ਪਟਿਆਲਾ (ਜੋਸਨ)—ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਟਰੱਕ ਆਪ੍ਰੇਟਰਾਂ ਨੇ ਕਾਂਗਰਸ ਨੂੰ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ। ਅੱਜ ਇਥੇ ਬਾਕਾਇਦਾ ਟਰੱਕ ਆਪ੍ਰੇਟਰਾਂ ਨੇ ਇਕ ਪੋਸਟਰ ਜਾਰੀ ਕੀਤਾ, ਜਿਸ 'ਚ ਲਿਖਿਆ ਹੈ ਕਿ ਇਹ ਟਰੱਕ ਆਪ੍ਰੇਟਰ ਦਾ ਘਰ ਹੈ। ਇਥੇ ਕੋਈ ਵੀ ਕਾਂਗਰਸੀ ਵੋਟ ਮੰਗਣ ਨਾ ਆਵੇ। ਪੁਸ਼ਟੀ ਕਰਦਿਆਂ ਟਰੱਕ ਆਪ੍ਰੇਟਰ ਕੋਆਪ੍ਰੇਟਿਵ ਸੋਸਾਇਟੀ ਦੇ ਆਗੂ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਤੁਰੰਤ ਸਮੂਹ ਟਰੱਕ ਆਪ੍ਰੇਟਰਾਂ ਨਾਲ ਇੰਨਾ ਧੱਕਾ ਕੀਤਾ ਕਿ ਯੂਨੀਅਨਾਂ ਭੰਗ ਕਰ ਦਿੱਤੀਆਂ, ਜਿਸ ਨਾਲ ਅੱਜ ਪੰਜਾਬ ਦਾ ਸਮੂਹ ਟਰੱਕ ਆਪ੍ਰੇਟਰ ਕੰਗਾਲੀ ਦੀ ਰਾਹ 'ਤੇ ਆ ਗਿਆ ਹੈ।
ਇਸ ਲਈ ਅਸੀਂ ਅਜਿਹੀ ਪਾਰਟੀ ਨੂੰ ਮੁੜ ਵੋਟਾਂ ਪਾਉਣ ਦੇ ਮੂਡ 'ਚ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਭੰਗ ਨਾ ਹੁੰਦੀ ਤਾਂ ਆਪ੍ਰੇਟਰ ਅਤੇ ਹੋਰ ਮੁਲਾਜ਼ਮ ਆਪਣੇ ਘਰ ਦਾ ਗੁਜ਼ਾਰਾ ਟਰੱਕਾਂ ਦੇ ਕੰਮ-ਕਾਰ ਤੋਂ ਕਰ ਰਹੇ ਸਨ। ਜਦੋਂ ਹੁਣ ਯੂਨੀਅਨਾਂ ਭੰਗ ਕਰ ਦਿੱਤੀਆਂ ਤਾਂ 2 ਟਾਈਮ ਦੀ ਰੋਟੀ ਦੇ ਲਾਲੇ ਪੈ ਗਏ ਹਨ। ਬਰਾੜ ਨੇ ਕਿਹਾ ਕਿ ਅਸੀਂ ਹੁਣ ਇਕੱਠੇ ਹੋ ਕੇ ਐਲਾਨ ਕੀਤਾ ਹੈ ਕਿ ਅਸੀਂ ਟਰੱਕ ਆਪ੍ਰੇਟਰ ਅਤੇ ਸਾਡੇ ਹੋਰ ਮੁਲਾਜ਼ਮ ਆਪਣੀ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਪਾਵਾਂਗੇ। ਅਸੀਂ ਸਾਰੇ ਆਪਣੇ ਘਰਾਂ ਅੱਗੇ ਅਤੇ ਯੂਨੀਅਨ 'ਚ ਵੀ ਇਹ ਪੋਸਟਰ ਲਾਵਾਂਗੇ।
ਉਨ੍ਹਾਂ ਵੱਲੋਂ ਜਾਰੀ ਕੀਤੇ ਪੋਸਟਰਾਂ 'ਚ ਲਿਖਿਆ ਹੈ ਕਿ 'ਇਹ ਟਰੱਕ ਆਪ੍ਰੇਟਰ ਦਾ ਘਰ ਹੈ, ਇਥੇ ਕੋਈ ਵੀ ਕਾਂਗਰਸੀ ਵੋਟ ਮੰਗਣ ਨਾ ਆਵੇ'। ਇੰਨਾ ਹੀ ਨਹੀਂ ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨਾਲ ਹੋਏ ਧੱਕੇ ਅਤੇ ਕੀਤੇ ਵਾਅਦੇ ਪੂਰੇ ਨਾ ਹੋਣ 'ਤੇ ਕੁਝ ਅਧਿਆਪਕਾਂ ਵੱਲੋਂ ਵੀ ਘਰਾਂ ਅੱਗੇ ਲਿਖ ਕੇ ਲਾਇਆ ਹੋਇਆ ਹੈ ਕਿ ਕੋਈ ਵੀ ਕਾਂਗਰਸੀ ਆਗੂ ਸਾਡੇ ਘਰ ਨਾ ਆਵੇ। ਇਹ ਘਰ ਸਕੂਲ ਅਧਿਆਪਕ ਦਾ ਹੈ। ਆਖਿਰ ਕਿਉਂ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੇ ਵੋਟਰਾਂ ਨੇ ਆਪਣਾ ਰੁਖ ਬਦਲ ਲਿਆ ਹੈ? ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਸਰਕਾਰਾਂ ਦੇ ਵਾਅਦਿਆਂ ਤੋਂ ਅੱਕ ਚੁੱਕੇ ਹਨ। ਹੁਣ ਤੱਕ ਤਾਂ ਵੋਟਰ ਵੀ ਕੀਤੇ ਵਾਅਦਿਆਂ ਦੀ ਉਡੀਕ 'ਚ ਸੀ। ਅੱਜ ਦਾ ਸਮਾਂ ਇਹ ਹੈ ਕਿ ਪੰਜਾਬ ਦੇ ਵੋਟਰ ਵਾਅਦੇ ਨਹੀਂ ਅਸਲੀਅਤ ਚਾਹੁੰਦੇ ਹਨ। ਟਰੱਕ ਆਪ੍ਰੇਟਰਾਂ ਦੀ ਨਾਰਾਜ਼ਗੀ ਇਹ ਹੈ ਕਿ ਸਰਕਾਰ ਨੇ ਯੂਨੀਅਨਾਂ ਭੰਗ ਕਰ ਕੇ ਸਾਡੇ ਹੱਕ ਹੀ ਖੋਹ ਲਏ ਹਨ। ਸਿੰਗਲ ਮਾਲਕ ਤਾਂ ਆਪਣੀ ਗੱਡੀ ਵੇਚਣ ਨੂੰ ਫਿਰਦਾ ਹੈ। ਕੋਈ ਖਰੀਦਦਾਰ ਨਹੀਂ। ਪੰਜਾਬ ਦੀਆਂ ਯੂਨੀਅਨਾਂ ਭੰਗ ਕਰਨ 'ਤੇ ਸਾਰੇ ਪਾਸੇ ਹੀ ਟਰੱਕ ਆਪ੍ਰੇਟਰ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਸਕੂਲ ਅਧਿਆਪਕ ਵੀ ਦਸ ਤੋਂ ਪੰਦਰਾਂ ਹਜ਼ਾਰ ਤੱਕ ਤਨਖਾਹਾਂ ਦੇਣ ਦੇ ਰੂਪ ਵਿਚ ਸਿੱਧਾ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਕਰ ਰਹੇ ਹਨ। ਇਸ ਦਾ ਨੁਕਸਾਨ ਕੈਪਟਨ ਸਰਕਾਰ ਨੂੰ ਲੋਕ ਸਭਾ ਦੀਆਂ ਚੋਣਾਂ ਵਿਚ ਵੇਖਣ ਨੂੰ ਮਿਲ ਸਕਦਾ ਹੈ।
ਲੋਕ ਸਭਾ ਚੋਣਾਂ : ਆਖਰੀ ਪੜਾਅ 'ਚ ਫੈਸਲਾਕੁੰਨ ਬਣ ਸਕਦਾ ਹੈ ਦਲਿਤ ਵੋਟ
NEXT STORY