ਜਲੰਧਰ (ਚੋਪੜਾ) – 2019 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਨਾਲ ਸਬੰਧਤ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ 'ਤੇ ਤਲਵਾਰ ਲਟਕ ਗਈ ਹੈ। ਹਾਈਕਮਾਨ ਨੇ ਮੌਜੂਦਾ ਸੰਸਦ ਮੈਂਬਰਾਂ ਸੁਨੀਲ ਜਾਖੜ (ਗੁਰਦਾਸਪੁਰ), ਰਵਨੀਤ ਬਿੱਟੂ (ਲੁਧਿਆਣਾ), ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ), ਸੰਤੋਖ ਸਿੰਘ ਚੌਧਰੀ (ਜਲੰਧਰ) ਦੀਆਂ ਟਿਕਟਾਂ ਨੂੰ ਫਾਈਨਲ ਕਰ ਦਿੱਤਾ ਹੈ ਪਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨਵੇਂ ਨਿਰਦੇਸ਼ਾਂ 'ਤੇ ਇਨ੍ਹਾਂ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਪਾਰਟੀ ਉਨ੍ਹਾਂ ਨੂੰ ਟਿਕਟ ਦੇਵੇਗੀ। ਇਸ ਸਬੰਧ 'ਚ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ 8 ਫਰਵਰੀ ਨੂੰ ਗੁਰਦਾਸਪੁਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਜ਼ਿਲਿਆਂ ਨਾਲ ਸਬੰਧਤ ਮੰਤਰੀਆਂ, ਵਿਧਾਇਕਾਂ, ਜ਼ਿਲਾ ਕਾਂਗਰਸ ਪ੍ਰਧਾਨਾਂ, ਸਾਬਕਾ ਵਿਧਾਇਕਾਂ ਸਮੇਤ ਹੋਰ ਆਗੂਆਂ ਦੀ ਚੰਡੀਗੜ੍ਹ 'ਚ ਬੈਠਕ ਸੱਦੀ ਹੈ।
ਜ਼ਿਕਰਯੋਗ ਹੈ ਕਿ ਸੂਬਾ ਕਾਂਗਰਸ ਨੇ ਪਿਛਲੇ ਦਿਨੀਂ ਸੂਬੇ ਦੇ ਸਾਰੇ 13 ਲੋਕ ਸਭਾ ਹਲਕਿਆਂ ਨਾਲ ਸਬੰਧਤ ਆਗੂਆਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਹੈ, ਜਿਸ ਦੌਰਾਨ ਲੋਕ ਸਭਾ ਹਲਕਿਆਂ 'ਚ ਕਾਂਗਰਸ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਗਈ। ਪੰਜਾਬ ਦੇ 9 ਲੋਕ ਸਭਾ ਹਲਕਿਆਂ ਦੇ ਨੇਤਾਵਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੌਜੂਦਾ ਸੰਸਦ ਮੈਂਬਰਾਂ ਨਾਲ ਸਬੰਧਤ ਜ਼ਿਲਿਆਂ ਨੂੰ ਇਸ ਲਈ ਛੱਡ ਦਿੱਤਾ ਗਿਆ ਸੀ ਕਿ ਜੇ ਮੌਜੂਦਾ ਸੰਸਦ ਮੈਂਬਰਾਂ ਨੂੰ ਮੁੜ ਟਿਕਟਾਂ ਦੇਣ ਦਾ ਫੈਸਲਾ ਹੋ ਚੁੱਕਾ ਹੈ ਤਾਂ ਉਕਤ ਹਲਕਿਆਂ ਦੇ ਨੇਤਾਵਾਂ ਨਾਲ ਬੈਠਕਾਂ ਕਰਨ ਦੀ ਕੀ ਤੁੱਕ ਹੈ। ਪਰ ਰਾਹੁਲ ਦੇ ਨਵੇਂ ਫੈਸਲੇ ਨੇ ਸਪੱਸ਼ਟ ਕੀਤਾ ਕਿ ਭਾਵੇਂ ਕਿਸੇ ਵੀ ਹਲਕੇ ਦਾ ਸੰਸਦ ਮੈਂਬਰ ਹੋਵੇ ਪਰ ਉਸ ਦੇ ਕੰਮ ਦੀ ਸਮੀਖਿਆ ਜ਼ਰੂਰ ਕੀਤੀ ਜਾਵੇ ਤੇ ਪਾਰਟੀ ਕੇਡਰ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਬੈਠਕ ਦੀ ਰਿਪੋਰਟ ਮੁਤਾਬਕ ਪਾਰਟੀ ਉਮੀਦਵਾਰ ਬਾਰੇ ਫੈਸਲਾ ਕਰੇਗੀ ਤੇ ਤੈਅ ਕੀਤੇ ਗਏ ਪ੍ਰੋਸੈੱਸ ਦੇ ਆਧਾਰ 'ਤੇ ਨਾਂ ਫਾਈਨਲ ਹੋਵੇਗਾ।
ਦਿੱਲੀ ਦਰਬਾਰ ਦੇ ਸੂਤਰਾਂ ਦੀ ਮੰਨੀਏ ਤਾਂ ਹਾਈਕਮਾਨ ਦੇ ਇਸ ਸਟੈਂਡ ਨੇ ਸਾਫ ਕਰ ਦਿੱਤਾ ਹੈ ਕਿ ਮੌਜੂਦਾ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਮਿਲੇਗੀ ਤੇ ਸਿਰਫ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਮੌਜੂਦਾ ਸੰਸਦ ਮੈਂਬਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਹੁਣ ਭਾਵੇਂ ਮੌਜੂਦਾ ਸੰਸਦ ਮੈਂਬਰ ਮੁੜ ਟਿਕਟ ਲੈਣ 'ਚ ਸਫਲ ਹੋ ਜਾਣ ਪਰ ਹਲਕਿਆਂ ਦੀ ਰੱਦੋਬਦਲ ਜਾਂ ਟਿਕਟ ਕੱਟਣ ਦੀ ਤਲਵਾਰ ਉਨ੍ਹਾਂ ਦੇ ਸਿਰ 'ਤੇ ਉਦੋਂ ਤੱਕ ਲਟਕਦੀ ਰਹੇਗੀ ਜਦੋਂ ਤੱਕ ਪਾਰਟੀ ਉਮੀਦਵਾਰਾਂ ਦੀ ਫਾਈਨਲ ਸੂਚੀ ਨਹੀਂ ਆ ਜਾਂਦੀ।
ਪੰਜਾਬ 'ਚ ਜੰਗਲਾਂ ਹੇਠ 35583 ਏਕੜ ਰਕਬਾ ਵਧਿਆ : ਧਰਮਸੌਤ
NEXT STORY