ਲੁਧਿਆਣਾ (ਮਹੇਸ਼)-ਜੋਧੇਵਾਲ ਦੀ ਆਨੰਦਪੁਰੀ ਕਾਲੋਨੀ ਵਿਚ ਸ਼ੁੱਕਰਵਾਰ ਦਰਮਿਆਨੀ ਰਾਤ ਨੂੰ ਚੋਰ ਇਕ ਹੌਜ਼ਰੀ ਕਾਰੋਬਾਰੀ ਦੇ ਘਰੋਂ ਸੰਨ੍ਹਮਾਰੀ ਕਰ ਕੇ 1.50 ਲੱਖ ਰੁਪਏ ਦੀ ਨਕਦੀ, 3 ਲੱਖ ਦੇ ਸੋਨੇ-ਚਾਂਦੀ ਦੇ ਗਹਿਣੇ ਆਦਿ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਵਾਰਦਾਤ ਸਮੇਂ ਘਰ ਦਾ ਮਾਲਕ ਬਲਵਿੰਦਰ ਸਿੰਘ ਪਤਨੀ ਅਤੇ ਬੱਚਿਆਂ ਦੇ ਨਾਲ ਆਪਣੇ ਭਰਾ ਦੇ ਘਰ ਸੌਣ ਗਿਆ ਹੋਇਆ ਸੀ। ਘਰ ਦੇ ਥੱਲੇ ਵਾਲੇ ਹਿੱਸੇ ਵਿਚ ਉਸ ਨੇ ਹੌਜ਼ਰੀ ਲਾਈ ਹੈ ਜਦੋਂਕਿ ਇਮਾਰਤ ਦੇ ਉੱਪਰਲੇ ਹਿੱਸੇ ਵਿਚ ਉਸ ਦੀ ਰਿਹਾਇਸ਼ ਹੈ। ਬੀਤੇ ਸ਼ਨੀਵਾਰ ਉਸ ਦੀ ਮਾਤਾ ਦਾ ਅਚਾਨਕ ਦਿਹਾਂਤ ਹੋਣ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਇਕ ਹੀ ਛੱਤ ਦੇ ਥੱਲੇ ਸੌਂਦੇ ਸਨ। ਸ਼ੁੱਕਰਵਾਰ ਰਾਤ ਨੂੰ ਬਲਵਿੰਦਰ ਦਾ ਸਾਰਾ ਪਰਿਵਾਰ ਮਨਮੋਹਨ ਦੇ ਘਰ ਗਿਆ ਹੋਇਆ ਸੀ। ਬੱਚਿਆਂ ਦੇ ਐਗਜ਼ਾਮ ਚੱਲ ਰਹੇ ਹਨ, ਇਸ ਕਾਰਨ ਉਹ ਸਵੇਰ 6 ਵਜੇ ਆਪਣੇ ਪਿਤਾ ਨਾਲ ਤਿਆਰ ਹੋਣ ਲਈ ਘਰ ਆਏ। ਘਰ ਦੇ ਮੇਨ ਗੇਟ ਦਾ ਲਾਕ ਟੁੱਟਿਆ ਹੋਇਆ ਸੀ। ਉਸ ਨੇ ਉੱਪਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਵਿਚ ਰੱਖੀ ਉਕਤ ਨਕਦੀ, 8 ਤੋਲੇ ਸੋਨੇ ਦੇ ਗਹਿਣੇ, ਅੱਧਾ ਕਿਲੋ ਚਾਂਦੀ ਸਮੇਤ ਹੋਰ ਕੀਮਤੀ ਸਾਮਾਨ ਗਾਇਬ ਸੀ। ਉਸ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ। ਵਧੀਕ ਥਾਣਾ ਮੁਖੀ ਸਬ ਇੰਸਪੈਕਟਰ ਲਖਬੀਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਹੋਈ। ਪੁਲਸ ਨੂੰ ਸ਼ੱਕ ਹੈ ਕਿ ਵਾਰਦਾਤ ਪਿੱਛੇ ਕਿਸੇ ਭੇਤੀ ਦਾ ਹੱਥ ਹੈ, ਜਿਸ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਬਲਵਿੰਦਰ ਦਾ ਪਰਿਵਾਰ ਰਾਤ ਨੂੰ ਆਪਣੇ ਭਰਾ ਦੇ ਸੌਂਦਾ ਹੈ।
ਪਿੰਡੀ ਬੈਗਜ਼ ’ਚ ਆਨਲਾਈਨ ਸਸਤੇ ਬ੍ਰਾਂਡਿਡ ਬੈਗ ਢੇਰ ਸਾਰੇ ਆਫਰਜ਼ ਨਾਲ
NEXT STORY