀ। ਦੂਜੇ ਪਾਸੇ, ਘੱਟ ਗਿਣਤੀਆਂ ਦੇ ਹੱਕਾਂ ਲਈ ਲੜਨ ਵਾਲੀ ਪ੍ਰਮੁੱਖ ਸੰਸਥਾ 'ਬੰਗਲਾਦੇਸ਼ ਹਿੰਦੂ ਬੁੱਧਿਸਟ ਕ੍ਰਿਸ਼ਚੀਅਨ ਯੂਨਿਟੀ ਕੌਂਸਲ' ਨੇ ਵੀ ਇਸ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਨਿਰਪੱਖ ਜਾਂਚ ਅਤੇ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ-ਚੀਨ ਸਰਹੱਦੀ ਵਾਰਤਾ ਲਈ ਬੀਜਿੰਗ ਪਹੁੰਚੇ ਅਜੀਤ ਡੋਵਾਲ
NEXT STORY