ਜਲੰਧਰ (ਚੋਪੜਾ)— ਜਲੰਧਰ ਲੋਕ ਸਭਾ ਹਲਕਾ ਸੀਟ ਦੀ ਰੀਵਿਊ 'ਤੇ ਅੱਜ ਅੰਤਿਮ ਫੈਸਲਾ ਹੋ ਸਕਦਾ ਹੈ ਅਤੇ ਸੈਂਟਰਲ ਸਕਰੀਨਿੰਗ ਕਮੇਟੀ ਦੀ ਅੱਜ ਸ਼ਾਮ ਦਿੱਲੀ ਵਿਚ ਹੋਣ ਵਾਲੀ ਮੀਟਿੰਗ 'ਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਅਤੇ ਕਾਂਗਰਸ ਉਮੀਦਵਾਰ ਸਿਟਿੰਗ ਸੰਸਦ ਮੈਂਬਰ ਚੌਧਰੀ ਸੰਤੋਖ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਕ ਪਾਸੇ ਜਿੱਥੇ ਸੰਸਦ ਮੈਂਬਰ ਚੌਧਰੀ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ, ਉਥੇ ਹੀ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨੇ ਦਿੱਲੀ 'ਚ ਡੇਰਾ ਲਾਇਆ ਹੋਇਆ ਹੈ। ਕੇ. ਪੀ. ਨੇ ਬੀਤੀ ਦਿਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਦਿੱਲੀ 'ਚ ਮੁਲਾਕਾਤ ਕਰਨੀ ਸੀ ਪਰ ਰਾਹੁਲ ਨੇ ਬੀਤੇ ਦਿਨ ਅਮੇਠੀ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ ਅਤੇ ਚੋਣ ਰੁਝੇਵਿਆਂ ਕਾਰਨ ਉਹ ਦਿੱਲੀ ਨਹੀਂ ਪਹੁੰਚ ਸਕੇ। ਦੂਜੇ ਪਾਸੇ ਡਾ. ਮਨਮੋਹਨ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੀਆਂ ਸਾਰੀਆਂ ਮੀਟਿੰਗਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ 11 ਅਪ੍ਰੈਲ ਸ਼ਾਮ ਨੂੰ ਸਕਰੀਨਿੰਗ ਕਮੇਟੀ ਦੀ ਮੀਟਿੰਗ ਦਿੱਲੀ ਵਿਚ ਹੋ ਰਹੀ ਹੈ, ਜਿਸ 'ਚ ਪੰਜਾਬ ਦੀਆਂ ਬਾਕੀ ਚਾਰਾਂ ਸੀਟਾਂ ਸਣੇ ਹੋਰ ਸੂਬਿਆਂ ਨਾਲ ਸਬੰਧਤ ਹਲਕਿਆਂ ਦੇ ਉਮੀਦਵਾਰਾਂ ਦੀ ਚੋਣ 'ਤੇ ਵਿਚਾਰ-ਵਟਾਂਦਰਾ ਹੋਣਾ ਹੈ ਅਤੇ ਸੰਭਾਵਨਾ ਹੈ ਕਿ ਜਲੰਧਰ ਸੀਟ 'ਤੇ ਰੀਵਿਊ ਵੀ ਇਸ ਮੀਟਿੰਗ ਵਿਚ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਚੌਧਰੀ ਨੂੰ ਟਿਕਟ ਮਿਲਣ ਤੋਂ ਬਾਅਦ ਮਹਿੰਦਰ ਕੇ. ਪੀ. ਨੇ ਪਾਰਟੀ ਦੇ ਇਸ ਫੈਸਲੇ ਦਾ ਸਖਤ ਵਿਰੋਧ ਜਤਾਇਆ ਸੀ। ਜੇਕਰ ਪਾਰਟੀ ਨੇ ਕੇ. ਪੀ. ਅਤੇ ਉਨ੍ਹਾਂ ਦੇ ਸਮਰਥਕਾਂ ਦਾ ਵਿਰੋਧ ਨਜ਼ਰਅੰਦਾਜ਼ ਕੀਤਾ ਤਾਂ ਕਾਂਗਰਸ ਹਾਈਕਮਾਨ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਕਈ ਦਹਾਕਿਆਂ ਤੋਂ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰ ਰਹੇ ਬੇਦਾਗ ਪਰਿਵਾਰ ਨਾਲ ਸਬੰਧਤ ਕੇ. ਪੀ. ਨੂੰ ਨੁਮਾਇੰਦਗੀ ਨਹੀਂ ਦਿੱਤੀ ਜਾਂਦੀ ਤਾਂ ਸੰਗਠਨ 'ਚ ਇਸ ਦਾ ਗਲਤ ਸੰਦੇਸ਼ ਜਾਵੇਗਾ।
ਬਗਾਵਤੀ ਸੁਰਾਂ ਨੇ ਹਾਈਕਮਾਨ ਨੂੰ ਕੀਤਾ ਸੁਚੇਤ, ਰੀਵਿਊ 'ਤੇ ਹੋਵੇਗਾ ਸਟੀਕ ਫੈਸਲਾ
ਆਬਜ਼ਰਵਰ ਗਿਰੀਸ਼ ਗਰਗ ਤੋਂ ਇਲਾਵਾ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਦੋਬਾਰਾ ਵੱਖ-ਵੱਖ ਪ੍ਰਾਈਵੇਟ ਸਰਵੇ ਕਰਵਾ ਕੇ ਪਾਰਟੀ ਨੇ ਫੀਡ ਬੈਕ ਲਿਆ ਹੈ। ਟਿਕਟ ਵੰਡ ਤੋਂ ਬਾਅਦ ਜਲੰਧਰ ਸੀਟ 'ਤੇ ਅਲਾਪੇ ਜਾ ਰਹੇ ਬਗਾਵਤੀ ਸੁਰਾਂ ਨੇ ਪਾਰਟੀ ਹਾਈਕਮਾਨ ਨੂੰ ਸੁਚੇਤ ਕਰ ਦਿੱਤਾ ਹੈ। ਇਸ ਲਈ ਸੀਟ ਨੂੰ ਰੀਵਿਊ 'ਚ ਰੱਖਿਆ ਗਿਆ ਹੈ। ਕਾਂਗਰਸ ਰੀਵਿਊ 'ਤੇ ਹੋਣ ਵਾਲੇ ਅੰਤਿਮ ਫੈਸਲੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਨਾਲ ਰਿਸਕ ਨਹੀਂ ਲੈਣਾ ਚਾਹੁੰਦੀ, ਜਿਸ ਕਾਰਨ ਉਨ੍ਹਾਂ ਸੀਟ ਦੇ ਆਬਜ਼ਰਵਰ ਗਿਰੀਸ਼ ਗਰਗ ਨੂੰ ਜਲੰਧਰ ਭੇਜਿਆ। ਗਰਗ ਨੇ ਤਿੰਨ ਦਿਨ ਇਥੇ ਰਹਿ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਸਬੰਧੀ ਫੀਡ ਬੈਕ ਹਾਈਕਮਾਨ ਨੂੰ ਭੇਜ ਦਿੱਤੀ ਹੈ।
ਹਾਈਕਮਾਨ ਨੂੰ ਜਲੰਧਰ ਨਾਲ ਲੱਗਦੇ ਹਲਕਿਆਂ ਦੀ ਸਤਾ ਰਹੀ ਚਿੰਤਾ
ਜਲੰਧਰ ਦੇ ਨਾਲ ਹੁਸ਼ਿਆਰਪੁਰ ਅਤੇ ਹੋਰ ਹਲਕਿਆਂ ਵਿਚ ਵੀ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ, ਉਸ ਤੋਂ ਪਾਰਟੀ ਹਾਈਕਮਾਨ ਬੇਹੱਦ ਚਿੰਤਤ ਦੱਸੀ ਜਾ ਰਹੀ ਹੈ। ਕੇ. ਪੀ. ਦੇ ਬਗਾਵਤੀ ਰੁਖ ਨੂੰ ਲੈ ਕੇ ਵੀ ਪਾਰਟੀ ਵਲੋਂ ਪੂਰਾ ਲੇਖਾ-ਜੋਖਾ ਲਾਇਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਕਾਰਜ ਸੰਮਤੀ ਦੇ ਮੈਂਬਰ, ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਨਾਤੇ ਕੇ. ਪੀ. ਦੀ ਜਲੰਧਰ ਅਤੇ ਆਲੇ-ਦੁਆਲੇ ਦੇ ਜ਼ਿਲਿਆਂ ਵਿਚ ਕਾਫੀ ਪੈਠ ਹੈ। ਜੇਕਰ ਕੇ. ਪੀ. ਆਜ਼ਾਦ ਖੜ੍ਹੇ ਹੋ ਜਾਂਦੇ ਹਨ ਤਾਂ ਜਲੰਧਰ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਲੋਕ ਸਭਾ ਹਲਕਿਆਂ ਵਿਚ ਵੀ ਇਸਦਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਕੇ. ਪੀ. ਦੀ ਦੇਖਾ-ਦੇਖੀ ਹੋਰ ਨੇਤਾ ਵੀ ਬਗਾਵਤ ਕਰ ਕੇ ਚੋਣ ਮੈਦਾਨ ਵਿਚ ਉਤਰ ਸਕਦੇ ਹਨ। ਇਸ ਕਾਰਨ ਹਾਈਕਮਾਨ ਨੇ ਹਰੇਕ ਪਹਿਲੂ ਨੂੰ ਵਿਚਾਰ ਅਧੀਨ ਰੱਖਿਆ ਹੋਇਆ ਹੈ।
ਸਿਆਸੀ ਸੰਕਟ ਦੀ ਘੜੀ ਵਿਚ ਕੇ. ਪੀ. ਪਰਿਵਾਰ ਨੂੰ ਲੱਗਾ ਵੱਡਾ ਸਦਮਾ
ਸਿਆਸੀ ਸੰਕਟ ਦੀ ਘੜੀ 'ਚੋਂ ਲੰਘ ਰਹੇ ਮਹਿੰਦਰ ਸਿੰਘ ਕੇ. ਪੀ. ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਕੇ. ਪੀ. ਦੀ ਵੱਡੀ ਭੈਣ ਮਹਿੰਦਰ ਕੌਰ ਦੇ ਜਵਾਈ ਦਾ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ, ਜਿਸ ਕਾਰਨ ਕੇ. ਪੀ. ਦੀ ਟਿਕਟ ਕੱਟ ਹੋਣ ਤੋਂ ਬਾਅਦ ਜਲੰਧਰ ਪਹੁੰਚੀ ਮਹਿੰਦਰ ਕੌਰ ਨੂੰ ਤੁਰੰਤ ਵਾਪਸ ਇੰਗਲੈਂਡ ਜਾਣਾ ਪਿਆ । ਕੇ. ਪੀ. ਨੇ ਦੱਸਿਆ ਕਿ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਵਾਈ ਦਾ ਦਿਹਾਂਤ ਹੋਣ ਕਾਰਨ ਇੰਗਲੈਂਡ ਤੋਂ ਜਲੰਧਰ ਆ ਰਹੇ ਉਨ੍ਹਾਂ ਦੇ ਭਰਾ ਨੂੰ ਵੀ ਆਪਣੀ ਯਾਤਰਾ ਕੈਂਸਲ ਕਰਨੀ ਪਈ ਹੈ। ਕੇ. ਪੀ. ਨੇ ਦੱਸਿਆ ਕਿ ਜਵਾਈ ਦਾ ਅੰਤਿਮ ਸੰਸਕਾਰ ਕਦੋਂ ਹੋਵੇਗਾ, ਇਹ ਅਜੇ ਤੈਅ ਨਹੀਂ ਹੋਇਆ ਹੈ।
...ਤੇ ਹੁਣ ਪੰਜਾਬ ਦੀਆਂ ਜੇਲਾਂ 'ਚ ਬੰਦ ਤਸਕਰਾਂ ਨੂੰ ਨਹੀਂ ਮਿਲੇਗੀ 'ਪੈਰੋਲ'
NEXT STORY