ਦੀਨਾਨਗਰ/ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ 'ਚ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਦੇ ਪ੍ਰਬੰਧਾਂ ਹੇਠ ਦਰਜਨ ਪਿੰਡਾਂ ਅੰਦਰ ਵੱਡੀਆਂ ਚੋਣ ਰੈਲੀਆਂ ਹੋਈਆਂ। ਇਸ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਵਿਧਾਇਕਾ ਸਤਿਕਾਰ ਕੌਰ ਗਹਿਰੀ, ਸੰਦੀਪ ਜਾਖੜ ਸਮੇਤ ਕਈ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸ਼੍ਰੀ ਜਾਖੜ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ।
ਇਸ ਦੌਰਾਨ ਪਿੰਡ ਜਕੜੀਆਂ, ਕਲੀਜਪੁਰ, ਮਰਾੜਾ, ਦੋਰਾਂਗਲਾ, ਕਠਿਆਲੀ, ਜੰਡੀ ਅਤੇ ਦੀਨਾਨਗਰ ਆਦਿ ਅੰਦਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਜਦੋਂ ਤੱਕ ਦੀਨਾਨਗਰ ਹਲਕੇ ਦੇ ਮਸਲੇ ਹੱਲ ਨਹੀਂ ਹੁੰਦੇ, ਉਦੋਂ ਤੱਕ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਆਰਾਮ ਨਾਲ ਬੈਠਣਗੇ ਅਤੇ ਨਾ ਹੀ ਉਹ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ਵਿਚ ਵੀ ਬੁਰਾਈਆਂ ਤੇ ਪਾਪਾਂ ਵਿਰੁੱਧ ਆਵਾਜ਼ ਉਠਾਉਣ ਦੀ ਸੇਧ ਦਿੱਤੀ ਗਈ ਹੈ ਅਤੇ ਗੁਰੂ ਸਾਹਿਬਾਨਾਂ ਨੇ ਖ਼ੁਦ ਵੀ ਜਬਰ ਜ਼ੁਲਮ ਦਾ ਵਿਰੋਧ ਕਰ ਕੇ ਦਿਖਾਇਆ ਹੈ। ਹੁਣ ਸਾਡਾ ਦੇਸ਼ ਬੁਰਾਈਆਂ, ਬੇਕਾਰੀ ਵਰਗੀਆਂ ਸਮੱਸਿਆਵਾਂ ਕਾਰਨ ਜਿਸ ਕਗਾਰ 'ਤੇ ਖੜ੍ਹਾ ਹੈ, ਉਸ ਨੂੰ ਬਚਾਉਣ ਲਈ ਵੀ ਸਾਨੂੰ ਸਾਰਿਆਂ ਨੂੰ ਡਟਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਿਸ ਤਰ੍ਹਾਂ ਲੋਕ ਮਾਰੂ ਨੀਤੀਆਂ ਲਾਗੂ ਕਰਨੀਆਂ ਸ਼ੁਰੂ ਕੀਤੀਆਂ ਹਨ, ਉਸ ਨਾਲ ਹਰੇਕ ਵਰਗ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਲਈ ਸੂਝਵਾਨ ਤੇ ਗ਼ੈਰਤਮੰਦ ਲੋਕ ਦੇਸ਼ ਦੇ ਹਾਲਾਤ ਬਦਲਣ ਲਈ ਕਾਂਗਰਸ ਦਾ ਸਾਥ ਦੇਣ ਅਤੇ ਇਸ ਹਲਕੇ ਤੋਂ ਸੁਨੀਲ ਜਾਖੜ ਨੂੰ ਜੇਤੂ ਬਣਾਉਣ। ਇਸ ਦੌਰਾਨ ਸੰਬੋਧਨ ਕਰਦਿਆਂ ਅਸ਼ੋਕ ਚੌਧਰੀ ਅਤੇ ਅਰੁਣਾ ਚੌਧਰੀ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਹਲਕੇ ਅੰਦਰ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਹਲਕੇ ਅੰਦਰ ਸੁਨੀਲ ਜਾਖੜ ਦੀ ਲੀਡ ਵਿਧਾਨ ਸਭਾ 'ਚ ਮਿਲੀ ਲੀਡ ਨਾਲ ਵੀ ਵੱਡੀ ਹੋਵੇਗੀ ਕਿਉਂਕਿ ਹਲਕੇ ਦੇ ਲੋਕ ਕਾਂਗਰਸ ਸਰਕਾਰ ਦੀਆਂ 6 ਮਹੀਨਿਆਂ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹਨ ਅਤੇ ਨਾਲ ਹੀ ਇਸ ਗੱਲ ਤੋਂ ਵੀ ਰਾਹਤ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਮਿਲ ਗਈ ਹੈ।
ਖੇਤੀ ਵਾਲੀਆਂ ਮੋਟਰਾਂ ਨੂੰ ਬਿਜਲੀ ਮੁਫ਼ਤ ਲਾਉਣ ਬਾਰੇ ਵਿਚਾਰ ਹੋ ਰਿਹੈ : ਰਾਣਾ ਗੁਰਜੀਤ
NEXT STORY