ਲੁਧਿਆਣਾ (ਹਿਤੇਸ਼) : ਮਾਨਸੂਨ ਦੀ ਦਸਤਕ ਦੇ ਨਾਲ ਹੀ ਨਗਰ ਨਿਗਮ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਨਜਿੱਠਣ ਲਈ ਲੱਕ ਬੰਨ੍ਹ ਲਿਆ ਹੈ। ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਦੱਸਿਆ ਕਿ ਇਕ ਫਲੱਡ ਕੰਟਰੋਲ ਰੂਮ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜੋ ਤਿੰਨ ਸ਼ਿਫਟਾਂ 'ਚ 24 ਘੰਟੇ ਕੰਮ ਕਰੇਗਾ, ਜਿੱਥੇ ਲੋਕ ਸੀਵਰੇਜ ਜਾਮ ਜਾਂ ਕੂੜੇ ਦੀ ਲਿਫਟਿੰਗ ਨਾ ਹੋਣ ਸਬੰਧੀ ਸ਼ਿਕਾਇਤ ਕਰ ਸਕਦੇ ਹਨ। ਉਸ ਦੀ ਸੂਚਨਾ ਸਬੰਧਤ ਸ਼ਾਖਾ ਦੇ ਅਫਸਰਾਂ ਨੂੰ ਦਿੱਤੀ ਜਾਵੇਗੀ ਅਤੇ ਮੁਲਾਜ਼ਮਾਂ ਵੱਲੋਂ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਵਾਪਸ ਕੰਟਰੋਲ ਰੂਮ 'ਤੇ ਰਿਪੋਰਟ ਦੇਣੀ ਹੋਵੇਗੀ।
ਜ਼ੋਨਲ ਕਮਿਸ਼ਨਰ ਦੀ ਅਗਵਾਈ 'ਚ ਬਣਾਈਆਂ ਟੀਮਾਂ
ਕਮਿਸ਼ਨਰ ਦੇ ਮੁਤਾਬਕ ਬਰਸਾਤ ਦੇ ਦਿਨਾਂ 'ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਜ਼ੋਨਲ ਕਮਿਸ਼ਨਰ ਦੀ ਅਗਵਾਈ 'ਚ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਓ ਐਂਡ ਐੱਮ ਸੈੱਲ, ਬੀ. ਐਂਡ ਆਰ. ਸ਼ਾਖਾ ਅਤੇ ਹੈਲਥ ਸ਼ਾਖਾ ਦੇ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਬੁੱਢੇ ਨਾਲੇ ਦੇ ਕੰਢੇ ਹੋਵੇਗੀ ਪੈਟ੍ਰੋਲਿੰਗ
ਕਮਿਸ਼ਨਰ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਸਫਾਈ ਲਈ ਆਪਣੇ ਤੌਰ 'ਤੇ ਪੋਕਲੇਨ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਨਾਲੇ 'ਚੋਂ ਨਿਕਲਣ ਵਾਲੇ ਮਲਬੇ ਦੀ ਰੈਗੂਲਰ ਤੌਰ 'ਤੇ ਲਿਫਟਿੰਗ ਕਰਵਾਈ ਜਾ ਰਹੀ ਹੈ, ਜਦੋਂ ਕਿ ਬਾਰਸ਼ ਦੇ ਦਿਨਾਂ 'ਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਇਲਾਕਿਆਂ 'ਚ ਦਾਖਲ ਹੋਣ ਦੀ ਸਮੱਸਿਆ ਦੇ ਮੱਦੇਨਜ਼ਰ ਕੰਢੇ 'ਤੇ ਪੈਟ੍ਰੋਲਿੰਗ ਕਰਨ ਲਈ ਮੁਲਾਜ਼ਮ ਦੀ ਡਿਊਟੀ ਲਗਾਈ ਗਈ ਹੈ।
ਹੇਠਲੇ ਇਲਾਕਿਆਂ 'ਚ ਲਗਾਈ 242 ਮੁਲਾਜ਼ਮਾਂ ਦੀ ਡਿਊਟੀ
ਨਗਰ ਨਿਗਮ ਵੱਲੋਂ ਬਾਰਸ਼ ਦੇ ਦਿਨਾਂ 'ਚ ਹੇਠਲੇ ਇਲਾਕਿਆਂ 'ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੋਣ ਦੇ ਮੱਦੇਨਜ਼ਰ ਵੀ ਪ੍ਰਬੰਧ ਕੀਤੇ ਗਏ ਹਨ, ਜਿਸ ਦੇ ਤਹਿਤ ਏਰੀਆ ਵਾਇਜ਼ 242 ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ।
ਤਲਵੰਡੀ ਭਾਈ 'ਚ ਕੋਰੋਨਾ ਧਮਾਕਾ, ਇੱਕੋ ਦਿਨ 3 ਨਵੇਂ ਮਾਮਲੇ ਆਏ ਸਾਹਮਣੇ
NEXT STORY