ਮੋਗਾ (ਅਜ਼ਾਦ) : ਮੋਗਾ ਪੁਲਸ ਵੱਲੋਂ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕਰ ਕੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸਾਰਿਆਂ ਖਿਲਾਫ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕੀਤੇ ਗਏ ਹਨ।
ਪਹਿਲਾ ਮਾਮਲਾ
ਐਕਸਾਈਜ਼ ਵਿਭਾਗ ਦੇ ਸਹਾਇਕ ਥਾਣੇਦਾਰ ਰਾਮ ਲੁਭਾਇਆ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਸਮਾਰਟ ਹੋਟਲ ਕੋਲ ਬੀਤੀ ਰਾਤ ਗਸ਼ਤ ਕਰ ਰਹੇ ਸਨ। ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਉਪਿੰਦਰ ਸਿੰਘ ਉਰਫ ਭਿੰਦਰ ਨਿਵਾਸੀ ਪਿੰਡ ਗੋਧੇਵਾਲਾ ਜੋ ਦੁੱਧ ਦੀ ਡੇਅਰੀ ਚਲਾਉਂਦਾ ਹੈ, ਸ਼ਰਾਬ ਤਸਕਰੀ ਦਾ ਧੰਦਾ ਕਰਦਾ ਹੈ। ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਹੋ ਸਕਦੀ ਹੈ। ਇਸ 'ਤੇ ਤੁਰੰਤ ਦੱਸੀ ਗਈ ਜਗ੍ਹਾ 'ਤੇ ਛਾਪਾਮਾਰੀ ਕਰ ਕੇ 21 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਤਸਕਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੂਜਾ ਮਾਮਲਾ
ਸਪੈਸ਼ਲ ਸੈੱਲ ਮੋਗਾ ਦੇ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਇਕਬਾਲ ਸਿੰਘ ਹੁਸੈਨ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਘੋਲੀਆ ਕਲਾਂ ਕੋਲ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਕਾਰ ਸਵਾਰ ਹਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪਿੰਡ ਸਮਾਲਸਰ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 3 ਗ੍ਰਾਮ ਹੈਰੋਇਨ ਅਤੇ 315 ਨਸ਼ੀਲੀਆਂ ਗੋਲੀਆਂ ਦੇ ਇਲਾਵਾ 200 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਦੋਸ਼ੀਆਂ ਖਿਲਾਫ ਥਾਣਾ ਬਾਘਾਪੁਰਾਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਬਾਅਦ 'ਚ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਤੀਸਰਾ ਮਾਮਲਾ
ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਪਿੰਡ ਕੋਕਰੀ ਕਲਾਂ ਕੋਲ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਰਣਧੀਰ ਸਿੰਘ ਨਿਵਾਸੀ ਪਿੰਡ ਕੋਕਰੀ ਕਲਾਂ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 8 ਕਿਲੋ ਚੂਰਾ-ਪੋਸਤ ਦੇ ਇਲਾਵਾ 100 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਚੌਥਾ ਮਾਮਲਾ
ਥਾਣਾ ਅਜੀਤਵਾਲ ਦੇ ਇੰਚਾਰਜ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਚੂਹੜਚੱਕ ਕੋਲ ਜਾ ਰਹੇ ਸਨ ਤਾਂ ਪੁਲਸ ਪਾਰਟੀ ਨੇ ਸਾਧੂ ਸਿੰਘ ਉਰਫ ਸਾਧੂ ਵਾਸੀ ਪਿੰਡ ਚੂਹੜਚੱਕ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 375 ਨਸ਼ੀਲੀਆਂ ਗੋਲੀਆਂ ਦੇ ਇਲਾਵਾ 340 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
5 ਗ੍ਰਾਮ ਦੀ ਹੈਰੋਇਨ ਸਮੇਤ 2 ਵਿਅਕਤੀ ਕਾਬੂ
NEXT STORY