ਲੌਂਗੋਵਾਲ (ਵਸ਼ਿਸ਼ਟ, ਵਿਜੇ) - ਪਿਛਲੇ ਮਹੀਨੇ ਤੋਂ ਮਿਡਲ ਈਸਟ ’ਚ ਚੱਲ ਰਹੀ ਆਪਸੀ ਜੰਗ ਕਾਰਨ ਭਾਵੇਂ ਦੇਸ਼ ਅੰਦਰ ਐੱਲ. ਪੀ. ਜੀ. ਦੀ ਸਪਲਾਈ ਕੁਝ ਪ੍ਰਭਾਵਿਤ ਹੋਈ ਹੈ ਪਰ ਬਾਕੀ ਸ਼ਹਿਰਾਂ ਨਾਲੋ ਲੌਂਗੋਵਾਲ ਇਲਾਕੇ ਦੇ ਲੋਕ ਐੱਲ. ਪੀ. ਜੀ. ਗੈਸ ਸਿਲੰਡਰ ਨਾ ਮਿਲਣ ਕਾਰਨ ਜ਼ਿਆਦਾ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਖਪਤਕਾਰਾਂ ਅਨੁਸਾਰ ਆਪਣੀਆਂ ਮਨਮਰਜੀਆਂ ਕਾਰਨ ਇਥੋਂ ਦੀ ਇੰਡੈਨ ਗੈਸ ਏਜੰਸੀ ਪਿਛਲੇ ਮਹੀਨੇ ਤੋਂ ਸੁਰਖੀਆਂ ’ਚ ਹੈ।
ਇਸ ਸਬੰਧ ’ਚ ਕਾਮਰੇਡ ਸੱਤਪਾਲ ਸੱਤਾ (ਫਰੀਡਮ ਫਾਈਟਰ) ਭਾਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਬੂਟਾ ਸਿੰਘ ਅਕਾਲੀ,ਗੁਰਮੇਲ ਸਿੰਘ ਗੇਲੀ, ਦਰਸ਼ਨ ਸਿੰਘ ਮੰਤਰੀ, ਚੰਦੂ ਸਿੰਘ, ਆਰ. ਐੱਮ. ਪੀ. ਆਈ. ਦੇ ਜ਼ਿਲਾ ਕਮੇਟੀ ਮੈਂਬਰ ਕਾਮਰੇਡ ਗੁਲਜ਼ਾਰ ਸਿੰਘ ਨੇ ਕਿਹਾ ਕਿ ਗੈਸ ਸਿਲੰਡਰਾਂ ਦੀ ਕਥਿਤ ਫਰਜ਼ੀ ਸੇਲ, ਸਿਲੰਡਰ ਰੀਫਿਲ ਕਰਵਾਉਣ ਸਮੇਂ ਜਬਰੀ ਪਾਈਪ ਵੇਚਣ, ਹੋਮ ਡਲਿਵਰੀ ਨਾ ਮਾਤਰ ਕਰਨ ਤੋਂ ਇਲਾਵਾ ਸ਼ਹਿਰ ’ਚ ਬਲੈਕ ’ਚ ਸਿਲੰਡਰਾਂ ਦੀ ਵਿਕਰੀ ਹੋ ਰਹੀ ਹੈ। ਜਦਕਿ ਆਮ ਲੋਕਾਂ ਨੂੰ ਏਜੰਸੀ ’ਚ ਜਾ ਕੇ ਧੱਕੇ ਖਾਣੇ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਏਜੰਸੀ ਵਾਲਿਆਂ ਵੱਲੋਂ ਸਿਲੰਡਰ ਬੁੱਕ ਕਰਵਾਉਣ ਦੇ ਮਾਮਲੇ ’ਚ ਖਪਤਕਾਰਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਲੌਂਗੋਵਾਲ ਸ਼ਹਿਰੀ ਖੇਤਰ ਹੈ, ਇਥੇ ਖਪਤਕਾਰ 25 ਦਿਨਾਂ ਬਾਅਦ ਸਿਲੰਡਰ ਬੁੱਕ ਕਰਵਾ ਸਕਦੇ ਹਨ ਜਦਕਿ 45 ਦਿਨ ਦੀ ਗੱਲ ਪ੍ਰਚਾਰ ਕੀਤੀ ਜਾ ਰਹੀ ਹੈ ਅਤੇ ਏਜੰਸੀ ਵੱਲੋਂ ਸਿਲੰਡਰ ਦੇ ਨਾਲ ਪਾਈਪ ਧੱਕੇ ਨਾਲ ਦਿੱਤੇ ਜਾ ਰਹੇ ਹਨ।
ਇਸ ਦੌਰਾਨ ਕਾਮਰੇਡ ਸੱਤਾ ਨੇ ਕਿਹਾ ਏਜੰਸੀ ਦਫਤਰ ’ਚ ਜਾ ਕੇ ਜਦ ਮੈਂ ਵਿਰੋਧ ਕੀਤਾ ਤਾਂ ਵੀ ਮੇਰੇ ਸਾਹਮਣੇ 10 ਖਪਤਕਾਰਾਂ ਨੂੰ ਪਾਈਪ ਧੱਕੇ ਨਾਲ ਦਿੱਤੇ ਗਏ। ਉਨ੍ਹਾਂ ਕਿਹਾ ਜਦ ਇਹ ਮਾਮਲਾ ਫੂਡ ਸਪਲਾਈ ਇੰਸਪੈਕਟਰ ਦੇ ਧਿਆਨ ’ਚ ਕਰਵਾਇਆ ਤਾਂ ਉਸ ਨੇ ਵੀ ਟਾਲ-ਮਟੋਲ ਹੀ ਕਰ ਦਿੱਤੀ ਅਤੇ ਕੋਈ ਠੋਸ ਜਵਾਬ ਨਹੀਂ ਦਿੱਤਾ।
ਇਸ ਦੌਰਾਨ ਕੁਝ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ ਜਿੱਥੇ ਡੀ. ਏ. ਸੀ. ਨੰਬਰ ਆਉਣ ਤੋਂ ਬਾਅਦ ਖਪਤਕਾਰ ਨੂੰ ਸਿਲੰਡਰ ਡਲਿਵਰ ਹੋਣ ਦਾ ਮੈਸੇਜ ਆ ਜਾਂਦਾ ਹੈ ਜਦਕਿ ਖਪਤਕਾਰ ਕੋਲ ਸਿਲੰਡਰ ਨਹੀਂ ਪੁੱਜਦਾ। ਇਸੇ ਤਰ੍ਹਾਂ ਦਾ ਮਾਮਲਾ ਇਥੋਂ ਦੇ ਵਿਜੇ ਕੁਮਾਰ ਗੋਇਲ ਪੁੱਤਰ ਫਕੀਰ ਚੰਦ ਨੇ ਧਿਆਨ ’ਚ ਕਰਵਾਉਂਦਿਆਂ ਕਿਹਾ ਕਿ ਉਸ ਨੂੰ 11 ਮਾਰਚ ਨੂੰ ਸਿਲੰਡਰ ਡਲਿਵਰ ਹੋਣ ਦਾ ਮੈਸੇਜ ਆਇਆ ਸੀ ਅਤੇ ਸਿਲੰਡਰ ਅੱਜ ਤੱਕ ਨਹੀਂ ਮਿਲਿਆ। ਏਜੰਸੀ ’ਚ ਜਾਣ ’ਤੇ ਵੀ ਕੋਈ ਸੁਣਵਾਈ ਨਹੀਂ ਹੋਈ।
ਪਤੀ ਰੰਧਾਵਾ ਦੀ ਵਿਧਵਾ ਔਰਤ ਸੁਖਦੇਵ ਕੌਰ (72) ਨੇ ਗੈਸ ਏਜੰਸੀ ਵਾਲਿਆਂ ਵੱਲੋਂ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਚਮਕੌਰ ਸਿੰਘ ਸ਼ੇਰੋਂ ਨੇ ਦੱਸਿਆ ਕਿ ਇਕ ਦਿਨ ਅਚਾਨਕ ਹੀ ਉਸ ਦੇ ਫੋਨ ’ਤੇ ਸਿਲੰਡਰ ਡਲਿਵਰੀ ਹੋ ਗਿਆ ਹੈ ਦਾ ਟੈਕਸਟ ਮੈਸੇਜ ਆ ਗਿਆ ਜਦਕਿ ਉਸ ਨੇ ਸਿਲੰਡਰ ਬੁੱਕ ਹੀ ਨਹੀਂ ਕੀਤਾ ਸੀ।
ਇਸ ਸਬੰਧ ’ਚ ਜਦ ਫੂਡ ਸਪਲਾਈ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਬਲੈਕ ’ਚ ਸਿਲੰਡਰ ਵਿਕਣ ਸਬੰਧੀ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਅਤੇ ਵਿਭਾਗ ਵੱਲੋਂ ਏਜੰਸੀ ਦਾ ਵਾਰ-ਵਾਰ ਸਟਾਕ ਚੈੱਕ ਕੀਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਏਜੰਸੀ ਪ੍ਰਬੰਧਕਾਂ ਨੂੰ ਅਪਣੇ ਪ੍ਰਬੰਧਾਂ ’ਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਇੱਕ ਵਾਰ ਮੁੜ ਕਿਸਾਨਾਂ ਦੇ ਚਿਹਰੇ ਮੁਰਝਾਏ
NEXT STORY